ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਵਿਚ 65.7 ਫੀਸਦੀ ਵੋਟਿੰਗ
- ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਈ ਵੋਟਾਂ ਪਾਉਣ ਦੀ ਪ੍ਰਕਿ੍ਆ
- ਸਭ ਤੋਂ ਵੱਧ ਸੁਲਤਾਨਪੁਰ ਲੋਧੀ ਹਲਕੇ ਵਿਚ ਹੋਈ 71.3 ਫੀਸਦੀ ਵੋਟਿੰਗ
- ਜਿਲ੍ਹਾ ਚੋਣ ਅਫਸਰ ਵਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦਾ ਸਨਮਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ ਲਈ ਕਪੂਰਥਲਾ ਹਲਕੇ ਵਿਚ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨੇਪਰੇ ਚੜ੍ਹਿਆ , ਜਿਸ ਦੌਰਾਨ ਜਿਲ੍ਹੇ ਵਿਚ ਕੁੱਲ 65.7 ਫੀਸਦੀ ਵੋਟਿੰਗ ਹੋਈ।
ਜਿਲ੍ਹੇ ਦੇ ਕਪੂਰਥਲਾ ਹਲਕੇ ਅੰਦਰ 64.1 ਫੀਸਦੀ, ਭਲੁੱਥ ਹਲਕੇ ਅੰਦਰ 65 ਫੀਸਦੀ, ਸੁਲਤਾਨਪੁਰ ਲੋਧੀ ਹਲਕੇ ਅੰਦਰ 71.3 ਫੀਸਦੀ ਤੇ ਫਗਵਾੜਾ (ਰਾਖਵੇਂ ) ਹਲਕੇ ਅੰਦਰ 63.3 ਫੀਸਦੀ ਵੋਟਿੰਗ ਹੋਈ ਹੈ।
ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਕਪੂਰਥਲਾ ਹਲਕੇ ਦੇ 132 ਨੰਬਰ ਬੂਥ ਦਾ ਦੌਰਾ ਕਰਨ ਦੇ ਨਾਲ-ਨਾਲ ਆਪਣੀ ਵੋਟ ਵੀ ਪਾਈ ਗਈ। ਉਨ੍ਹਾਂ ਇਸ ਮੌਕੇ ਪਹਿਲੀ ਵਾਰ ਵੋਟ ਪਾ ਰਹੇ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦਾ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨ ਵੀ ਕੀਤਾ।
ਵੋਟਰਾਂ ਵਿਚ ਉਤਸ਼ਾਹ ਪੈਦਾ ਕਰਨ ਤੇ ਵੋਟਿੰਗ ਨੂੰ ਤਿਉਹਾਰ ਵਜੋਂ ਮਨਾਉਣ ਦੇ ਮਕਸਦ ਨਾਲ 24 ਮਾਡਲ ਪੋਲਿੰਗ ਸਟੇਸ਼ਨਾਂ , 20 ‘ਪਿੰਕ ਬੂਥਾਂ ’ਤੇ ਵੋਟਰਾਂ ਦਾ ਢੋਲ ਵਜਾਕੇ , ਫੁੱਲ ਦੇ ਕੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗ ਵੋਟਰਾਂ ਦਾ ਵੀ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਬਜ਼ੁਰਗ ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਨੂੰ ਵੋਟ ਪਾਉਣ ਵਿਚ ਸਹਾਇਤਾ ਲਈ ਆਵਾਜਾਈ ਦੀ ਸਹੂਲਤ ਵੀ ਦਿੱਤੀ ਗਈ।
ਜਿਲ੍ਹਾ ਚੋਣ ਅਫਸਰ ਵਲੋਂ ਆਪਣੀ ਵੋਟ ਪਾਉਣ ਵੇਲੇ ਪੋਲਿੰਗ ਬੂਥ ਉੱਪਰ ਸਥਾਪਿਤ ਕੀਤੇ ਗਏ ‘ ਸ਼ੇਰਾ ’ ਦੇ ਕੱਟ ਆਊਟ ਨਾਲ ਸੈਲਫੀ ਵੀ ਲਈ ਗਈ। ਨੌਜਵਾਨਾਂ ਤੇ ਲੜਕੀਆਂ ਵਲੋਂ ਪੋਲਿੰਗ ਬੂਥਾਂ ਉੱਪਰ ਬਣਾਏ ਗਏ ਸੈਲਫੀ ਪੁਆਇੰਟਾਂ ਵਿਖੇ ਤਸਵੀਰਾਂ ਲੈ ਕੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ।
‘ਪਿੰਕ ਬੂਥ’ ਚੋਣ ਅਮਲ ਦੌਰਾਨ ਖਿੱਚ ਦਾ ਕੇਂਦਰ ਬਣੇ ਰਹੇ ਜਿਸ ਦੌਰਾਨ ਉਥੇ ਪੂਰੇ ਬੂਥ ਨੂੰ ਗੁਲਾਬੀ ਰੰਗ ਵਿਚ ਰੰਗਣ ਤੋਂ ਇਲਾਵਾ ਤਾਇਨਾਤ ਮਹਿਲਾ ਕਰਮਚਾਰੀਅਾਂ ਵਲੋਂ ਕੱਪੜੇ ਤੇ ਚੁੰਨੀਆਂ ਵੀ ਗੁਲਾਬੀ ਰੰਗ ਦੀਆਂ ਲੈ ਕੇ ਮਹਿਲਾ ਸ਼ਸ਼ਕਤੀਕਰਨ ਦਾ ਸੁਨੇਹਾ ਦਿੱਤਾ ਗਿਆ।
ਜਿਲ੍ਹਾ ਚੋਣ ਅਫਸਰ ਵਲੋਂ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਹੋਣ ’ਤੇ ਚੋਣ ਅਮਲੇ , ਸੁਰੱਖਿਆ ਦਸਤਿਆਂ ਤੇ ਵਿਸ਼ੇਸ਼ ਕਰਕੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਗਿਆ।