ਵਿਧਾਨ ਸਭਾ ਚੋਣਾਂ -2022 ਤਹਿਤ ਤਿੰਨੋਂ ਹਲਕਿਆਂ ਦੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਬੰਧ ਮੁਕੰਮਲ - ਸੋਨਾਲੀ ਗਿਰਿ
ਹਰੀਸ਼ ਕਾਲੜਾ
ਰੂਪਨਗਰ , 9 ਮਾਰਚ 2022 : ਜ਼ਿਲ੍ਹਾ ਚੋਣ ਅਫਸਰ - ਕਮ - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ -2022 ਲਈ ਜ਼ਿਲ੍ਹਾ ਰੂਪਨਗਰ ਦੇ ਤਿੰਨੋਂ ਹਲਕਿਆਂ ਦੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਬੰਧਾਂ ਪੂਰਨ ਤੌਰ ਤੇ ਮੁਕੰਮਲ ਕਰ ਲਏ ਗਏ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਹਲਕਾ 49 - ਸ਼੍ਰੀ ਅਨੰਦਪੁਰ ਸਾਹਿਬ , 50 - ਰੂਪਨਗਰ ਅਤੇ 51 - ਸ਼੍ਰੀ ਚਮਕੌਰ ਸਾਹਿਬ ਦੇ ਵੋਟਾਂ ਦੀ ਗਿਣਤੀ ਲਈ 14 ਵੱਖ - ਵੱਖ ਪਾਰਟੀਆਂ ਪ੍ਰਤੀ ਹਲਕਾ ਤਾਇਨਾਤ ਕੀਤੀ ਗਈਆਂ ਹਨ ਜਦਕਿ 7 ਪਾਰਟੀਆਂ ਪ੍ਰਤੀ ਹਲਕਾ ਰਿਜ਼ਰਵ ਰੱਖੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਲਈ ਕੁੱਲ 63 ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ 42 ਪਾਰਟੀਆਂ ਨੂੰ ਤਿੰਨੋਂ ਹਲਕਿਆਂ ਦੀ ਚੋਣ ਪ੍ਰਕਿਰਿਆ ਲਈ ਲਗਾਇਆ ਗਿਆ ਹੈ ਉਸ ਪਾਰਟੀ ਵਿੱਚ ਇੱਕ ਟੇਬਲ ਉੱਤੇ ਕਾਊਂਟਿੰਗ ਸੁਪਰਵਾਇਜ਼ਰ , ਕਾਊਂਟਿੰਗ ਅਸਿਸਟੈਂਟ ਅਤੇ ਮਾਈਕਰੋ ਆਬਜ਼ਰਵਰ ਇੱਕ ਟੀਮ ਵਿੱਚ ਹੋਣਗੇ। ਇਸ ਸਾਰੀ ਪ੍ਰਕਿਰਿਆ ਨਿਗਰਾਨੀ ਚੋਣ ਆਬਜ਼ਰਵਰਾਂ ਵਲੋਂ ਕੀਤੀ ਜਾਵੇਗੀ ਅਤੇ ਇਸ ਦੀ ਵੀਡਿਓਗ੍ਰਾਫੀ ਵੀ ਕੀਤੀ ਜਾਵੇਗੀ।
ਸੋਨਾਲੀ ਗਿਰਿ ਨੇ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ।