ਵੋਟਾਂ ਪਿੱਛੋਂ ਬੈਂਗਣੀ ਉੱਘੜਿਆ: ਪੁਲਿਸ ਨੇ ਧੱਕੇ ਨਾਲ ਫਰੋਲਿਆ ਡੇਰਾ ਪ੍ਰੇਮੀ ਦਾ ਘਰ
ਅਸ਼ੋਕ ਵਰਮਾ
ਬਠਿੰਡਾ,28ਫਰਵਰੀ 2022: ਵਿਧਾਨ ਸਭਾ ਚੋਣਾਂ ਨੂੰ ਲੈਕੇ ਵੋਟਾਂ ਪੈਣ ਤੋਂ ਬਾਅਦ ਬਠਿੰਡਾ ਜਿਲ੍ਹੇ ’ਚ ਪੰਜਾਬ ਪੁਲਿਸ ਦਾ ਬੈਂਗਣੀ ਉੱਘੜਨ ਲੱਗਿਆ ਹੈ। ਥਾਣਾ ਨੰਦਗੜ੍ਹ ਅਧੀਨ ਆਉਂਦੇ ਪਿੰਡ ਬਹਾਦਰਗੜ੍ਹ ਜੰਡੀਆਂ ’ਚ ਸ਼ਰਾਬ ਦੇ ਠੇਕੇਦਾਰ ਦੀ ਕਥਿਤ ਸ਼ਹਿ ’ਤੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਨਜਾਇਜ ਸ਼ਰਾਬ ਦੇ ਸ਼ੱਕ ’ਚ ਪਿੰਡ ਦੇ ਇੱਕ ਡੇਰਾ ਸਿਰਸਾ ਦੇ ਪੈਰੋਕਾਰ ਪ੍ਰੀਵਾਰ ਦੇ ਘਰ ਦੀ ਧੱਕੇ ਨਾਲ ਤਲਾਸ਼ੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਇਸ ਕਾਰਵਾਈ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਚਾਇਤ ਵੱਲੋਂ ਮਾਮਲੇ ਦਾ ਨੋਟਿਸ ਲੈਣ ਤੋਂ ਬਾਅਦ ਨਵਾਂ ਰੱਫੜ ਬਣਦਾ ਦਿਖਾਈ ਦੇ ਰਿਹਾ ਹੈ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਸਿੱਧੇ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਮਸਲੇ ਦਾ ਢੁੱਕਵਾਂ ਹੱਲ ਨਾਂ ਕੀਤਾ ਤਾਂ ਪਿੰਡ ਵਿੱਚੋਂ ਸ਼ਰਾਬ ਦੇ ਠੇਕਾ ਚੁਕਵਾਉਣ ਲਈ ਮੋਰਚਾ ਲਾਇਆ ਜਾਏਗਾ। ਕਿਸਾਨ ਯੂਨੀਅਨ ਦੇ ਆਗੂ ਤੇ ਪਿੰਡ ਵਾਸੀ ਧਰਮਪਾਲ ਸਿੰਘ ਜੰਡੀਆਂ ਨੇ ਅੱਜ ਸੋਸ਼ਲ ਮੀਡੀਆ ਫੇਸਬੱਕ ਤੇ ਲਾਈਵ ਹੋਕੇ ਪੀੜਤ ਪ੍ਰੀਵਾਰ ਦੀ ਮਾਨਸਿਕ ਅਤੇ ਘਰ ਦੀ ਸਥਿਤੀ ਬਿਆਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਹਾਦਰਗੜ ਜੰਡੀਆਂ ਵਿਖੇ ਬੀਤੇ ਦਿਨ ਦੋ ਗੱਡੀਆਂ ਅਤੇ ਚਾਰ ਮੋਟਰਸਾਈਕਲਾਂ ਤੇ ਡੇਢ ਦਰਜ਼ਨ ਦੇ ਕਰੀਬ ਵਰਦੀਧਾਰੀ ਪੁਲਸ ਮੁਲਾਜਮਾਂ ਜਿੰਨ੍ਹਾਂ ’ਚ ਲੇਡੀ ਪੁਲਿਸ ਵੀ ਸੀ ਨੇ 27 ਫਰਵਰੀ ਨੂੰ ਪਿੰਡ ਦੇ ਤਾਰ ਸਿੰਘ ਦੇ ਘਰ ਛਾਪਾ ਮਾਰਿਆ ਸੀ।
ਉਨ੍ਹਾਂ ਦੱਸਿਆ ਕਿ ਉਸ ਵਕਤ ਘਰ ’ਚ ਨਾਬਾਲਾਗ ਲੜਕੀ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੜਕੀ ਨੂੰ ਕਥਿਤ ਤੌਰ ਤੇ ਦਬਕੇ ਮਾਰੇ ਅਤੇ ਘਰ ਦੀ ਚੱਪੇ-ਚੱਪੇ ਦੀ ਤਲਾਸ਼ੀ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜਮਾਂ ਨੇ ਸ਼ਰਾਬ ਦੇ ਸ਼ੱਕ ’ਚ ਬਰਛੇ ਵਰਗੇ ਤੇਜਧਾਰ ਹਥਿਆਰ ਨਾਲ ਧਰਤੀ ’ਚ ਹੁੱਝਾਂ ਵੀ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਆਟਾ ਤੱਕ ਫਰੋਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰਾ ਪ੍ਰੀਵਾਰ ਡੇਰਾ ਸਿਰਸਾ ਦਾ ਪੈਰੋਕਾਰ ਹੈ ਇਸ ਲਈ ਸ਼ਰਾਬ ਜਾਂ ਕੋਈ ਨਸ਼ਾ ਵਰਤਣ ਜਾਂ ਵੇਚਣ ਦਾ ਤਾਂ ਸਵਾਲ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਤਾਂ ਪਰਿਵਾਰ ਦੇ ਕੁੱਝ ਮੈਂਬਰ ਵਿਆਹ ਗਏ ਹੋਏ ਸਨ ਜਦੋਂਕਿ ਦੂਸਰਾ ਆਪਣੇ ਨੂੰਹ ਨੂੰ ਦਵਾਈ ਦਵਾਉਣ ਲਈ ਬਾਹਰ ਲੈਕੇ ਗਿਆ ਹੋਇਆ ਸੀ ਘਰ ’ਚ ਸਿਰਫ ਉਨਾਂ ਦੀ ਨਾਬਾਲਾਗ ਲੜਕੀ ਹੀ ਸੀ। ਉਨ੍ਹਾਂ ਕਿਹਾ ਕਿ ਵਰਦੀਧਾਰੀਆਂ ਨੇ ਤਲਾਸ਼ੀ ਲੈਣ ਦਾ ਪ੍ਰੀਵਾਰ ਨੂੰ ਕੋਈ ਕਾਰਨ ਵੀ ਨਹੀਂ ਦੱਸਿਆ । ਕਿਸਾਨ ਆਗੂ ਨੇ ਖਦਸ਼ਾ ਜਤਾਇਆ ਕਿ ਇਸ ਤਰਾਂ ਤਾਂ ਇੱਕ ਭੋਲੇ ਭਾਲੇ ਪ੍ਰੀਵਾਰ ਦੇ ਘਰ ਕੁੱਝ ਵੀ ਰੱਖਕੇ ਫਸਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜੇਕਰ ਤਲਾਸ਼ੀ ਲੈਣੀ ਵੀ ਸੀ ਤਾਂ ਪੰਚਾਇਤ ਦੇ ਪ੍ਰਤੀਨਿਧ ਨੂੰ ਨਾਲ ਲੈਣਾ ਚਾਹੀਦਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਪੰਚਾਇਤੀ ਤੌਰ ’ਤੇ ਉਨ੍ਹਾਂ ਥਾਣਾ ਨੰਦਗੜ੍ਹ ਦੇ ਐਸ ਐਚ ਓ ਨੂੰ ਤਲਾਸ਼ੀ ਸਬੰਧੀ ਪੁੱਛਿਆ ਤਾਂ ਪੁਲਿਸ ਅਧਿਕਾਰੀ ਨੇ ਉਸ ਦਿਨ ਬਾਹਰ ਹੋਣ ਦੀ ਗੱਲ ਆਖਕੇ ਮਾਮਲੇ ਤੋਂ ਅਣਜਾਣਤਾ ਜਤਾਈ ਹੈ। ਉਨ੍ਹਾਂ ਆਖਿਆ ਕਿ ਪੁੱਛੇ ਜਾਣ ਤੇ ਸ਼ਰਾਬ ਨੇ ਠੇਕੇਦਾਰ ਨੇ ਵੀ ਤਲਾਸ਼ੀ ਲੈਣ ਵਾਲੇ ਬੰਦੇ ਉਸ ਦੇ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਵਾਲਿਆਂ ਦਾ ਕੋਈ ਥਹੁ ਪਤਾ ਨਾਂ ਲੱਗਣ ਕਾਰਨ ਪ੍ਰੀਵਾਰ ’ਚ ਸਹਿਮ ਦਾ ਮਹੌਲ ਹੈ। ਉਨਾਂ ਕਿਹਾ ਕਿ ਜੇਕਰ ਪੁਲਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਸੱਚ ਸਾਹਮਣੇ ਨਾ ਲਿਆਦਾ ਗਿਆ ਤਾਂ ਜੱਥੇਬੰਦੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ’ਚ ਚਲਾਏ ਸ਼ਰਾਬ ਦੇ ਠੇਕੇ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਤੱਖਾ ਸੰਘਰਸ਼ ਵਿੱਢੇਗੀ।
ਐਸ ਐਚ ਓ ਨੇ ਪੱਲਾ ਝੜਿਆ
ਥਾਣਾ ਨੰਦਗੜ ਦੇ ਮੁੱਖ ਥਾਣਾ ਅਫਸਰ ਬੇਅੰਤ ਸਿੰਘ ਦਾ ਕਹਿਣਾ ਸੀ ਕਿ ਉਹ ਬਾਹਰ ਹਨ, ਥਾਣੇ ’ਚ ਜਾ ਕੇ ਹੀ ਕੁੱੱਝ ਦੱਸ ਸਕਣਗੇ। ਜਦੋਂ ਜਾਣਕਾਰੀ ਹਾਸਲ ਕਰਨ ਦੇ ਮਕਸਦ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਸੂਚਨਾ ਦੇ ਅਧਾਰ ਤੇ ਛਾਪਾ : ਡੀ ਐਸ ਪੀ
ਡੀ ਐਸ ਪੀ ਦਿਹਾਤੀ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਸ਼ਰਾਬ ਦੇ ਮਾਮਲੇ ’ਚ ਕਿਸੇ ਗੁਪਤ ਸੂਚਨਾ ਦੇ ਅਧਾਰ ਤੇ ਸ਼ਰਾਬ ਦੇ ਪੁਲਿਸ ਪਾਰਟੀ ਬਹਾਦਰਗੜ੍ਹ ਜੰਡੀਆਂ ’ਚ ਛਾਪਾ ਮਾਰਨ ਗਈ ਸੀ । ਉਨ੍ਹਾਂ ਕਿਹਾ ਕਿ ਇਹ ਪੁਲਿਸ ਦੀ ਡਿਊਟੀ ਵੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਤਾ ਲੱਗਿਆ ਕਿ ਇਹ ਘਰ ਡੇਰਾ ਪ੍ਰੇਮੀ ਪ੍ਰੀਵਾਰ ਦਾ ਹੈ ਤਾਂ ਪੁਲਿਸ ਪਾਰਟੀ ਤੁਰੰਤ ਵਾਪਿਸ ਪਰਤ ਆਈ। ਉਨ੍ਹਾਂ ਆਖਿਆ ਕਿ ਪੁਲਿਸ ਨੇ ਕਈ ਧੱਕਾ ਨਹੀਂ ਕੀਤਾ ਹੈ।