ਵੋਟਾਂ ਦੀ ਗਿਣਤੀ ਵਾਲੇ ਦਿਨ ਮੀਡੀਆ ਸੈਂਟਰਾਂ 'ਤੇ ਤਾਇਨਾਤ ਹੋਣਗੇ ਵਲੰਟੀਅਰ
ਜੀ ਐਸ ਪੰਨੂ
ਪਟਿਆਲਾ , 9 ਮਾਰਚ,2022 - ਪੰਜਾਬ ਵਿਧਾਨ ਸਭਾ ਚੋਣਾਂ 2022 ਦੀ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਉਪਰ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤਾਇਨਾਤ ਹੋਣਗੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਉਪਰੋਕਤ ਵਲੰਟੀਅਰ ਪ੍ਰੈਸ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਸਹਾਇਤਾ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਲਈ ਵੱਖ ਵੱਖ ਲੋਕੇਸ਼ਨਾਂ ਉਪਰ 6 ਮੀਡੀਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿੱਥੇ ਪ੍ਰੈਸ ਅਤੇ ਮੀਡੀਆ ਨੂੰ ਹਰ ਰਾਊਂਡ ਤੋਂ ਬਾਅਦ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਮੌਕੇ ਰਿਸਰਚ ਅਫ਼ਸਰ ਡਾ. ਸੁਖਦਰਸ਼ਨ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਵੀ ਵਲੰਟੀਅਰਾਂ ਨੇ ਬਤੌਰ ਚੋਣ ਮਿੱਤਰ ਬਹੁਤ ਵਧੀਆ ਡਿਊਟੀ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਉਪਰ ਤਾਇਨਾਤ ਕੀਤੇ ਜਾਣ ਵਾਲੇ ਵਲੰਟੀਅਰ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ, ਸਰਕਾਰੀ ਆਈ ਟੀ ਆਈ ਨਾਭਾ ਰੋਡ ਪਟਿਆਲਾ ਅਤੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਹਨ। ਵਲੰਟੀਅਰਾਂ ਦੀ ਨਿਗਰਾਨੀ ਪ੍ਰੋਗਰਾਮ ਅਫ਼ਸਰ ਰਾਸ਼ਟਰੀ ਸੇਵਾ ਯੋਜਨਾ ਜਗਦੀਪ ਜੋਸ਼ੀ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕੀ ਮੀਡੀਆ ਨੂੰ ਡੀ ਪੀ ਆਰ ਓ ਦਫ਼ਤਰ ਸੇਧ ਦੇਣ ਯੋਗ ਨਹੀਂ ਹੈ ਜਾਂ ਮੀਡੀਆ ਨੂੰ ਇਨੀਂ ਯੋਗਤਾ ਨਹੀਂ ਹੈ? ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਸੋ ਸਾਧਨਾਂ ਨੂੰ ਯੋਗ ਤਰੀਕੇ ਦੀ ਲੋੜ ਹੈ। ਮੀਡੀਆ ਆਪਣੇ ਆਪ ਵਿੱਚ ਸਪੁੰਰਣ ਹੈ।