ਬਰਜਿੰਦਰ ਸਿੰਘ ਹੁਸੈਨਪੁਰ ਦੀ ਪੁੱਛਗਿੱਛ ਲਈ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ
- ਸਮਝੌਤੇ ਤੋਂ ਬਾਅਦ ਗ੍ਰਿਫਤਾਰੀ ‘ਤੇ ਸਵਾਲ
ਨਵਾਂਸ਼ਹਿਰ 04 ਫਰਵਰੀ 2022 - ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ. ਬਰਜਿੰਦਰ ਸਿੰਘ ਹੁਸੈਨਪੁਰ ਨੂੰ ਬੀਤੀ ਰਾਤ ਦਸ ਵਜੇ ਦੇ ਕਰੀਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਰਿਟਰਨਿੰਗ ਅਫਸਰ ਨਵਾਂਸ਼ਹਿਰ ਵਲੋਂ ਕੀਤੀ ਸ਼ਿਕਾਇਤ ਨੂੰ ਅਧਾਰ ਬਣਾ ਕੇ ਥਾਣਾ ਸਿਟੀ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਘਟਨਾ ਨੇ ਨਾ ਸਿਰਫ ਲੋਕਾਂ ਨੂੰ ਹੈਰਾਨ ਕਰ ਦਿੱਤਾ ਸਗੋਂ ਲੋਕਾਂ ਵਿੱਚ ਰੋਹ ਵੀ ਦੇਖਣ ਨੂੰ ਮਿਲਿਆ ।
ਇਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਪਹਿਲਾਂ ਨਛੱਤਰ ਪਾਲ ਰਾਹੋਂ ਨੂੰ ਟਿਕਟ ਦਿੱਤੀ ਗਈ ਸੀ।ਉਸ ਤੋਂ ਬਾਅਦ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਉਮੀਦਵਾਰ ਬਦਲ ਕੇ ਨਛੱਤਰ ਪਾਲ ਦੀ ਜਗ੍ਹਾ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਟਿਕਟ ਦਿੱਤੀ ਗਈ ਸੀ।ਇੱਕ ਪਾਰਟੀ ਤੋਂ ਦੋ ਉਮੀਦਵਾਰਾਂ ਦੀ ਦਾਅਵੇਦਾਰੀ ਉਪਰੰਤ ਨਵਾਂਸ਼ਹਿਰ ਹਲਕੇ ਦੀ ਸਥਿਤੀ ਅਜੀਬੋ ਗਰੀਬ ਬਣ ਗਈ ਸੀ।ਬਸਪਾ ਆਗੂਆਂ ਵਲੋਂ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਇੱਕ ਪਾਰਟੀ ਵਲੋਂ ਇੱਕ ਹੀ ਹਲਕੇ ਤੋਂ ਦੋ ਵਿਅਕਤੀਆਂ ਨੂੰ ਟਿਕਟਾਂ ਕਿਵੇਂ ਦਿੱਤੀਆਂ ਗਈਆਂ।ਉਧਰ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਉਸਦੇ ਸਮਰਥਕਾਂ ਵਲੋਂ ਇਹ ਸਵਾਲ ਉਠਾਇਆ ਜਾਣ ਲੱਗਾ ਕਿ ਇਹ ਦੱਸਿਆ ਜਾਵੇ ਕਿ ਟਿਕਟ ‘ਤੇ ਦਸਤਖਤ ਬਸਪਾ ਸੁਪਰੀਮੋ ਮਾਇਆਵਤੀ ਦੇ ਹਨ ਜਾਂ ਨਹੀਂ।
