ਸੰਜੀਵ ਜਿੰਦਲ
ਮਾਨਸਾ, 21 ਫਰਵਰੀ 2022 : ਭਾਸ਼ਾ ਵਿਭਾਗ ਮਾਨਸਾ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਮੇਰੀ ਬੋਲੀ ਮੇਰੇ ਲੋਕ’ ਵਿਸ਼ੇ ’ਤੇ ਭਾਸਣ ਅਤੇ ਕਵਿਤਾ ਪਾਠ ਦਾ ਆਯੋਜਨ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਸੈਮੀਨਾਰ ਹਾਲ ਵਿਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਹਰਤੇਜ ਕੌਰ ਨੇ ਕੀਤੀ ਤੇ ਪੰਜਾਬੀ ਦੇ ਉੱਘੇ ਗਜਲਗੋ ਬਲਜੀਤ ਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬਲਜੀਤ ਪਾਲ ਸਿੰਘ ਨੇ ਜਿੱਥੇ ਆਪਣੀਆਂ ਗਜਲਾਂ ਸੁਣਾਈਆਂ, ਓਥੇ ਮਾਂ ਬੋਲੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਜਿਲ੍ਹਾ ਭਾਸ਼ਾ ਅਫ਼ਸਰ ਨੇ ਪੰਜਾਬੀ ਭਾਸਾ ਐਕਟ ਬਾਰੇ ਜਾਣਕਾਰੀ ਦਿੰਦਿਆਂ ਭਾਸਾ ਵਿਭਾਗ ਦੇ ਕਾਰਜਾਂ ਅਤੇ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਵਕਤਾ ਡਾ. ਨੀਤੂ ਅਰੋੜਾ ਸਹਾਇਕ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਮਾਂ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਨੁੱਖੀ ਸਭਿਆਚਾਰ ’ਚ ਕਿਧਰੇ ਵੀ ਭਾਸ਼ਾ , ਧਰਮ, ਨਸਲਾਂ, ਜਾਤਾਂ ਆਦਿ ਦੀ ਸ਼ੁੱਧਤਾ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ। ਉਨਾਂ ਮਾਤ ਭਾਸ਼ਾ ਬਾਰੇ ਜਾਣਕਾਰੀ ਦਿੰਦਿਆਂ ਮਨੁੱਖ ਦੀ ਘਾੜਤ ਵਿਚ ਇਸਦੀ ਕੀ ਭੂਮਿਕਾ ਹੈ, ਬਾਰੇ ਵੀ ਜਾਣਕਾਰੀ ਦਿੱਤੀ।
ਪਟਿਆਲੇ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਾਇਰਾ ਨਰਿੰਦਰਪਾਲ ਕੌਰ ਨੇ ਆਪਣੀ ਨਵੀਂ ਕਾਵਿ ਕਿਤਾਬ ‘ਕਸੀਦ’ ਵਿਚੋਂ ਚੋਣਵੀਆ ਕਵਿਤਾਵਾਂ ਬਾਰੇ ਦੱਸਿਆ। ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਹਰਤੇਜ ਕੌਰ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਖੜੋਤ ਤੋਂ ਬਾਅਦ ਸਾਹਿਤ, ਭਾਸ਼ਾ ਤੇ ਕਿਤਾਬਾਂ ਦੀ ਗੱਲ ਮੁੜ ਤੋਂ ਹੋਣੀ ਸੁਰੂ ਹੋਈ ਹੈ। ਸਮਾਗਮ ਦਾ ਮੰਚ ਸੰਚਾਲਨ ਡਾ. ਕੁਲਦੀਪ ਚੌਹਾਨ ਨੇ ਕੀਤਾ। ਖੋਜ ਅਫਸਰ ਸ਼ਾਇਰ ਗੁਰਪ੍ਰੀਤ ਦੀ ਦੇਖ- ਰੇਖ ਹੇਠ ਹੋਏ ਇਸ ਸਮਾਗਮ ਵਿੱਚ ਭਾਸਾ ਵਿਭਾਗ ਦੀਆਂ ਦੁਰਲੱਭ ਪੁਸਤਕਾਂ ਦੀ ਪ੍ਰਦਰਸਨੀ ਲਗਾਈ ਗਈ। ਵਿਕਰੀ ਕੇਂਦਰ ਦੇ ਇੰਚਾਰਜ ਜਗਦੇਵ ਸਿੰਘ ਨੇ ਵਿਭਾਗ ਵਲੋਂ ਪ੍ਰਕਾਸ਼ਿਤ ਰਸਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇਕੱਤਰ ਹੋਏ ਮੋਹਤਬਰ ਵਿਅਕਤੀਆਂ ਨੇ ਹਰ ਕੰਮ ਪੰਜਾਬੀ ਵਿਚ ਕਰਨ ਦਾ ਅਹਿਦ ਲਿਆ।
ਇਸ ਮੌਕੇ ਜਸਬੀਰ ਢੰਡ, ਬਲਵੰਤ ਭਾਟੀਆ, ਜਗਦੀਸ਼ ਰਾਏ ਕੁਲਰੀਆਂ, ਬਮਲਜੀਤ ਮਾਨ, ਅਵਤਾਰ ਖਹਿਰਾ, ਅੰਮਿ੍ਰਤ ਸਮਿਤੋਜ, ਸੀਮਾ ਜਿੰਦਲ, ਤਨਵੀਰ, ਡਾ. ਸੁਪਨਦੀਪ ਕੌਰ, ਰਵਿੰਦਰ ਸਿੰਘ, ਬਲਜੀਤ ਸਿੰਘ , ਹੰਸ ਰਾਜ ਮੋਫਰ, ਮਹਿੰਦਰ ਮਾਨਸਾ, ਰਾਜ ਵੜੈਚ, ਮਹੇਸਇੰਦਰ ਖੋਸਲਾ, ਵਿਸ਼ਵ ਬਰਾੜ, ਅਸੋਕ ਬਾਂਸਲ, ਤੇਜਿੰਦਰ ਸਿੰਘ, ਗੁਰਦੀਪ ਸਿੰਘ ਢਿੱਲੋਂ, ਸਤਗੁਰ ਸਿੰਘ, ਗੁਰਮੇਲ ਕੌਰ ਜੋਸ਼ੀ , ਵੀਰਪਾਲ ਕਮਲ, ਕਰਨੈਲ ਵੈਰਾਗੀ ਅਤੇ ਕਾਲਜਾਂ ਦੇ ਭਾਸ਼ਾ ਮੰਚ ਦੇ ਵਿਦਿਆਰਥੀ ਹਾਜ਼ਰ ਹੋਏ।