ਭਾਰਤ ਭੂਸ਼ਣ ਆਸ਼ੂ ਨੇ ਅਨਾਜ ਵੰਡ ਪ੍ਰਕਿਰਿਆ ਵਿੱਚ ਕੀਤਾ ਵੱਡਾ ਘੋਟਾਲਾ: 'ਆਪ'
- ਅਨਾਜ ਵੰਡ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਅਤੇ ਮੰਡੀਆਂ ਵਿੱਚ ਫਸਲਾਂ ਦੀ ਖਰੀਦ ਵੇਚ 'ਚ ਕੀਤਾ ਕਰੋੜਾਂ ਦਾ ਘੋਟਾਲਾ: ਮਲਵਿੰਦਰ ਸਿੰਘ ਕੰਗ
ਲੁਧਿਆਣਾ/ ਚੰਡੀਗੜ, 17 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਦੇ ਮੰਤਰੀ ਅਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ 'ਤੇ ਅਨਾਜ ਵੰਡ ਪ੍ਰਕਿਰਿਆ ਵਿੱਚ ਵੱਡਾ ਘੋਟਾਲਾ ਕਰਨ ਦਾ ਦੋਸ਼ ਲਾਇਆ ਹੈ। ਵੀਰਵਾਰ ਨੂੰ ਲੁਧਿਆਣਾ ਵਿੱਚ 'ਆਪ' ਦੇ ਸੀਨੀਅਰ ਆਗੂ ਮਲਵਿੰਦਰ ਸਿੰਘ ਕੰਗ, ਹਰਚੰਦ ਸਿੰਘ ਬਰਸਟ ਅਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਨੇ ਪ੍ਰੈਸ ਕਾਨਫਰੰਸ ਕਰਕੇ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦਿਆਂ ਭਾਰਤ ਭੂਸ਼ਣ ਆਸ਼ੂ ਨੇ ਅਨਾਜ ਵੰਡ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਅਤੇ ਮੰਡੀਆ ਵਿੱਚ ਫਸਲਾਂ ਦੀ ਖਰੀਦ ਵੇਚ ਪ੍ਰੀਕਿਰਿਆ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਹੈ ਅਤੇ ਸਰਕਾਰੀ ਖਜ਼ਾਨੇ 'ਚ ਕਰੋੜਾਂ ਦਾ ਘੋਟਾਲਾ ਕੀਤਾ ਹੈ।
ਕੰਗ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰਕੇ ਉਨਾਂ ਅਧਿਕਾਰੀਆਂ ਨੂੰ ਜਿਨਾਂ 'ਤੇ ਪਹਿਲਾਂ ਤੋਂ ਵਿਭਾਗੀ ਜਾਂਚ ਚੱਲ ਰਹੀ ਹੈ ਨੂੰ ਖਾਧ ਵਿਭਾਗ ਦੀ ਜ਼ਿੰਮੇਵਾਰੀ ਦੇ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮਿਲਣ ਵਾਲੇ ਅਨਾਜ ਨੂੰ ਦੂਜੇ ਰਾਜਾਂ ਵਿੱਚ ਵੇਚ ਦਿੱਤਾ। ਕੰਗ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਯਮ ਅਨੁਸਾਰ ਰਾਸ਼ਨ ਕਾਰਡ ਦੇਖ ਕੇ ਅਤੇ ਬਾਇਓਮੀਟ੍ਰਿਕ ਦੇ ਜ਼ਰੀਏ ਅੰਗੂਠਾ ਲਾ ਕੇ ਹੀ ਅੰਨਾਜ ਦਿੱਤਾ ਜਾ ਸਕਦਾ। ਇੱਕ ਵਿਅਕਤੀ ਨੂੰ ਅਨਾਜ ਦੇਣ ਦੀ ਪ੍ਰੀਕਿਰਿਆ ਨੂੰ ਪੂਰਾ ਕਰਨ ਵਿੱਚ ਘੱਟ ਤੋਂ ਘੱਟ 10 ਮਿੰਟ ਲੱਗਦੇ ਹਨ। ਪਰ ਦਸਤਾਵੇਜ ਦੇ ਅਨੁਸਾਰ ਆਸ਼ੂ ਅਤੇ ਉਨਾਂ ਦੇ ਭ੍ਰਿਸ਼ਟ ਅਧਿਕਾਰੀਆਂ ਨੇ 9 ਘੰਟਿਆਂ ਵਿੱਚ ਇੱਕ ਹੀ ਸੀਰੀਜ ਦੇ ਰਾਸ਼ਨ ਕਾਰਡ ਧਾਰਕਾਂ ਨੂੰ 24 ਹਜ਼ਾਰ ਕਿਲੋ ਅਨਾਜ ਵੰਡ ਦਿੱਤਾ।
ਉਨਾਂ ਸਵਾਲ ਕੀਤਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਰਾਸ਼ਨ ਦੀ ਕਤਾਰ ਵਿੱਚ ਲੱਗੇ ਸਾਰੇ ਲੋਕਾਂ ਦੀ ਰਾਸ਼ਨ ਕਾਰਡ ਦੀ ਸੀਰੀਜ ਇੱਕ ਸੀ? ਕੰਗ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਾਇਓਮੈਟ੍ਰਿਕ ਮਸ਼ੀਨ ਨੂੰ ਆਪਣੀ ਕਸਟਡੀ ਵਿੱਚ ਲੈ ਕੇ ਲੋਕਾਂ ਦੇ ਫਰਜ਼ੀ ਅੰਗੂਠੇ ਲਾ ਕੇ ਸਾਰਾ ਸਰਕਾਰੀ ਅਨਾਜ ਦੂਜੇ ਰਾਜਾਂ ਨੂੰ ਵੇਚ ਦਿੱਤਾ। ਇਹ ਪੂਰਾ ਘਟਨਾਕ੍ਰਮ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਸਹਿਯੋਗੀਆਂ ਦੀ ਮਿਲੀਭੁਗਤ ਨਾਲ ਹੀ ਸੰਭਵ ਹੋਇਆ ਹੈ। ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਨਾਂ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭ੍ਰਿਸ਼ਟਾਚਾਰੀ ਅਤੇ ਘੋਟਾਲੇਬਾਜ ਆਗੂਆਂ ਨੂੰ ਆਪਣਾ ਕੀਮਤੀ ਵੋਟ ਨਾ ਦੇਣ, ਜਿਨਾਂ ਨੇ ਲੋਕਾਂ ਦੇ ਘਰ ਪਹੁੰਚਣ ਵਾਲੇ ਅਨਾਜ ਵਿੱਚ ਘੋਟਾਲਾ ਕਰਕੇ ਆਪਣੀਆਂ ਜੇਬਾਂ ਭਰੀਆਂ।