ਰਿਟਰਨਿੰਗ ਅਫਸਰ ਵਲੋਂ ਬਹੁਜਨ ਸਮਾਜ ਪਾਰਟੀ ਤੋਂ ਸ਼ਪੱਸ਼ਟੀਕਰਨ ਮੰਗਿਆ ਗਿਆ ਕਿ ਦੂਜੀ ਟਿਕਟ ਸਬੰਧੀ ਉਹ ਆਪਣਾ ਪੱਖ ਦੇਵੇ।ਦੂਜੇ ਪਾਸੇ ਸ. ਹੁਸੈਨਪੁਰ ਅਤੇ ਉਹਨਾਂ ਦੇ ਸਮਰਥਕਾਂ ਦਾ ਤਰਕ ਸੀ ਕਿ ਜੇਕਰ ਆਰ.ਓ. ਟਿਕਟ ਦੀ ਪ੍ਰਮਾਣਿਕਤਾ ਦੇਖਣੀ ਚਾਹੁੰਦਾ ਹੈ ਤਾਂ ਉਸਨੂੰ ਇਹ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਟਿਕਟ ‘ਤੇ ਦਸਤਖਤ ਕੁਮਾਰੀ ਮਾਇਆਵਤੀ ਦੇ ਹਨ ਜਾਂ ਨਹੀਂ।ਇਸ ਦੌਰਾਨ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵਲੋਂ ਬਰਜਿੰਦਰ ਸਿੰਘ ਖਿਲਾਫ ਸੋਸ਼ਲ ਮੀਡੀਆ ‘ਤੇ ਕਾਫੀ ਅਪਸ਼ਬਦ ਵਰਤੇ ਗਏ।ਮਿਤੀ 03 ਫਰਵਰੀ ਨੂੰ ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅਤੇ ਨਵਾਂਸ਼ਹਿਰ ਤੋਂ ਪਹਿਲੇ ਉਮੀਦਵਾਰ ਨਛੱਤਰ ਪਾਲ ਵਲੋਂ ਬਰਜਿੰਦਰ ਸਿੰਘ ਹੁਸੈਨਪੁਰ ਨਾਲ ਸਮਝੌਤਾ ਕਰ ਲਿਆ ਗਿਆ ਹੈ ਜਿਸ ਵਿੱਚ ਲਿਖਤੀ ਰੂਪ ਵਿੱਚ ਸਪੱਸ਼ਟ ਕੀਤਾ ਗਿਆ ਕਿ ਪਿਛਲੇ ਦਿਨੀਂ ਨਵਾਂਸ਼ਹਿਰ ਹਲਕੇ ਤੋਂ ਬਸਪਾ ਉਮੀਦਵਾਰੀ ਬਾਰੇ ਜੋ ਭੰਬਲਭੂਸਾ ਪਿਆ ਸੀ ਉਹ ਗਲਤਫਹਿਮੀ ਅਤੇ ‘ਆਪਸੀ ਤਾਲਮੇਲ ਦੀ ਘਾਟ’ ਕਾਰਨ ਹੋਇਆ ਸੀ।ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਵਲੋਂ ਕਿਸੇ ਤਰ੍ਹਾਂ ਦੀ ਜਾਅਲਸਾਜ਼ੀ, ਨੌਸਰਬਾਜ਼ੀ ਨਹੀਂ ਕੀਤੀ ਗਈ।ਇੰਨਾ ਹੀ ਨਹੀਂ ਬਸਪਾ ਆਗੂਆਂ ਵਲੋਂ ਬਰਜਿੰਦਰ ਸਿੰਘ ਹੁਸੈਨਪੁਰ ਖਿਲਾਫ ਬੋਲੇ ਗਏ ਸ਼ਬਦ ਵਾਪਸ ਵੀ ਲਏ ਗਏ।ਦਿਲਚਸਪ ਗੱਲ ਇਹ ਸੀ ਕਿ ਨਾਮਜ਼ਦਗੀ ਪੇਪਰਾਂ ਦੀ ਜਾਂਚ ਸਮੇਂ ਜਸਬੀਰ ਸਿੰਘ ਗੜ੍ਹੀ, ਬਰਜਿੰਦਰ ਸਿੰਘ ਹੁਸੈਨਪੁਰ ਅਤੇ ਨਛੱਤਰ ਪਾਲ ਇਕੱਠੇ ਹੀ ਆਰ.ਓ. ਦਫਤਰ ਗਏ।
ਇਸ ਉਪਰੰਤ 03 ਫਰਵਰੀ ਨੂੰ ਬਰਜਿੰਦਰ ਸਿੰਘ ਹੁਸੈਨਪੁਰ ਦੇ ਕਾਗਜ਼ਾਤ ਤਕਨੀਕੀ ਅਧਾਰ ‘ਤੇ ਰੱਦ ਕੀਤੇ ਗਏ।ਇਸ ਤੋਂ ਬਾਅਦ ਇੱਕ ਘੰਟੇ ਬਾਅਦ ਪੰਜਾਬ ਬਸਪਾ ਆਗੂ ਜਸਬੀਰ ਸਿੰਘ ਗੜ੍ਹੀ, ਨਛੱਤਰ ਪਾਲ, ਜਰਨੈਲ ਸਿੰਘ ਵਾਹਦ ਅਤੇ ਵੱਡੀ ਗਿਣਤੀ ਵਿੱਚ ਆਗੂ ਬਰਜਿੰਦਰ ਸਿੰਘ ਹੁਸੈਨਪੁਰ ਦੇ ਘਰ ਪਹੁੰਚੇ ਅਤੇ ਉਸਦੇ ਪਿਤਾ ਮਹਿੰਦਰ ਸਿੰਘ ਹੁਸੈਨਪੁਰ ਦਾ ਜਨਮਦਿਨ ਮਨਾਉਂਦਿਆਂ ਭਵਿੱਖ ਵਿੱਚ ਇਕੱਠੇ ਰਹਿਣ ਦਾ ਫੈਸਲਾ ਕੀਤਾ।ਕੁਝ ਘੰਟੇ ਬਾਅਦ ਰਾਤ ਨੂੰ ਦਸ ਵਜੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵਲੋਂ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਥਾਣੇ ਬੁਲਾ ਲਿਆ ਗਿਆ।ਜਿਥੇ ਜਾ ਕੇ ਪਤਾ ਲੱਗਿਆ ਕਿ ਸ. ਹੁਸੈਨਪੁਰ ਖਿਲਾਫ ਰਿਟਰਨਿੰਗ ਅਫਸਰ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।ਸ. ਹੁਸੈਨਪੁਰ ‘ਤੇ ਲੋਕ ਪ੍ਰਤੀਨਿਧਤਾ ਐਕਟ 1950, 1952 ਅਤੇ 1989 ਦੀ ਧਾਰਾ 125 ਏ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 420, 465, 467, 468, 471 ਅਤੇ 177 ਤਹਿਤ ਮੁਕੱਦਮਾ ਦਰਜ ਕੀਤਾ ਗਿਆ।ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਪੇਸ਼ ਹੋਏ ਨਾਮਵਰ ਵਕੀਲ ਅਜੀਤ ਸਿੰਘ ਸਿਆਣ ਅਤੇ ਪਰਮਿੰਦਰ ਸਿੰਘ ਵਿੱਗ ਹੁਰਾਂ ਨੇ ਦੱਸਿਆ ਕਿ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪੁਲਿਸ ਰਿਮਾਂਡ ਦੀ ਮੰਗ ਨੂੰ ਖਾਰਜ ਕਰ ਦਿੱਤਾ ਕਿਉਂਕਿ ਐਫ.ਆਈ.ਆਰ ਵਿੱਚ ਸਿਰਫ ਇੱਕ ਚਿੱਠੀ ਦਾ ਜ਼ਿਕਰ ਸੀ ਜਿਹੜੀ ਕਿ ਮਾਇਆਵਤੀ ਨੇ ਰਿਟਰਨਿੰਗ ਅਫਸਰ ਨੂੰ ਲਿਖੀ ਸੀ ਜਦਕਿ ਆਰ.ਓ. ਬਹੁਜਨ ਸਮਾਜ ਪਾਰਟੀ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਦਸਤਖਤਾਂ ਦੇ ਨਮੂਨਿਆਂ ਦੇ ਅਧਾਰ ‘ਤੇ ਫੈਸਲਾ ਲੈ ਸਕਦਾ ਸੀ ਅਤੇ 02 ਫਰਵਰੀ ਨੂੰ ਦਿੱਤਾ ਜਾਣ ਵਾਲਾ ਫੈਸਲਾ ਉਸ ਵਲੋਂ ਅਗਲੇ ਦਿਨ ਤੱਕ ਜਾਣ ਬੁੱਝ ਕੇ ਲਮਕਾ ਕੇ ਰੱਖਿਆ।