ਜੀ ਐਸ ਪੰਨੂ
ਪਾਤੜਾਂ, 07 ਫਰਵਰੀ,2022: ਕਿਸਾਨ ਜੱਥੇਬੰਦੀਆਂ ਵੱਲੋਂ ਸਮੁੱਚੇ ਸਕੂਲਾਂ ਨੂੰ ਬਿਨ੍ਹਾਂ ਸ਼ਰਤ ਖੋਲ੍ਹਣ ਅਤੇ ਕਿਸਾਨ ਮੰਗਾਂ ਨੂੰ ਲੈ ਕੇ ਦਿੱਤੇ ਚੱਕਾ ਜਾਮ ਦੇ ਸੱਦੇ ਨੂੰ ਪਾਤੜਾਂ ਇਲਾਕੇ ਦੀਆਂ ਜੱਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਦਿੰਦਿਆਂ ਦੋ ਘੰਟਿਆਂ ਲਈ ਪਟਿਆਲ਼ਾ-ਸੰਗਰੂਰ ਕੈਂਚੀਆਂ ਵਿੱਚ ਮੁਕੰਮਲ ਜਾਮ ਲਗਾਇਆ ਗਿਆ। ਚੱਕਾ ਜਾਮ ਵਿੱਚ ਕਿਰਤੀ ਕਿਸਾਨ ਯੂਨੀਅਨ,ਪੰਜਾਬ ਸਟੂਡੈਂਟਸ ਯੂਨੀਅਨ,ਡੈਮੋਕਰੇਟਿਕ ਟੀਚਰਜ਼ ਫਰੰਟ,ਨੌਜਵਾਨ ਭਾਰਤ ਸਭਾ,ਐਫੀਲਿਏਟਡ ਸਕੂਲ ਐਸੋਸ਼ਿਏਸ਼ਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ,ਵਿਦਿਆਰਥੀਆਂ,ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਜਾਮ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਮਿੰਦਰ ਪਟਿਆਲਾ,ਵਿਦਿਆਰਥੀ ਆਗੂ ਗੁਰਮੀਤ ਸਿੰਘ ਅਤੇ ਅਧਿਆਪਕ ਆਗੂ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਜਦੋਂ ਸਮੁੱਚੀ ਵਪਾਰਕ,ਚੁਣਾਵੀ ਅਤੇ ਸਮਾਜਿਕ ਗਤੀਵਿਧੀਆਂ ਬਿਨਾਂ ਕਿਸੇ ਬੰਦਿਸ਼ ਦੇ ਖੁੱਲ੍ਹੀਆਂ ਹਨ ਤਾਂ ਕਰੋਨਾ ਬਿਮਾਰੀ ਦੀ ਆੜ ਹੇਠ ਕੇਵਲ ਵਿੱਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਪਿੱਛੇ,ਸਰਕਾਰ ਦੇ ਕਾਰਪੋਰੇਟ ਵਿਦਿਅਕ ਮਾਡਲ ਨੂੰ ਅੱਗੇ ਵਧਾਉਣ ਸਮੇਤ ਡਾਟਾ ਕੰਪਨੀਆਂ,ਆਨਲਾਈਨ ਮੀਟਿੰਗ ਪਲੇਟਫ਼ਾਰਮਾਂ ਨੂੰ ਖੁੱਲੇ ਮੁਨਾਫ਼ੇ ਕਮਾਉਣ ਦੀ ਛੋਟ ਦੇਣ ਦਾ ਮਕਸਦ ਕੰਮ ਕਰ ਰਿਹਾ ਹੈ।ਜਿਸ ਨਾਲ਼ ਪਹਿਲਾਂ ਤੋਂ ਕਮਜ਼ੋਰ ਜਨਤਕ ਵਿੱਦਿਆ ਪ੍ਰਬੰਧ ਹੋਰ ਕਮਜ਼ੋਰ ਹੋਵੇਗਾ। ਉਹਨਾਂ ਸਾਰੇ ਵਿਦਿਆਰਥੀਆਂ ਦੀ ਹਾਜ਼ਰੀ ਨਾਲ ਪਹਿਲੀ ਜਮਾਤ ਤੋਂ ਸਕੂਲਾਂ,ਕਾਲਜਾਂ,ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਖੋਲਣ ਦਾ ਫੌਰੀ ਐਲਾਨ ਕਰਨ ਦੀ ਮੰਗ ਕੀਤੀ।
