ਮੁਲਖ ਦਾ ਪ੍ਰਧਾਨਮੰਤਰੀਂ ਬਣਨ ਦਾ ਸੁਪਨਾ ਦੇਖ ਰਿਹਾ ਹੈ ਅਰਵਿੰਦ ਕੇਜਰੀਵਾਲ : ਅਲਕਾ ਲਾਂਬਾ
ਦੀਦਾਰ ਗੁਰਨਾ
- ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਕਰਨ ਦੀ ਕੀਤੀ ਅਪੀਲ
- ਭਗਵੰਤ ਮਾਨ ਨੂੰ ਆਪਣੇ ਹੀ ਜਾਣਬੁੱਝਕੇ ਹਰਾਉਣਗੇ
- ਚਰਨਜੀਤ ਸਿੰਘ ਚੰਨੀਂ ਹੀ ਪੰਜਾਬ ਦੇ ਸਭ ਤੋਂ ਯੋਗ ਮੁੱਖ ਮੰਤਰੀਂ
ਰਾਏਕੋਟ, 18 ਫਰਵਰੀ 2022 - 'ਰਾਜਨੀਤੀ ਬਦਲਣ ਦੇ ਨਾਅਰੇ ਨੂੰ ਲੈਕੇ ਸੱਤਾ ਵਿੱਚ ਆਏ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਨੂੰ ਤਾਂ ਕੀ ਬਦਲਣਾ ਸੀ ਸਗੋਂ ਆਪ ਖੁਦ ਹੀ ਅਜਿਹਾ ਬਦਲਿਆ ਕਿ ਉਸਦੇ ਨਾਲ ਤੁਰੇ ਬਹੁ-ਗਿਣਤੀ ਸੀਨੀਅਰ ਆਗੂ ਤੇ ਵਰਕਰ ਅੱਜ ਹੋਰਨਾਂ ਪਾਰਟੀਆਂ ਵਿੱਚ ਜਾ ਚੁੱਕੇ ਹਨ, ਕਿਉਂਕਿ ਇਹ ਪਾਰਟੀ ਆਪਣੇ ਮੁੱਢਲੇ ਅਸੂਲਾਂ ਤੇ ਸਿਧਾਤਾਂ ਤੋਂ ਭੱਜ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਤੋਂ ਸੀਨੀਅਰ ਕਾਂਗਰਸੀ ਲੀਡਰ ਅਲਕਾ ਲਾਂਬਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਦੇ ਹੱਕ ਚ ਚੋਣ ਪ੍ਰਚਾਰ ਕਰਨ ਆਏ ਹੋਏ ਸਨ ਜਿੰਨ੍ਹਾਂ ਨਾਲ ਲੋਕ ਸਭਾ ਮੈਂਬਰ ਡਾ. ਅਮਰ ਸਿੰਘ (ਸ਼੍ਰੀ ਫਤਿਹਗੜ੍ਹ ਸਾਹਿਬ) ਵੀ ਮੌਜੂਦ ਰਹੇ।
ਉਨ੍ਹਾਂ ਵਿਧਾਨ ਸਭਾ ਰਾਏਕੋਟ ਤੋਂ ਇੱਕ ਪੜ੍ਹੇ-ਲਿਖੇ ਤੇ ਇਮਾਨਦਾਰ ਨੌਜਵਾਨ ਸ਼੍ਰੀ ਕਾਮਿਲ ਨੂੰ ਇੱਕ ਮੌਕਾ ਦੇਣ ਦੀ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਇੱਕ ਸੁਨਿਹਰੀ ਮੌਕਾ ਹੈ ਜਿਸਨੂੰ ਹਲਕਾ ਵਾਸੀਆਂ ਨੂੰ ਕਦੇ ਵੀ ਗੁਵਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਸਾਰੇ ਰਲਕੇ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਕਾਮਿਲ ਨੂੰ ਜਿਤਾਉਣ ਤਾਂ ਕਿ ਹਲਕੇ ਚ ਚੱਲਦੀ ਵਿਕਾਸ ਦੀ ਲਹਿਰ ਨੂੰ ਜਾਰੀ ਰੱਖਿਆ ਜਾ ਸਕੇ।
ਪੱਤਰਕਾਰ ਮਿਲਣੀ ਦੌਰਾਨ ਮੈਡਮ ਲਾਂਬਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੇ ਖੁਦਮੁਖਤਿਆਰੀ ਫੈਂਸਲੇ ਕਾਰਣ ਆਪ ਪਾਰਟੀ ਨਾਲ ਜੁੜੇ ਬਹੁਤੇ ਲੋਕ ਆਪ ਨੂੰ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਹਲਕੇ ਦੀ ਗੱਲ ਕਰੀਏ ਤਾਂ ਰਾਏਕੋਟ ਤੋਂ ਆਪ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਸੀਨੀਅਰ ਵਕੀਲ ਐਚ.ਐਸ. ਫੂਲਕਾ, ਸ਼ਹੀਦ ਭਗਤ ਸਿੰਘ ਦਾ ਪਰਿਵਾਰ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਪਰਿਵਾਰ ਸਮੇਤ 20 ਵਿਧਾਇਕ ਅਤੇ ਤਿੰਨ ਸਾਂਸਦ ਮੈਂਬਰ ਪਾਰਟੀ ਤੋਂ ਅਸਤੀਫਾ ਦੇ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਜਾਤੀ ਕਾਰਡ ਖੇਡ ਰਿਹਾ ਹੈ। ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਅਰਵਿੰਦ ਕੇਜਰੀਵਾਲ ਇੱਕ ਗੱਲ ਦਾ ਜਵਾਬ ਦੇਵੇ ਕਿ ਦਿੱਲੀ ਮੰਤਰੀਂ ਮੰਡਲ ਵਿੱਚ ਪਿਛਲੇ ਅੱਠ ਸਾਲਾਂ ਦੌਰਾਨ ਕੋਈ ਸਿੱਖ ਚਿਹਰਾ ਕਿਉਂ ਨਹੀਂ ਸਾਮਿਲ ਕੀਤਾ ਗਿਆ। ਉਨ੍ਹਾਂ ਚਰਨਜੀਤ ਸਿੰਘ ਚੰਨੀਂ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਸ਼੍ਰੀ ਚੰਨੀਂ ਨੂੰ ਮੁੜ ਸੂਬੇ ਦਾ ਮੁੱਖ ਮੰਤਰੀਂ ਵੇਖਣਾ ਚਾਹੁੰਦੇਂ ਹਨ ਜੋ ਕਿ ਸਭ ਤੋਂ ਯੋਗ ਮੁੱਖ ਮੰਤਰੀਂ ਹੋਵੇਗਾ। ਪੰਜਾਬ ਚ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰਾ ਅਮਨ-ਅਮਾਨ ਨਾਲ ਰਹਿ ਰਿਹਾ ਹੈ ਪਰ ਦਿੱਲੀ ਦਾ ਕੇਜਰੀਵਾਲ ਇਨ੍ਹਾਂ ਚ ਵੰਡੀਆਂ ਪਾਉਣਾ ਚਾਹੁੰਦਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਇਤਨਾ ਹੀ ਇਮਾਨਦਾਰ ਦੱਸਦਾ ਹੈ ਤਾਂ ਹੁਣ ਤੱਕ ਆਏ ਚੋਣਾਂ ਦੇ ਚੰਦੇ ਬਾਰੇ ਸਾਰੇ ਵੇਰਵੇ ਜਨਤਕ ਕਰੇ।
ਮੈਡਮ ਲਾਂਬਾ ਨੇ ਇੱਕ ਅਖਬਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 822 ਕਰੋੜ ਰੁਪਿਆ ਸਿਰਫ ਫੋਕੀ ਇਸ਼ਤਿਹਾਰਬਾਜੀ ਉਤੇ ਖਰਚ ਕੀਤਾ ਹੈ ਜਦੋਂ ਕਿ ਦਿੱਲੀ ਦੇ ਲੋਕ ਮੁੱਢਲੀਆਂ ਸਹੂਲਤਾਂ ਲਈ ਵੀ ਤਰਸ ਰਹੇ ਹਨ। ਦਿੱਲੀ ਦੇ ਹਸਪਤਾਲਾਂ ਚ ਬੰਦ ਪਈਆਂ ਸਰਜਰੀ ਜਿਹੀਆਂ ਜ਼ਰੂਰੀ ਸੇਵਾਵਾਂ ਅਤੇ 70 ਫੀਸਦੀ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਉਤੇ ਉਂਗਲ ਚੁੱਕਦਿਆਂ ਅਲਕਾ ਲਾਂਬਾ ਦਾ ਕਹਿਣਾ ਸੀ ਕਿ ਪੰਜਾਬ ਅੰਦਰ ਮੁਹੱਲਾ ਕਲੀਨਿਕ ਖੋਲਣ ਦੇ ਨਾਂ ਉਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਦਿੱਲੀ ਦੇ ਵਿਧਾਇਕਾਂ ਖਿਲਾਫ ਆਏ ਦਿਨ ਭ੍ਰਿਸ਼ਟਾਚਾਰੀ ਦੀਆਂ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ ਪਰ ਇੱਥੇ ਉਹ ਉਲਟਾ ਭ੍ਰਿਸ਼ਟਾਚਾਰ ਤੋਂ ਮੁਕਤ ਸਰਕਾਰ ਦੇਣ ਦਾ ਢੌਂਗ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਅੰਦਰ 800 ਸ਼ਰਾਬ ਦੀਆਂ ਦੁਕਾਨਾਂ ਨਵੀਆਂ ਖੋਲੀਆਂ ਹਨ ਜਿਸ ਨਾਲ ਹੁਣ ਸਰਾਬ ਦੀ ਪਹੁੰਚ ਉਨ੍ਹਾਂ ਹਰੇਕ ਘਰ ਤੱਕ ਬਣਾ ਦਿੱਤੀ ਹੈ ਜਦੋਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਦਿੱਲੀ ਵਿੱਚ ਫੈਲੇ ਪ੍ਰਦੂਸ਼ਣ ਨੂੰ ਸਾਡੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਸਿਰ ਮੜ੍ਹ ਦਿੱਤਾ ਹੈ ਜੋ ਕਿ ਆਪਣੇ ਆਪ ਨੂੰ ਜਵਾਬਦੇਹੀ ਤੋਂ ਬਚਾਉਣ ਦਾ ਇੱਕ ਰਾਹ ਸੀ।
ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ 2024 ਚ ਮੁਲਖ ਦਾ ਪ੍ਰਧਾਨ-ਮੰਤਰੀਂ ਬਣਨਾ ਚਾਹੁੰਦਾ ਹੈ ਜਿਸ ਸੁਪਨੇ ਨੂੰ ਪੰਜਾਬੀ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।ਉਨ੍ਹਾਂ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੈਨੂੰ ਤੇਰੇ ਆਪਣਿਆਂ ਵਲੋਂ ਜਾਣਬੁੱਝਕੇ ਹਰਾਇਆ ਜਾਵੇਗਾ। ਪੰਜਾਬੀਆਂ ਨੂੰ ਇੱਕ ਅਜਿਹੇ ਮੁੱਖ ਮੰਤਰੀਂ ਦੀ ਲੋੜ ਹੈ ਜੋ ਕਿ ਕੇਂਦਰ ਚੋਂ ਮੋਦੀ ਸਰਕਾਰ ਪਾਸੋਂ ਆਪਣੇ ਹੱਕ ਲੜਕੇ ਲੈ ਸਕੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉਤੇ ਵੀ ਤਿੱਖੇ ਹਮਲਾ ਕਰਦਿਆਂ ਕਿਹਾ ਕਿ ਜਿਹੜਾ ਕੈਪਟਨ ਭਾਜਪਾ ਨੂੰ ਕਿਸਾਨਾਂ ਦੀ ਹਤਿਆਰੀ ਸਰਕਾਰ ਗਰਦਾਨਦਾ ਸੀ, ਅੱਜ ਉਹੋ ਹੀ ਉਸਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਰਲੇ ਕੈਪਟਨ ਸਮੇਤ ਸਾਰਿਆਂ ਦੀਆਂ ਜਮਾਨਤਾ ਜ਼ਬਤ ਹੋਣਗੀਆਂ।
ਅੰਤ ਚ ਕਾਂਗਰਸੀ ਉਮੀਦਵਾਰ ਸ਼੍ਰੀ ਕਾਮਿਲ ਨੇ ਹਲਕਾ ਵਾਸੀਆਂ ਤੋਂ ਮਿਲ ਰਹੇ ਅਥਾਹ ਪਿਆਰ ਉਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ ਜਿਸਤੋਂ ਜਾਪਦਾ ਹੈ ਕਿ ਰਾਏਕੋਟ ਤੋਂ ਕਾਂਗਰਸ ਦੀ ਜਿੱਤ ਪੱਕੀ ਹੈ। ਉਧਰ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਹਲਕੇ ਤੋਂ ਉਮੀਦਵਾਰ ਸ਼੍ਰੀ ਕਾਮਿਲ ਬਹੁਤ ਵੱਡੀ ਲੀਡ ਲੈਕੇ ਜਾਣਗੇ।