ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2022: ਪੰਜਾਬ ’ਤੇ ਲਗਾਤਾਰ ਪੰਜ ਸਾਲ ਕਾਬਜ਼ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਗੱਦੀ ਹਥਿਆਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਥਾਵਾਂ ਤੋਂ ਚੋੋਣ ਲੜਾਉਣ ਦਾ ਫੈਸਲਾ ਕਰਕੇ ਇੱਕ ਵਾਰ ’ਚ ਇਕੱਠੇ ਦੋ ਸਿਆਸੀ ਤੀਰ ਦਾਗ ਦਿੱਤੇ ਹਨ। ਕਾਂਗਰਸ ਹਾਈਕਮਾਂਡ ਦਾ ਇਹ ਨਵਾਂ ਪੈਂਤੜਾ ਕੀ ਰੰਗ ਦਿਖਾਉਂਦਾ ਹੈ ਇਹ ਤਾਂ 10 ਮਾਰਚ ਨੂੰ ਈ ਵੀ ਐਮ ਤੈਅ ਕਰਨਗੀਆਂ ਪਰ ਸਿਆਸੀ ਮਾਹਿਰ ਇਸ ਆਖਰੀ ਹੰਭਲੇ ਦੇ ਰੂਪ ’ਚ ਟੇਢੇ ਢੰਗ ਨਾਲ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਦਰਸਾਉਣ ਦੀ ਕਵਾਇਦ ਨਾਲ ਜੋੜਕੇ ਦੇਖ ਰਹੇ ਹਨ। ਇਸ ਦੇ ਨਾਲ ਹੀ ਇੰਨ੍ਹਾਂ ਰਾਜਨੀਤਕ ਪੰਡਿਤਾਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਇੱਕ ਤਰਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਲੀਹ ਤੇ ਆਉਣ ਲਈ ਇਸ਼ਾਰਾ ਕਰ ਦਿੱਤਾ ਹੈ।
‘ਬਾਬੂਸ਼ਾਹੀ’ ਨੇ ਇਸ ਸਬੰਧ ’ਚ ਲੰਘੀ 13 ਜਨਵਰੀ ਨੂੰ ਖੁਲਾਸਾ ਕਰ ਦਿੱਤਾ ਸੀ ਕਿ ਆਖਰੀ ਦਿਨਾਂ ਦੌਰਾਨ ਚੋਣ ‘ਗੱਫੇ’ ਵੰਡਣ ਦੇ ਬਾਵਜੂਦ ਪੰਜਾਬ ’ਚ ਚੁਣੌਤੀ ਦਾ ਸਾਹਮਣਾ ਕਰ ਰਹੀ ਕਾਂਗਰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਾਉਣ ਦੀ ਵਿਉਂਤਬੰਦੀ ਕਰ ਰਹੀ ਹੈ। ਇਸ ਦੇ ਉਲਟ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਅਜਿਹੀ ਕਿਸੇ ਵੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਗੇਂਦ ਕਾਂਗਰਸ ਹਾਈਕਮਾਂਡ ਦੇ ਪਾਲੇ ’ਚ ਰੋੜ੍ਹ ਦਿੱਤੀ ਸੀ ਪਰ ਇਸ ਸਬੰਧ ’ਚ ਕੀਤੀ ਪੇਸ਼ੀਨਗੋਈ ਸੱਚੀ ਸਿੱਧ ਹੋਈ ਹੈ। ਦਰਅਸਲ ਕਾਂਗਰਸ ਨੇ ਮੁਢਲੇ ਪੜਾਅ ਤਹਿਤ ਦੁਆਬੇ ਦੇ ਆਦਮਪੁਰਾ ਅਤੇ ਬਰਨਾਲਾ ਜਿਲ੍ਹੇ ਦੇਮਹਿਲ ਕਲਾਂ ਹਲਕਿਆਂ ਦੀ ਚੋਣ ਕੀਤੀ ਸੀ । ਪਾਰਟੀ ਦੇ ਅੰਦਰੂਨੀ ਸਰਵੇਖਣ ਅਤੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਨਾਂਹਪੱਖੀ ਹੋਣ ਕਾਰਨ ਪੇਚ ਫਸਿਆ ਹੋਇਆ ਸੀ।
