ਲੁਧਿਆਣਾ: ਪ੍ਰਸ਼ਾਸਨ ਵੱਲੋਂ 14 ਪਿੰਕ, 14 ਪੀ.ਡਬਲਿਊ.ਡੀ. ਤੇ 178 ਮਾਡਲ ਪੋਲਿੰਗ ਬੂਥ ਸਥਾਪਤ
- ਪਿੰਕ ਪੋਲਿੰਗ ਬੂਥਾਂ 'ਤੇ ਪੂਰਾ ਮਹਿਲਾ ਸਟਾਫ ਹੋਵੇਗਾ - ਵਰਿੰਦਰ ਕੁਮਾਰ ਸ਼ਰਮਾ
- ਡਿਪਟੀ ਕਮਿਸ਼ਨਰ ਨੇ ਦਾਖਾ ਹਲਕੇ 'ਚ 4 ਮਹਿਲਾ ਸਟਾਫ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਪੋਲਿੰਗ ਸਟੇਸ਼ਨ ਬਣਾਉਣ ਲਈ ਸਵੈ-ਇੱਛਾ ਨਾਲ ਕੰਮ ਕੀਤਾ
- 4 ਮਹਿਲਾ ਸਟਾਫ ਨਾਲ ਗੱਲਬਾਤ ਕੀਤੀ ਜੋ ਇਸ ਡਿਊਟੀ ਲਈ ਸਵੈ-ਇੱਛਾ ਨਾਲ ਕੰਮ ਕਰਦੀ ਹੈ
ਲੁਧਿਆਣਾ, 19 ਫਰਵਰੀ 2022 - ਸਮੁੱਚੀ ਪੋਲਿੰਗ ਪ੍ਰਕਿਰਿਆ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਜ਼ਿਲ੍ਹਾ ਲੁਧਿਆਣਾ ਨੇ ਜ਼ਿਲ੍ਹੇ ਵਿੱਚ 14 ਪਿੰਕ ਪੋਲਿੰਗ ਬੂਥ ਸਥਾਪਤ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ 14 ਪੋਲਿੰਗ ਬੂਥ ਸਾਰੇ 14 ਵਿਧਾਨ ਸਭਾ ਹਲਕਿਆਂ (ਹਰੇਕ ਹਲਕੇ ਵਿੱਚ ਇੱਕ) ਵਿੱਚ ਬਣਾਏ ਗਏ ਹਨ ਅਤੇ ਭਲਕੇ ਐਤਵਾਰ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਇਨ੍ਹਾਂ ਦਾ ਪ੍ਰਬੰਧ ਸਿਰਫ਼ ਮਹਿਲਾ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਪੋਲਿੰਗ ਬੂਥਾਂ 'ਤੇ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਗੁਲਾਬੀ ਰੰਗ ਵਿੱਚ ਰੰਗਿਆ ਗਿਆ ਹੈ ਜਿਸ ਵਿੱਚ ਕੰਧਾਂ, ਸ਼ਾਮਿਆਨਾਂ ਅਤੇ ਟੇਬਲ ਕਵਰ ਵੀ ਗੁਲਾਬੀ ਰੰਗ ਦੇ ਹਨ।
ਉਨ੍ਹਾਂ ਕਲਪਨਾ ਕੀਤੀ ਕਿ ਇਸ ਅਨੋਖੇ ਉੱਦਮ ਨਾਲ ਜਿੱਥੇ ਲਿੰਗਕ ਧਾਰਨਾਵਾਂ ਨੂੰ ਤੋੜਨ ਵਿੱਚ ਮਦਦ ਮਿਲੇਗੀ ਓਥੇ ਮਹਿਲਾ ਕਰਮਚਾਰਨਾਂ ਜਿਹੜੀਆਂ ਕਿ ਆਮ ਤੌਰ 'ਤੇ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਸਮਾਜ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਹੁਲਾਰਾ ਵੀ ਮਿਲੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਵੱਲ ਇੱਕ ਹੋਰ ਪੁਲਾਂਘ ਹੈ।
ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਦੌਰਾ ਕਰਨ ਮੌਕੇ, ਡਿਪਟੀ ਕਮਿਸ਼ਨਰ ਨੇ 4 ਔਰਤਾਂ ਅਨੀਤਾ ਦਿਓੜਾ, ਜਸਵੀਰ ਕੌਰ, ਰਜਨੀ ਅਤੇ ਪਾਇਲ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਖੁਦ ਦਾਖਾ ਹਲਕੇ ਵਿੱਚ ਇੱਕ ਮਹਿਲਾ ਪੋਲਿੰਗ ਸਟੇਸ਼ਨ ਬਣਾਉਣ ਲਈ ਸਵੈ-ਇੱਛਾ ਨਾਲ ਕੰਮ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 178 ਮਾਡਲ ਪੋਲਿੰਗ ਬੂਥਾਂ ਦੇ ਨਾਲ-ਨਾਲ 14 ਦਿਵਿਆਂਗ (ਪੀ.ਡਬਲਯੂ.ਡੀ.) ਬੂਥ ਵੀ ਬਣਾਏ ਗਏ ਹਨ।