ਮੁੱਖ ਮੰਤਰੀ ਦੇ ਚੇਹਰੇ ਨੁੰ ਲੈ ਕੇ ਕਾਂਗਰਸ ਵਿਚ ਜੰਗ ਹੋਈ ਤੇਜ਼, ਪੜ੍ਹੋ ਕਿਸ ਕਿਸ ਨੇ ਕੀ ਕੀਤੀ ਮੰਗ
ਚੰਡੀਗੜ੍ਹ, 20 ਜਨਵਰੀ, 2022: ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨ ਕੇ ਸਾਂਝੀ ਲੀਡਰਸ਼ਿਪ ਦੇ ਅਧੀਨ ਪੰਜਾਬ ਚੋਣਾਂ ਲੜਨ ਦਾ ਫੈਸਲਾ ਕਾਂਗਰਸ ਦੇ ਸੀਨੀਅਰ ਆਗੂਆਂ ਨੁੰ ਹਜ਼ਮ ਨਹੀਂ ਹੋ ਰਿਹਾ। ਇਸ ਮਾਮਲੇ ਨੁੰ ਲੈ ਕੇ ਕਾਂਗਰਸ ਦੀ ਅੰਦਰੂਨੀ ਜੰਗ ਤੇਜ਼ ਹੋ ਗਈ ਹੈ।
ਲੰਘੇ ਕੱਲ੍ਹ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਚੰਨੀ ਨੁੰ ਮੁੱਖ ਮੰਤਰੀ ਅਹੁਦੇ ਲਈ ਚੇਹਰਾ ਐਲਾਨਣ ਦੀ ਕੀਤੀ ਮੰਗ ਮਗਰੋਂ ਹੁਣ ਤਿੰਨ ਹੋਰ ਕੈਬਨਿਟ ਮੰਤਰੀ ਚੰਨੀ ਦੇ ਹੱਕ ਵਿਚ ਨਿੱਤਰ ਆਏ ਹਨ। ਰਾਣਾ ਗੁਰਜੀਤ ਸਿੰਘ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਚੇਹਰੇ ਲਈ ਚੰਨੀ ਦੀ ਸਿੱਧੀ ਹਮਾਇਤ ਕੀਤੀ ਹੈ ਤਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਅਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਹੜਾ ਕਾਂਗਰਸ ਵਿਚ ਜ਼ਿਆਦਾ ਜਿੱਦਬਾਜ਼ੀ ਕਰਦਾ ਹੈ, ਉਸਨੁੰ ਪਾਰਟੀ ਪਸੰਦ ਨਹੀਂ ਕਰਦੀ।
ਦੂਜੇ ਪਾਸੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਹਾਈ ਕਮਾਂਡ ਨੁੰ ਮੁੱਖ ਮੰਤਰੀ ਦਾ ਚੇਹਰਾ ਐਲਾਨਣਾ ਚਾਹੀਦਾ ਹੈ ਤੇ ਚੰਨੀ ਇਸ ਅਹੁਦੇ ਲਈ ਸਹੀ ਉਮੀਦਵਾਰ ਹਨ।
ਰਾਣਾ ਗੁਰਜੀਤ ਸਿੰਘ ਨੇ ਵੀ ਚੰਨੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ ਤੇ ਕਿਹਾ ਹੈ ਕਿ ਚੰਨੀ ਇਕ ਚੰਗੇ ਇਨਸਾਨ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ। ਇਸ ਲਈ ਚੰਨੀ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਹੋਣੇ ਚਾਹੀਦੇ ਹਨ।
ਇਕ ਵਿਚਾਰ ਇਹ ਵੀ ਹੈ ਕਿ ਈ ਡੀ ਦੇ ਰੇਡ ਤੋਂ ਬਾਅਦ ਚੰਨੀ ਦਾ ਬਚਾਅ ਕਰਨ ਅਤੇ ਚੰਨੀ ਵੱਲੋਂ ਲਏ ਗਏ ਕੇਂਦਰ-ਵਿਰੋਧੀ ਅਤੇ ਮੋਦੀ-ਵਿਰੋਧੀ ਸਟੈੰਡ ਤੋਂ ਚੋਣਾਂ 'ਚ ਲਾਹਾ ਲੈਣ ਦੀ ਰਣਨੀਤੀ ਵੀ ਕਾਂਗਰਸ ਲੀਡਰਸ਼ਿਪ ਦੀ ਹੋ ਸਕਦੀ ਹੈ .