ਕਾਂਗਰਸੀ ਹਲਕਿਆਂ ਨੇ ਦੱਸਿਆ ਹੈ ਕਿ ਕਾਂਗਰਸ ਦੇ ਚੋਣ ਰਣਨੀਤੀਕਾਰਾਂ ਨੇ ਇੱਕ ਵਾਰ ਫਿਰ ਆਖਰੀ ਹੱਲਾ ਮਾਰਿਆ ਜਿਸ ਦੌਰਾਨ ਵੱਖ ਵੱਖ ਗਿਣਤੀਆਂ ਮਿਣਤੀਆਂ ਤਹਿਤ ਵਿਧਾਨ ਸਭਾ ਹਲਕਾ ਭਦੌੜ ਅਜਿਹੇ ਹਲਕੇ ਵਜੋਂ ਸਾਹਮਣੇ ਆਇਆ ਜਿਸ ਨੂੰ ਚੰਨੀ ਲਈ ਸੁਰੱਖਿਅਤ ਸਮਝਿਆ ਗਿਆ। ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕਾਂਗਰਸ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰਕੇ ਚੋਣਾਂ ਦੌਰਾਨ ਦਲਿਤ ਪੱਤਾ ਚੱਲਿਆ ਹੈ। ਚੰਨੀ ਦੇ ਇਸ ਹਲਕੇ ਤੋਂ ਚੋਣ ਲੜਨ ਨਾਲ ਕਾਂਗਰਸ ਨੂੰ ਪੰਜਾਬ ਦੀ ਸੱਤਾ ’ਚ ਹਮੇਸ਼ਾ ਅਹਿਮ ਰੋਲ ਨਿਭਾਉਣ ਵਾਲੀ ਮਾਲਵਾ ਪੱਟੀ ਵਿਚਲੀਆਂ ਦਲਿਤ ਵੋਟਾਂ ਦਾ ਕਾਂਗਰਸ ਦੇ ਪੱਖ ’ਚ ਧਰੁਵੀਕਰਨ ਹੋਣ ਦੀ ਆਸ ਹੈ। ਕਾਂਗਰਸ ਨੇ ਦਲਿਤ ਵੋਟ ਬੈਂਕ ਨੂੰ ਇੱਕ ਤਰਾਂ ਨਾਲ ਸੰਦੇਸ਼ ਵੀ ਦਿੱਤਾ ਹੈ ਕਿ ਸਰਕਾਰ ਆਉਣ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਚੰਨੀ ਹੀ ਬੈਠਣਗੇ।
ਦੂਜੇ ਪਾਸੇ ਕਾਂਗਰਸ ਦੀ ਇਸ ਸਿਆਸੀ ਖੇਡ੍ਹ ਨੂੰ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਈਕਮਾਂਡ ਤੋਂ ਉਲਟ ਆਪਣੇ ਤੌਰ ਤੇ ਪੇਸ਼ ਕੀਤੇ ਜਾ ਰਹੇ ਪੰਜਾਬ ਮਾਡਲ ਦੀ ਹਵਾ ਕੱਢਣਾ ਦੱਸਿਆ ਜਾ ਰਿਹਾ ਹੈ। ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਸ ਸਬੰਧ ’ਚ ਆਪਣਾ ਵੱਖਰਾ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਸਨ। ਕਾਂਗਰਸ ਪ੍ਰਧਾਨ ਦੀ ਇਸ ਪੈਂਤੜੇਬਾਜੀ ਕਾਰਨ ਪੰਜਾਬ ਦੇ ਲੋਕਾਂ ’ਚ ਕਾਂਗਰਸ ਪਾਰਟੀ ਪ੍ਰਤੀ ‘ਸਭ ਅੱਛਾ ਨਹੀਂ ਹੈ’ ਦਾ ਸੁਨੇਹਾ ਜਾ ਰਿਹਾ ਸੀ ਜਿਸ ਨੂੰ ਕਾਂਗਰਸ ਲੀਡਰਸ਼ਿਪ ਚੋਣ ਨਤੀਜੇ ਪ੍ਰਭਾਵਿਤ ਕਰਨ ਵਾਲਾ ਮੰਨ ਰਹੀ ਸੀ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਮੰਨਿਆ ਕਿਲਗਾਤਾਰ ਵਾਅਦੇ ਪੂਰੇ ਨਾਂ ਹੋਣ ਦੇ ਲੱਗ ਰਹੇ ਦੋਸ਼ ਚੰਨੀ ਸਰਕਾਰ ਵੱਲੋਂ ਦਿੱਤੀਆਂ ਰਿਆਇਤਾਂ ’ਤੇ ਭਾਰੂ ਪੈਣ ਲੱਗੇ ਸਨ ਜਿਸ ਕਰਕੇ ਹੁਣ ਇਹ ਨਵਾਂ ਪੈਂਤੜਾ ਅਖਤਿਆਰ ਕਰਨਾ ਪਿਆ ਹੈ।
