ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗਣ ਆਏ ਨੱਢਾ ਨੇ ਗਾਏ ਮੋਦੀ ਦੇ ਸੋਹਲੇ
ਅਸ਼ੋਕ ਵਰਮਾ
ਬਠਿੰਡਾ, 15 ਫਰਵਰੀ 2022:ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਅੱਜ ਵਿਧਾਨ ਸਭਾ ਹਲਕਾ ਮੌੜ ’ਚ ਭਾਜਪਾ ਦੇ ਉਮੀਦਵਾਰ ਦਿਆਲ ਸਿੰਘ ਸੋੋਢੀ, ਬੱਲੂਆਣਾ ‘ਚ ਵੰਦਨਾ ਸਾਂਗਵਾਨ ਅਤੇ ਜਲਾਲਾਬਾਦ ‘ਚ ਪੂਰਨ ਚੰਦ ਮੁਜੇਦੀਆ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਨਵਾਂ ਪੰਜਾਬ ਬਨਾਉਣ ਲਈ ਬੀਜੇਪੀ ਦੇ ਹੱਕ ’ਚ ਫਤਵਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਅਤੇ ਕਿਸਾਨਾਂ ਦਾ ਮਸੀਹਾ ਕਰਾਰ ਦਿੱਤਾ। ਭਾਜਪਾ ਦੇ ਕੌਮੀ ਪ੍ਰਧਾਨ ਨੇ ਸਿੱਖ ਭਾਈਚਾਰੇ ਨਾਲ ਮੋਹ ਦਾ ਪ੍ਰਗਟਾਵਾ ਕੀਤਾ ਅਤੇ ਕਾਂਗਰਸ ਪਾਰਟੀ ਅਤੇ ਇਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਜੋ ਕੁੱਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਓਨਾਂ ਕੋਈ ਹੋਰ ਪ੍ਰਧਾਨ ਮੰਤਰੀ ਨਹੀਂ ਕਰ ਸਕਿਆ ਹੈ। ਉਨ੍ਹਾਂ ਪੰਜਾਬ ’ਚ ਫਸਲਾਂ ਦੀ ਖਰੀਦ ਦੇ 23ਹਜ਼ਾਰ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਅਤੇ 10 ਲੱਖ ਤੋਂ ਵੱਧ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਸਹਾਇਤਾ ਜਾਰੀ ਕਰਨ ਦਾ ਜਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਸਿੱਖਾਂ ਨਾਲ ਖਾਸ ਪਿਆਰ ਤੇ ਮੋਹ ਹੈ ਅਤੇ ਉਹ ਪੂਰੀ ਸੰਜੀਦਗੀ ਨਾਲ ਹਿੰਦੂ-ਸਿੱਖ ਏਕਤਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ।
ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਲਈ ਐਫ.ਸੀ.ਆਰ.ਏ. ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਕਰਕੇ ਵਿਦੇਸ਼ਾਂ ਵਿਚ ਵੱਸਦੇ ਸ਼ਰਧਾਲੂ ਆਸਾਨੀ ਨਾਲ ਦਾਨ ਕਰ ਸਕਣਗੇ। ਇਸ ਤੋਂ ਇਲਾਵਾ ਲੰਗਰ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਨੱਢਾ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਹੀ ਸਨ ਜਿਨ੍ਹਾਂ ਨੇ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਇੱਕ ਐਸ ਆਈ ਟੀ ਬਣਾਈ ਅਤੇ ਦੋਸ਼ੀਆਂ ਕਟਹਿਰੇ ’ਚ ਖੜ੍ਹਾਇਆ ਜੋ ਕਾਂਗਰਸ ਦੀ ਸ਼ਹਿ ਹੇਠ ਖੁੱਲ੍ਹੇਆਮ ਘੁੰਮ ਰਹੇ ਸਨ। ਉਨ੍ਹਾਂ ਕਾਂਗਰਸੀ ਆਗੂਆਂ ਵੱਲੋਂ ਕੋਲ ਵੋਟਾਂ ਮੰਗਣ ਮੌਕੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਪਿੱਛੇ ਹਟਣ ਬਾਰੇ ਸਵਾਲ ਪੁੱਛਣ ਲਈ ਵੀ ਕਿਹਾ।
ਪੰਜਾਬ ਦੇ ਲੋਕਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਤੋਂ ਸੁਚੇਤ ਕਰਦਿਆਂ ਨੱਢਾ ਨੇ ਕਿਹਾ ਕਿ ਉੱਥੋਂ ਦੀ ਹਕੂਮਤ ਇਹ ਪਸੰਦ ਨਹੀਂ ਕਰਦੀ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਕਰ ਰਿਹਾ ਹੈ। ਅਸਿੱਧੇ ਤੌਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦਿਆਂ ਨੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵਿਅਕਤੀਆਂ ‘ਤੇ ਨਜ਼ਰ ਰੱਖਣ ਜੋ ਦੁਸ਼ਮਣਾਂ ਦੇ ਹੱਥਾਂ ‘ਚ ਖੇਡ ਕੇ ਦੇਸ਼ ਨੂੰ ਕਮਜੋਰ ਕਰਨ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰ ਨਸ਼ੇ ਖਿਲਾਫ ਲੜ ਕੇ ਪੰਜਾਬ ਨੂੰ ਲਗਾਤਾਰ ਵਧ ਰਹੇ ਕਰਜੇ ਤੋਂ ਬਚਾ ਸਕਦੀ ਹੈ ਤਾਂ ਉਹ ਸਿਰਫ ਭਾਜਪਾ ਹੈ। ਅੰਤ ’ਚ ਇੱਕ ਵਾਰ ਫਿਰ ਨੱਢਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਕਾਮਯਾਬ ਬਨਾਉਣ ਦਾ ਸੱਦਾ ਵੀ ਦਿੱਤਾ।