ਭਰਜਾਈ ਨੇ ਦਿਓਰ 'ਤੇ ਲਾਏ ਪੰਜਾਬ ’ਚ ਲੁੱਟ ਖਸੁੱਟ ਕਰਨ ਦੇ ਇਲਜ਼ਾਮ
ਅਸ਼ੋਕ ਵਰਮਾ
ਬਠਿੰਡਾ, 1ਫਰਵਰੀ2022: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਮਾੜੀ ਹੈ ਜਿਸ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਆਪਣੀ ਆਮਦਨ ਤਾਂ ਦੁੱਗਣੀ ਕਰ ਲਈ ਪਰ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖ਼ਜ਼ਾਨਾ ਖਾਲੀ ਰਿਹਾ । ਅਕਾਲੀ ਬਸਪਾ ਗੱਠਜੋੜ ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਹੱਕ ਵਿਚ ਅਮਰਪੁਰਾ ਅਤੇ ਪਰਸ ਰਾਮ ਨਗਰ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਪਣੇ ਦਿਉਰ ਮਨਪ੍ਰੀਤ ਬਾਦਲ ਦੇ ਨਾਲ ਨਾਲ ਪੰਜਾਬ ਸਰਕਾਰ ਵੱਖ ਵੱਖ ਮੁੱਦਿਆਂ ਨੂੰ ਲੈਕੇ ਕਨਹਿਰੇ ’ਚ ਖੜ੍ਹਾਈ। ਉਨ੍ਹਾਂ ਆਖਿਆ ਕਿ ਮਾੜੀ ਸੋਚ ਦਾ ਹੀ ਨਤੀਜਾ ਹੈ ਕਿ ਪੰਜਾਬ ਖਾਸ ਤੌਰ ਤੇ ਬਠਿੰਡਾ ਦੇ ਲੋਕਾਂ ਨੂੰ ਮਾੜੇ ਦਿਨ ਦੇਖਣੇ ਪੈ ਰਹੇ ਹਨ।
ਉਨ੍ਹਾਂ ਅਕਾਲੀ ਭਾਜਪਾ ਸਰਕਾਰ ਦੇ ਰਾਜ ’ਚ ਕਰਵਾਏ ਵਿਕਾਸ ਦਾ ਵੀ ਜਿਕਰ ਕੀਤਾ ਅਤੇ ਮਨਪ੍ਰੀਤ ਬਾਦਲ ਤੇ ਭਗਵੰਤ ਮਾਨ ਨੂੰ ਇੱਕੋ ਜਿਹੇ ਕਰਾਰ ਦਿੱਤਾ। ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਜਿਸ ਦਾ ਸਬੂਤ ਗਿਆਰਾਂ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਮਿਲਦਾ ਹੈ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇਗੀ ਅਤੇ ਗਠਜੋੜ ਸਰਕਾਰ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਨਾਲ ਨਸ਼ਾ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਵੀ ਹਿਸਾਬ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਗੰਭੀਰ ਇਲਜਾਮ ਲਾਏ । ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਵੀ ਮਨਪ੍ਰੀਤ ਬਾਦਲ ਤੇ ਉਸਦੇ ਰਿਸ਼ਤੇਦਾਰ ਆਪਣੇ ਨਿੱਜੀ ਵਪਾਰ ਨੂੰ ਚਮਕਾਉਣ ’ਚ ਜੁਟੇ ਰਹੇ ਜਦੋਂਕਿ ਆਮ ਲੋਕਾਂ ਨੂੰ ਭੁੱਖ ਨੇ ਤੜਫਾਇਆ ਹੋਇਆ ਸੀ ਜਿੰਨ੍ਹਾਂ ਨੂੰ ਅਕਾਲੀ ਦਲ ਨੇ ਰਾਹਤ ਦਿੱਤੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਸਿੰਗਲਾ ਪਰਿਵਾਰ ਦੀ ਸੋਚ ਲੋਕਾਂ ਦੀ ਲੜਾਈ ਲੜਨਾ ਅਤੇ ਇਲਾਕੇ ਦੀ ਤਰੱਕੀ ਕਰਾਉਣਾ ਹੈ ਜਿਸ ਤੇ ਹਮੇਸ਼ਾ ਪਹਿਰਾ ਦਿੱਤਾ ਜਾਵੇਗਾ। ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਦੀਆਂ ਧੱਕੇਸ਼ਾਹੀਆਂ ਵਿੱਚ ਸਤਾਮਲ ਜਗਰੂਪ ਗਿੱਲ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗਦਾ ਹੈ ।
ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਸਿੰਘ ਮਾਨ ਨੇ ਕਾਂਗਰਸ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕੀਤੀ ਧੱਕੇਸ਼ਾਹੀਆਂ ਬਾਰੇ ਜਾਣਕਾਰੀ ਦਿੰਦਿਆਂ ਹਰਸਿਮਰਤ ਕੌਰ ਬਾਦਲ ਤੋਂ ਸਰਕਾਰ ਆਉਣ ਤੇ ਸਖਤ ਕਾਰਵਾਈ ਦੀ ਮੰਗ ਕੀਤੀ ।ਇਸ ਮੌਕੇ ਬਬਲੀ ਢਿੱਲੋਂ, ਅਮਰਜੀਤ ਬਿਰਦੀ, ਚਮਕੌਰ ਮਾਨ,ਰਾਜਬਿੰਦਰ ਸਿੰਘ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਗੰਜੂ ,ਨਿਰਮਲ ਸਿੰਘ ਸੰਧੂ ਅਤੇ ਬਲਜੀਤ ਸਿੰਘ ਬੀੜ ਬਹਿਮਣ ਆਦਿ ਨੇ ਵੀ ਸੰਬੋਧਨ ਕੀਤਾ ।