ਕਿਸਾਨ ਆਗੂ ਦਲਜਿੰਦਰ ਸਿੰਘ,ਲਾਭ ਸਿੰਘ ਅਤੇ ਯੂਥ ਵਿੰਗ ਦੇ ਆਗੂ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਕਾਰਪੋਰੇਟ ਖੇਤੀ ਮਾਡਲ ਅਤੇ ਇਸ ਮਾਡਲ ਦੇ ਸਿੱਟੇ ਵੱਜੋਂ ਪੰਜਾਬ ਦੇ ਕਿਸਾਨਾਂ ਸਿਰ ਚੜੇ ਕਰੋੜਾਂ ਰੁਪਏ ਦੇ ਕਰਜ਼ਿਆਂ ਨੂੰ ਰੱਦ ਕਰਨ ਬਾਰੇ ਮੁੱਖਧਾਰਾ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਕੋਈ ਹੱਲ ਪੇਸ਼ ਕਰਨ ਤੋਂ ਫੇਲ ਸਾਬਤ ਹੋਈਆਂ ਹਨ। ਉਹਨਾਂ ਕਿਸਾਨਾਂ ਦੇ ਸਮੁੱਚੇ ਕਰਜ਼ਿਆਂ ਤੇ ਲੀਕ ਮਾਰਨ ਦੀ ਮੰਗ ਕਰਦਿਆਂ ਗੁਲਾਬੀ ਸੁੰਢੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਜਾਰੀ ਕਰਨ, ਗੰਨੇ ਦੇ ਭਾਅ ਵਾਧੇ ਸੰਬੰਧੀ ਕੀਤੇ ਐਲਾਨ ਨੂੰ ਲਾਗੂ ਕਰਵਾਉਣ, ਅਤੇ ਭਾਰੀ ਬਰਸਾਤ ਕਾਰਨ ਫਸਲਾਂ ਦੇ ਖ਼ਰਾਬੇ ਦੀ ਸਮਾਂਬੱਧ ਗਿਰਦਾਵਰੀ ਕਰਵਾਕੇ ਮੁਆਵਜ਼ਾ ਜਾਰੀ ਕਰਵਾਉਣ ਦਾ ਮੁੱਦਾ ਮੁੱਖ ਤੌਰ ਤੇ ਉਭਾਰਿਆ।
ਇਸ ਚੱਕਾ ਜਾਮ ਨੂੰ ਕਿਸਾਨ ਆਗੂ ਕਰਮਜੀਤ ਸਿੰਘ, ਅਮਰਿੰਦਰ ਸਿੰਘ,ਮੁਲਾਜ਼ਮ ਆਗੂ ਗੁਰਜੀਤ ਘੱਗਾ ਅਤੇ ਅਧਿਆਪਕ ਆਗੂ ਦਵਿੰਦਰ ਘੱਗਾ ਨੇ ਵੀ ਸੰਬੋਧਨ ਕੀਤਾ।ਇਹਨਾਂ ਤੋਂ ਇਲਾਵਾ ਸੁੱਖਵਿੰਦਰ ਸਿੰਘ ਸੁੱਖਾ,ਕਮਲ ਕੁਮਾਰ,ਜਸਪਾਲ ਖਾਂਗ,ਹੈਪੀ ਕਲਵਾਨੂੰ,ਭੋਲ਼ਾ ਸਿੰਘ, ਦੀਪ ਹਰਿਆਊ,ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੰਘਰਸ਼ੀਲ ਲੋਕਾਂ ਨੇ ਜਾਮ ਵਿੱਚ ਸ਼ਮੂਲੀਅਤ ਕੀਤੀ।