ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ : ਡੀਸੀ ਸੰਗਰੂਰ
ਦਲਜੀਤ ਕੌਰ ਭਵਾਨੀਗੜ੍ਹ
ਧੂਰੀ, 9 ਮਾਰਚ, 2022: 20 ਫਰਵਰੀ ਨੂੰ ਪੰਜਾਬ ਵਿਧਾਨ ਸਭਾਵਾਂ ਦੀਆਂ ਹੋਈਆਂ ਚੋਣਾਂ ਦੌਰਾਨ ਜ਼ਿਲ੍ਹਾ ਸੰਗਰੂਰ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਅੱਜ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਪ੍ਰਰੈੱਸ ਕਾਨਫਰੰਸ ਦੌਰਾਨ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਵੋਟਿੰਗ ਮਸ਼ੀਨਾਂ ਅਤੇ ਗਿਣਤੀ ਅਮਲੇ ਦੀ ਸੁਰੱਖਿਆ ਲਈ ਪੰਜ ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਸੰਗਰੂਰ ਦੇ ਹਰੇਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ 14 ਟੇਬਲ ਲਗਾਏ ਗਏ ਹਨ, ਜਿਸ ਅਨੁਸਾਰ ਹਲਕਾ ਲਹਿਰਾ ਦੇ 186 ਬੂਥਾਂ ਦੇ 14 ਰਾਊਂਡ, ਦਿੜਬਾ ਦੇ 208 ਬੂਥਾਂ ਦੇ 15 ਰਾਊਂਡ, ਸੁਨਾਮ ਦੇ 209 ਬੂਥਾਂ ਦੇ 15 ਰਾਊਂਡ, ਧੂਰੀ ਦੇ 189 ਬੂਥਾਂ ਦੇ 14 ਰਾਉਂਡ ਅਤੇ ਸੰਗਰੂਰ ਦੇ 216 ਬੂਥਾਂ ਦੇ 16 ਰਾਊਂਡਾਂ ' ਚ ਵੋਟਾਂ ਦੀ ਗਿਣਤੀ ਮੁਕੰਮਲ ਹੋਵੇਗੀ, ਜਦੋਂ ਕਿ ਪੋਸਟਲ ਵੋਟਾਂ ਦੀ ਗਿਣਤੀ ਲਈ 500 ਵੋਟਾਂ ਪਿੱਛੇ 1 ਵੱਖਰੇ ਗਿਣਤੀ ਟੇਬਲ ਦਾ ਪ੍ਰਬੰਧ ਹੋਵੇਗਾ । ਉਨ੍ਹਾਂ ਦੱਸਿਆ ਕਿ ਹਰੇਕ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਇੱਕ ਗਜ਼ਟਿਡ ਅਫਸਰ, ਇੱੱਕ ਮਾਈਕਰੋ ਆਬਜ਼ਰਬਰ ਅਤੇ ਇੱਕ ਗਿਣਤੀ ਸਹਾਇਕ ਦੀ ਨਿਯੁਕਤੀ ਕੀਤੀ ਗਈ ਹੈ। ਜਦੋਂ ਕਿ ਇਨ੍ਹਾਂ ਸਾਰੇ ਗਿਣਤੀ ਪ੍ਰਬੰਧਾਂ ਦੀ ਦੇਖ ਰੇਖ ਚੰਡੀਗੜ੍ਹ ਤੋਂ ਮੁੱਖ ਚੋਣ ਅਧਿਕਾਰੀ ਵੱਲੋਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਮੀਡੀਆ ਵਾਸਤੇ ਵੱਖਰੇ ਤੌਰ ਤੇ ਮੀਡੀਆ ਸੈਂਟਰ ਬਣਾਇਆ ਗਿਆ ਹੈ, ਜਿੱਥੇ ਮੀਡੀਆ ਨੂੰ ਸਮੇਂ ਸਮੇਂ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਗਿਣਤੀ ਕੇਂਦਰਾਂ 'ਚ ਕਿਸੇ ਨੂੰ ਵੀ ਮੋਬਾਇਲ ਨਾਲ ਲੈਕੇ ਜਾਣ ਅਤੇ ਫੋਟੋ ਖਿੱਚਣ ਦੀ ਮਨਾਹੀ ਹੋਵੇਗੀ। ਇਸ ਮੌਕੇ ਐੱਸ ਪੀ ਸੰਗਰੂਰ ਕਰਨਵੀਰ ਸਿੰਘ ਅਤੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਅਮਨਦੀਪ ਸਿੰਘ ਪੰਜਾਬੀ ਵੀ ਮੌਜੂਦ ਸਨ।