ਪ੍ਰਧਾਨ ਮੰਤਰੀ ਮੋਦੀ ਦੀ ਅਬੋਹਰ ਵਿਖੇ ਆਮਦ ਤੇ 17 ਫਰਵਰੀ ਨੂੰ ਨੈਸ਼ਨਲ ਹਾਈਵੇ ਰਹੇਗਾ ਬੰਦ
ਸ੍ਰੀ ਮੁਕਤਸਰ ਸਾਹਿਬ 15 ਫਰਵਰੀ 2022 - ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 17 ਫਰਵਰੀ 2022 ਨੂੰ ਅਬੋਹਰ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਦੇ ਚਲਦਿਆਂ ਗਿੱਦੜਬਾਹਾ-ਮਲੋਟ-ਅਬੋਹਰ ਨੈਸ਼ਨਲ ਹਾਈਵੇ 7 ( ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ) ਬੰਦ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਰੂਟ ਦੇ ਬੰਦ ਹੋਣ ਕਾਰਨ ਹਰ ਤਰ੍ਹਾਂ ਦਾ ਟਰੈਫਿਕ ਬਾਦਲ, ਡੱਬਵਾਲੀ, ਸੀਤੋਗੁਣੋ ਰੋਡ ਤੋਂ ਜਾ ਕੇ ਅਬੋਹਰ ਜਾ ਸਕਦਾ ਹੈ।
ਸੂਦਨ ਨੇ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇ ਨਜ਼ਰ ਇਸ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਆਮ ਨਾਗਰਿਕਾਂ ਅਤੇ ਅਮਰਜੈਂਸੀ ਗੱਡੀਆਂ ਦੀ ਸੰਚਾਰੂ ਆਵਾਜਾਈ ਲਈ ਬਦਲਵੇ ਪ੍ਰਬੰਧ ਕੀਤੇ ਗਏ ਹਨ।
ਇਹਨਾਂ ਬਦਲਵੇਂ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਜੋ ਟਰੈਫਿਕ ਬਠਿੰਡਾ ਵਾਲੇ ਪਾਸੋਂ ਗਿੱਦੜਬਾਹਾ, ਮਲੋਟ ਜਾਂ ਅਬੋਹਰ ਵਾਲੇ ਪਾਸੇ ਜਾਣਾ ਹੈ, ਉਸ ਨੂੰ ਹੁਣ ( 17 ਫਰਵਰੀ 2022 ) ਨੂੰ ਵਾਇਆ ਬਠਿੰਡਾ ਤੋਂ ਘੁੱਦਾ, ਘੁੱਦੇ ਤੋਂ ਬਾਦਲ, ਬਾਦਲ ਤੋਂ ਲੰਬੀ ਅਤੇ ਲੰਬੀ ਤੋਂ ਮਲੋਟ ਜਾ ਸਕਦਾ ਹੈ।ਇਸ ਤੋਂ ਇਲਾਵਾ ਬਠਿੰਡਾ ਤੋਂ ਡੱਬਵਾਲੀ, ਡੱਬਵਾਲੀ ਤੋਂ ਸੀਤੋਗੁਣੋ ਅਤੇ ਅਬੋਹਰ ਪਹੁੰਚ ਸਕਦਾ ਹੈ।ਇਸੇ ਤਰ੍ਹਾਂ ਹੀ ਅਬੋਹਰ ਤੋਂ ਬਠਿੰਡਾ ਜਾਣ ਵਾਲੇ ਵੀ ਇਸੇ ਰੂਟ ਦੀ ਵਰਤੋ ਕਰ ਸਕਦੇ ਹਨ।
ਜਦਕਿ ਗਿੱਦੜਬਾਹਾ ਤੋਂ ਜਾਣ ਵਾਲੇ ਲੰਬੀ, ਲੰਬੀ ਤੋਂ ਬਾਦਲ ਅਤੇ ਬਾਦਲ ਤੋਂ ਘੁੱਦੇ ਹੁੰਦੇ ਹੋਏ ਬਠਿੰਡਾ ਪਹੁੰਚ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਗਿੱਦੜਬਾਹਾ-ਮਲੋਟ-ਅਬੋਹਰ ਨੈਸ਼ਨਲ ਹਾਈਵੇ 7 ਤੋਂ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।