ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਸਰਕਾਰੀ ਕਾਲਜ ਵਿਖੇ ਸਟਰਾਂਗ ਰੂਮ ਦੀ ਚੈਕਿੰਗ ਕੀਤੀ
ਹਰੀਸ਼ ਕਾਲੜਾ
ਰੂਪਨਗਰ, 23 ਫਰਵਰੀ 2022: ਮੁੱਖ ਚੋਣ ਅਫਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਬੁੱਧਵਾਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਏ ਤਿੰਨ ਹਲਕਿਆਂ ਦੇ ਸਟਰਾਂਗ ਰੂਮ ਦੀ ਚੈਕਿੰਗ ਕੀਤੀ।
ਉਨ੍ਹਾਂ ਇਸ ਮੌਕੇ ਹਾਜ਼ਰ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ, ਰੂਪਨਗਰ ਵਿਧਾਨ ਸਭਾ ਹਲਕਾ ਅਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਦੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰੱਖੀ ਜਾਵੇ।
ਜ਼ਿਲ੍ਹਾ ਚੋਣ ਅਫਸਰ ਨੇ ਮੁੱਖ ਚੋਣ ਅਫਸਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੋਂ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਵਲੋਂ ਸਟਰਾਂਗ ਰੂਮਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਅਤੇ ਯਕੀਨੀ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਰਿਟਰਨਿੰਗ ਅਫਸਰ, ਨੋਡਲ ਅਫਸਰਾਂ ਅਤੇ ਹੋਰ ਤਕਨੀਕੀ ਸਟਾਫ ਨੇ ਪ੍ਰੀ-ਕਾਊਂਟਿੰਗ ਸਿਖਲਾਈ ਵੀ ਲਈ ਹੈ।
ਸੋਨਾਲੀ ਗਿਰਿ ਨੇ ਦੱਸਿਆ ਕਿ ਸਰਕਾਰੀ ਕਾਲਜ ਵਿਖੇ ਬਣਾਏ ਗਏ ਤਿੰਨੋਂ ਹਲਕੇ ਦੇ ਸਟਰਾਂਗ ਰੂਮਾਂ ਦੀ ਬਰੀਕੀ ਨਾਲ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਸਮੇਤ ਐਲ ਈ ਡੀ ਸਕਰੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਸੁਰੱਖਿਆ ਕਰਮੀਆਂ ਨੂੰ ਹਰ ਇੱਕ ਗਤੀਵਿਧੀ ਦੀ ਜਾਣਕਾਰੀ ਰਹੇ। ਉਨ੍ਹਾਂ ਦੱਸਿਆ ਕਿ ਰਾਤ ਦੇ ਸਮੇਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਕਾਲਜ ਵਿਖੇ ਲਾਈਟਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਇਥੇ ਉਮੀਦਵਾਰਾਂ/ਨੁਮਾਇੰਦਿਆਂ ਲਈ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਉੱਤੇ ਹੋਰਾਂ ਤੋਂ ਇਲਾਵਾ ਐਸ.ਪੀ. ਸ਼੍ਰੀ ਅੰਕੁਰ ਗੁਪਤਾ, ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੇਸ਼ਵ ਗੋਇਲ, ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ, ਰਿਟਰਨਿੰਗ ਅਫਸਰ ਸ਼੍ਰੀ ਚਮਕੌਰ ਸਾਹਿਬ ਸ. ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀਮਤੀ ਜਸਵੀਰ ਕੌਰ, ਤਹਿਸੀਲਦਾਰ ਮਨਜੀਤ ਸਿੰਘ ਰਾਜਲਾ ਡੀ ਐਸ ਪੀ ਆਰ ਰਵਿੰਦਰਪਾਲ ਸਿੰਘ, ਡੀ ਐਸ ਪੀ ਨਰਿੰਦਰ ਚੌਧਰੀ, ਐੱਸ ਐਚ ਓ ਗਗਨਪ੍ਰੀਤ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।