ਹਲਕਾ ਭਦੌੜ ਤੇ ਪੰਛੀ ਝਾਤ
ਵਿਧਾਨ ਸਭਾ ਹਲਕਾ ਭਦੌੜ ਕਦੇ ਵੀ ਕਾਂਗਰਸ ਦਾ ਗੜ੍ਹ ਨਹੀਂ ਰਿਹਾ ਹੈ। ਪਿਛਲੇ 42 ਸਾਲਾਂ ਦੌਰਾਨ ਕਾਂਗਰਸ ਸਿਰਫ 2012 ’ਚ ਗਾਇਕ ਮੁਹੰਮਦ ਸਦੀਕ ਦੇ ਸਿਰ ਤੇ ਚੋਣ ਜਿੱਤ ਸਕੀ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਜਿੱਤੀ ਸੀ। ਸਾਲ ਸਾਲ 1997, 2002 ਅਤੇ 2007 ’ਚ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ। ਸਾਲ 1992 ’ਚ ਅਕਾਲੀ ਦਲ ਵੱਲੋਂ ਕੀਤੇ ਬਾਈਕਾਟ ਦੌਰਾਨ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਸਫਲ ਹੋਇਆ ਸੀ। ਸਾਲ 1980 ਅਤੇ 1985 ਵਿੱਚ ਵੀ ਲਗਾਤਾਰ ਦੋ ਵਾਰੀ ਅਕਾਲੀ ਦਲ ਜਿੱਤਿਆ ਸੀ। ਦੱਸਣਯੋਗ ਹੈ ਕਿ ਸਾਲ 2014 ਤੇ 2019 ’ਚ ਲੋਕ ਸਭਾ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਜੇਤੂ ਰਹੀ ਸੀ।
ਬਸਪਾ ਦਾ ਦਬਾਅ: ਜਸਵੀਰ ਸਿੰਘ ਗੜ੍ਹੀ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੋ ਹਲਕਿਆਂ ਤੋਂ ਚੋਣ ਲੜਨ ਦੇ ਫੈਸਲੇ ਨੂੰ ‘ਬਸਪਾ’ ਦੇ ਦਬਾਅ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਕਦੇ ਵੀ ਬਣਦਾ ਮਾਣ ਸਤਿਕਾਰ ਨਾਂ ਦੇਣ ਵਾਲੀ ਕਾਂਗਰਸ ਪਾਰਟੀ ਬਸਪਾ ਦੇ ਵਰਕਰਾਂ ਵੱਲੋਂ ਲਗਾਤਾਰ ਕੀਤੀ ਸਖਤ ਮਿਹਨਤ ਸਦਕਾ ਬਣੇ ਹਾਲਾਤਾਂ ਨੂੰ ਦੇਖਦਿਆਂ ਚੰਨੀ ਦੋ ਹਲਕਿਆਂ ਤੋਂ ਚੋਣ ਮੈਦਾਨ ’ਚ ਉੱਤਾਰਨ ਲਈ ਮਜਬੂਰ ਹੋਈ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਲੀਡਰ ਹੁਣ ਕੁੱਝ ਵੀ ਕਰਨ, ਸਿਰਫ ਦਲਿਤ ਹੀ ਨਹੀਂ ਬਲਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ।