ਭਲਵਾਨੀ ਗੇੜੇ ਨਾਲ ਵਕੀਲਾਂ ਵੱਲੋਂ ਬਠਿੰਡਾ ’ਚ ‘ਝਾੜੂ’ ਫੇਰਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2022: ਬਠਿੰਡਾ ਬਾਰ ਐਸੋਸੀਏਸ਼ਨ ਦੇ ਵਕੀਲ ਭਾਈਚਾਰੇ ਨੇ ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ’ਚ ਇੱਕ ਪ੍ਰਭਾਵਸ਼ਾਲੀ ਪੈਦਲ ਮਾਰਚ ਕੱਢਿਆ ਅਤੇ ਸ਼ਹਿਰ ਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਜਗਰੁਪ ਸਿੰਘ ਖੁਦ ਵਕੀਲ ਵੀ ਹਨ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਵੀ ਰਹੇ ਹਨ।
ਅੱਜ ਦੇ ਪੈਦਲ ਮਾਰਚ ’ਚ ਸ਼ਮੂਲੀਅਤ ਕਰਨ ਵਾਲੇ ਵਕੀਲਾਂ ਵਿੱਚ ਪ੍ਰਧਾਨ ਵਰਿੰਦਰ ਸ਼ਰਮਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ, ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਅਤੇ ਲਕਿੰਦਰ ਦੀਪ ਸਿੰਘ ਭਾਈਕਾ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੱਡਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਬਾਰ ਦੇ ਸਾਬਕਾ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ ਦੇ ਨਾਲ ਨਾਲ ਮਹਿਲਾ ਵਕੀਲ ਵੀ ਸ਼ਾਮਲ ਸਨ। ਵਕੀਲ ਭਾਈਚਾਰੇ ਨੇ ਇਨਕਲਾਬੀ ਨਾਅਰੇ ਵੀ ਲਾਏ ਅਤੇ ਵੋਟਰਾਂ ਨੂੰ ਜਗਰੂਪ ਗਿੱਲ ਦੇ ਹੱਕ ’ਚ ਵੋਟਾਂ ਪਾਉਣ ਅਤੇ ਪਆਉਣ ਦਾ ਸੱਦਾ ਦਿੱਤਾ। ਵਕੀਲ ਆਗੂਆਂ ਨੇ ਦੱਸਿਆ ਕਿ ਇਸ ਵਾਰ ਪੰਜਾਬ ’ਚ ਸਿਆਸੀ ਤਬਦੀਲੀ ਲਈ ਜਗਰੂਪ ਗਿੱਲ ਨੂੰ ਵੋਟਾਂ ਪਾਉਣੀਆਂ ਕਿਓਂ ਲਾਜਮੀ ਹਨ।
ਬਾਰ ਐਸੋਸੀਏਸ਼ਨ ਦਫਤਰ ਤੋਂ ਸ਼ੁਰੂ ਹੋਇਆ ਇਹ ਪੈਦਲ ਮਾਰਚ ਸ਼ਹਿਰ ਦੇ ਵੱਖ ਵੱਖ ਭਾਗਾਂ ਚੋਂ ਹੁੰਦਾ ਹੋਈ ਪਾਵਰ ਹਾਊਸ ਰੋਡ ਤੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਪੁੱਜੇ ਜਿੱਥੇ ਜਗਰੂਪ ਸਿੰਘ ਗਿੱਲ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਵਕੀਲ ਆਗੂਆਂ ਨੇ ਕਿਹਾ ਗਿਆ ਕਿ ਵਕੀਲ ਭਾਈਚਾਰਾ ਸਿਆਸੀ ਵੰਡੀਆਂ ਤੋਂ ਉੱਪਰ ਉੱਠਕੇ ਬਾਰ ਐਸੋਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਜਗਰੂਪ ਸਿੰਘ ਗਿੱਲ ਦੇ ਹੱਕ ’ਚ ਹੈ। ਇਸ ਮੌਕੇ ਵਕੀਲ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਏਕੇ ਵਿੱਚ ਹੀ ਬਲ ਹੁੰਦਾ ਹੈ ਇਸ ਲਈ ਜਦੋਂ ਤੱਕ ਆਪਾਂ ਸਾਰੇ ਇਕੱਠੇ ਹਾਂ ਤਾਂ ਉਦੋਂ ਤੱਕ ਕੋਈ ਵੀ ਤਾਕਤ ਆਪਾਂ ਨੂੰ ਤਰੱਕੀ ਤੋਂ ਨਹੀਂ ਰੋਕ ਸਕਦੀ ਹੈ।