ਸ਼ੁੱਕਰਵਾਰ ਨੂੰ ਜਾਰੀ ਹੋ ਸਕਦੀ ਹੈ ਪੰਜਾਬ ਚੋਣਾਂ ਲਈ ਬਾਕੀ ਰਹਿ ਗਏ 31 ਕਾਂਗਰਸੀ ਉਮੀਦਵਾਰਾਂ ਦੀ ਸੂਚੀ
- ਔਰਤਾਂ ਨੂੰ ਅੱਗੇ ਲਿਆਉਣ ਦੀ ਨੀਤੀ ਤਹਿਤ ਜੈਤੋ ਰਿਜਰਵ ਹਲਕੇ ਤੋਂ ਸੰਸਦ ਮੈਂਬਰ ਮੁਹੱਮਦ ਸਦੀਕ ਦੀ ਬੇਟੀ ਜਾਵੇਦ ਅਖਤਰ ਨੂੰ ਮਿਲ ਸਕਦੀ ਹੈ ਟਿਕਟ
ਦੀਪਕ ਗਰਗ
ਚੰਡੀਗੜ੍ਹ 20 ਜਨਵਰੀ 2022 - ਪੰਜਾਬ ਚੋਣਾਂ ਲਈ ਕਾਂਗਰਸ ਨੇ ਕੁੱਲ 117 ਵਿੱਚੋਂ 86 ਸੀਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਫਿਲਹਾਲ 31 ਸੀਟਾਂ ਦੀ ਸੂਚੀ ਦਾ ਇੰਤਜ਼ਾਰ ਹੈ। ਪਹਿਲੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਕਾਂਗਰਸ ਨੂੰ ਸਖ਼ਤ ਮਿਹਨਤ ਕਰਨੀ ਪਈ ਸੀ। ਕਈ ਟਿਕਟਾਂ ਨੂੰ ਲੈ ਕੇ ਵਿਵਾਦ ਵੀ ਹੋਇਆ। ਅੰਤ ਵਿੱਚ ਸਰਬਸੰਮਤੀ ਨਾਲ 86 ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਸੂਤਰਾਂ ਮੁਤਾਬਿਕ ਕਾਂਗਰਸ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਭਲਕੇ ਆਵੇਗੀ। ਇਸ ਦੇ ਲਈ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਇਸ ਵਿੱਚ ਕਾਂਗਰਸ ਦੇ ਉਨ੍ਹਾਂ 12 ਵਿਧਾਇਕਾਂ ਦੀ ਟਿਕਟ ਵੀ ਤੈਅ ਹੋਵੇਗੀ। ਜਿਨ੍ਹਾਂ ਵਿੱਚੋਂ ਕੁਝ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਨਾਲ, ਕੁਝ ