ਵੋਟ ਮਜ਼ਬੂਰੀਆਂ: ਵੱਡੇ ਘਰਾਂ ਦੀਆਂ ਨੂੰਹਾਂ ਨੇ ਜੋੜੇ ਆਮ ਲੋਕਾਂ ਅੱਗੇ ਹੱਥ
ਅਸ਼ੋਕ ਵਰਮਾ
ਬਠਿੰਡਾ,5ਫਰਵਰੀ2022: ਰਾਜਸੀ ਪੱਖ ਤੋਂ ਅਹਿਮ ਸਮਝੀਆਂ ਜਾ ਰਹੀਆਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੜਾਕੇ ਦੀ ਠੰਢ ਦੇ ਬਾਵਜੂਦ ਵੋਟਾਂ ਦੀ ਮਜਬੂਰੀ ਕਾਰਨ ਸਿਆਸੀ ਅਤੇ ਵੱਡੇ ਘਰਾਣਿਆਂ ਦੀਆਂ ਨੂੰਹਾਂ ਨੇ ਹਰ ਛੋਟੇ ਵੱਡੇ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਹਨ। ਸਟਾਰ ਪ੍ਰਚਾਰਕ ਵਜੋਂ ਵੋਟਾਂ ਮੰਗਣ ’ਚ ਜੁਟੀਆਂ ਇੰਨ੍ਹਾਂ ਨੂੰਹਾਂ ਵਿੱਚੋਂ ਕੋਈ ਪਤੀ ਖਾਤਰ ਦਿਨ ਰਾਤ ਇੱਕ ਕਰ ਰਹੀ ਹੈ ਜਦੋਂਕਿ ਕੁੱਝ ਨੇ ਸਹੁਰੇ ਖਾਤਰ ਮੋਰਚਾ ਮੱਲਿਆ ਹੋਇਆ ਹੈ। ਜਿਵੇਂ ਜਿਵੇਂ ਪੋÇਲੰਗ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ ਸਿਆਸੀ ਨੇਤਾ ਆਪਣੀ ਪ੍ਰੀਵਾਰਕ ਤਾਕਤ ਝੋਕਣ ਲੱਗੇ ਹਨ। ਚੋਣ ਲੜਨ ਵਾਲੀਆਂ ਧਿਰਾਂ ਜਿਆਦਾ ਅਤੇ ਮੁਕਾਬਲੇ ਸਖਤ ਹੋਣ ਕਰਕੇ ਇਹ ਚੋਣਾਂ ਉਮੀਦਵਾਰਾਂ ਦੇ ਪ੍ਰੀਵਾਰਾਂ ਲਈ ਵੀ ਪਰਖ ਸਾਬਤ ਹੋਣ ਜਾ ਰਹੀਆਂ ਹਨ ।
ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਸਹੁਰੇ ਪ੍ਰਕਾਸ਼ ਸਿੰਘ ਬਾਦਲ ਅਤੇ ਪਤੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੀ ਹੈ। ਚੋਣ ਪ੍ਰਚਾਰ ’ਚ ਮਾਹਿਰ ਹਰਸਿਮਰਤ ਬਾਦਲ ਨੂੰ ਤਾਂ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਅਤੇ ਭਰਜਾਈ ਗੁਨੀਵ ਕੌਰ ਦਾ ਚੋਣ ਮੋਰਚਾ ਵੀ ਮੱਲਣਾ ਪੈਣਾ ਹੈ। ਇਸੇ ਤਰਾਂ ਹੀ ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ‘ਅਰਥ ਸ਼ਾਸ਼ਤਰ ’ਚ ਪੀਐਚਡੀ’ ਨੂੰਹ ਅਮਨਦੀਪ ਕੌਰ ਵੱਲੋਂ ਵੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਪੰਜਾਬ ਅਤੇ ਬਠਿੰਡਾ ਦੇ ਹਕੀਕੀ ਵਿਕਾਸ ਖਾਤਰ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਦਾ ਸੱਦਾ ਦੇ ਰਹੀ ਹੈ।
ਹੰਢੇ ਹੋਏ ਸਿਆਸੀ ਨੇਤਾ ਦੀ ਤਰਾਂ ਆਪਣੇ ਸਹੁਰੇ ਲਈ ਘਰ ਘਰ ਜਾਕੇ ਵੋਟਾਂ ਦੀ ਮੰਗ ਕਰ ਰਹੀ ਅਮਨਦੀਪ ਕੌਰ ਵੱਲੋਂ ਵੋਟਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਬਦਲਾਅ ਲਾਜ਼ਮੀ ਕਿਉਂ ਹੈ। ਅਮਨਦੀਪ ਕੌਰ ਦੇ ਨਾਲ ਜਗਰੂਪ ਗਿੱਲ ਦੀ ਭਤੀਜੀ ਪਰਮਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ’ਚ ਸ਼ਾਮਲ ‘ਮਹਿਲਾ ਸ਼ਕਤੀ’ ਸ਼ਹਿਰ ’ਚ ਪਿਛਲੇ ਪੰਜ ਸਾਲ ਦੌਰਾਨ ਬਣੇ ਹਾਲਾਤਾਂ ਤੋਂ ਵੀ ਜਾਣੂੰ ਕਰਵਾ ਰਹੀਆਂ ਹਨ। ਅਮਨਦੀਪ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਵਧੀਆਂ ਹੁੰਗਾਰਾ ਮਿਲ ਰਿਹਾ ਹੈ।
ਏਦਾਂ ਹੀ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਨੂੰਹ ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਧਰਮਪਤਨੀ ਵੀਨੂੰ ਬਾਦਲ ਨੇ ਵੀ ਹਲਕੇ ‘ਚ ਡੇਰੇ ਲਾਏ ਹੋਏ ਹਨ। ਵੀਨੂੰ ਬਾਦਲ ਚੋਣ ਮੁਹਿੰਮ ਦੌਰਾਨ ਬਠਿੰਡਾ ਸ਼ਹਿਰੀ ਹਲਕੇ ਦੇ ਘਰ ਘਰ ਜਾਕੇ ਵੋਟਾਂ ਦੀ ਮੰਗ ਕਰ ਰਹੀ ਹੈ। ਵੀਨੂੰ ਬਾਦਲ ਦੱਸਦੀ ਹੈ ਕਿ ਮਨਪ੍ਰੀਤ ਨੇ ਸ਼ਹਿਰ ਦਾ ਕਿੰਨਾਂ ਵਿਕਾਸ ਕਰਵਾਇਆ ਹੈ ਇਸ ਲਈ ਉਨ੍ਹਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਏ। ਮਨਪ੍ਰੀਤ ਬਾਦਲ ਦੇ ਲੜਕੇ ਅਰਜੁਨ ਬਾਦਲ ਅਤੇ ਧੀਅ ਰੀਆ ਬਾਦਲ ਵੀ ਆਪਣੇ ਪਿਤਾ ਲਈ ਵੋਟਾਂ ਮੰਗ ਰਹੇ ਹਨ।
ਅਕਾਲੀ ਦਲ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਨੂੰਹ ਗੁਰਰੀਤ ਸਿੰਗਲਾ ਨੇ ਸ਼ਹਿਰ ‘ਚ ਲੋਕਾਂ ਨੂੰ ਆਪਣੇ ਸਹੁਰੇ ਵੱਲੋਂ ਗਠਜੋੜ ਸਰਕਾਰ ਦੇ ਰਾਜ ਭਾਗ ਦੌਰਾਨ ਕਰਵਾਏ ਕੰਮਾਂ ਦੇ ਅਧਾਰ ਦੇ ਨਾਮ ਤੇ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ। ਉੱਚੀ ਵਿੱਦਿਅਕ ਯੋਗਤਾ ਰੱਖਦੀ ਗੁਰਰੀਤ ਸਿੰਗਲਾ ਵੱਲੋਂ ਸ਼ਹਿਰ ਦੇ ਪੜ੍ਹੇ ਲਿਖੇ ਨੌਜਵਾਨ ਵੋਟਰਾਂ ਅਤੇ ਔਰਤਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ । ਵਿਧਾਨ ਸਭਾ ਹਲਕੇ ਮਜੀਠਾ ਤੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਕਾਲੀ ਉਮੀਦਵਾਰ ਪਤਨੀ ਗੁਨੀਵ ਕੌਰ ਨੇ ਵੀ ਹਲਕੇ ’ਚ ਚੋਣ ਪ੍ਰਚਾਰ ਵਿੱਢ ਦਿੱਤਾ ਹੈ।
ਘਰੇਲੂ ਔਰਤ ਵਾਂਗ ਵਿਚਰਨ ਵਾਲੀ ਗੁਨੀਵ ਕੌਰ ਨੂੰ ਪਤੀ ਮਜੀਠੀਆ ਵੱਲੋਂ ਅੰਮ੍ਰਿਤਸਰ ਤੋਂ ਚੋਣ ਲੜਨ ਕਾਰਨ ਮੈਦਾਨ ’ਚ ਉਤਰਨਾ ਪਿਆ ਹੈ। ਫ਼ਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਸੁਖਜੀਵ ਕੌਰ ਰੋਮਾਣਾ ਨੇ ਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਪਤੀ ਦੇ ਹੱਕ ’ਚ ਹਰ ਗਲੀ ਮੁਹੱਲੇ ’ਚ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਸੇਖੋਂ ਵੱਲੋਂ ਵੀ ਆਪਣੇ ਪਤੀ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਐਤਕੀਂ ਪਹਿਲੀ ਵਾਰ ਚੋਣ ਪ੍ਰਚਾਰ ’ਚ ਕਰਨ ਵਾਲੀ ਬੇਅੰਤ ਕੌਰ ਸੇਖੋਂ ਨੇ ਆਖਿਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਪਤਨੀ ਅਮਨਜੋਤ ਕੌਰ ਢਿੱਲੋਂ ਵੀ ਪਤੀ ਖਾਤਰ ਸਰਗਰਮ ਹੈ। ਪੰਜਾਬ ਦੇ ਹੋਰ ਵੀ ਹਲਕੇ ਹਨ ਜਿੱਥੇ ਮਾਵਾਂ ਪੁੱਤਾਂ ਲਈ ਸਫਲਤਾ ਮੰਗ ਰਹੀਆਂ ਹਨ ਤਾਂ ਭੈਣਾਂ ਭਰਾਵਾਂ ਨੂੰ ਅਤੇ ਪਤਨੀਆਂ ਵੀ ਪਤੀਆਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ਦੇ ਯਤਨਾਂ ’ਚ ਲੱਗੀਆਂ ਹੋਈਆਂ ਹਨ।
ਵੋਟ ਮਜ਼ਬੂਰੀਆਂ ਦਾ ਸਵਾਲ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਇਸ ਵਾਰ ਦੀਆਂ ਚੋਣਾਂ ਹਰ ਸਿਆਸੀ ਧਿਰ ਅਤੇ ਹਰੇਕ ਲੀਡਰ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਵਕਾਰ ਦਾਅ ‘ਤੇ ਲੱਗਿਆ ਹੋਣ ਕਰਕੇ ਨੇਤਾ ਜਿੱਤਣ ਵਾਸਤੇ ਹਰ ਹੀਲਾ ਵਰਤਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਈ ਵੱਡੇ ਲੋਕ ਤਾਂ ਅਜਿਹੇ ਵੀ ਹਨ ਜੋ ਆਮ ਆਦਮੀ ਦੇ ਨੇੜੇ ਨਹੀਂ ਢੁੱਕਦੇ ਸਨ ਪਰ ਹੁਣ ਵੋਟ ਮਜ਼ਬੂਰੀ ਨੇ ਵੋਟਰਾਂ ਨੂੰ ਗਲਵੱਕੜੀਆਂ ਪੁਆ ਦਿੱਤੀਆਂ ਹਨ।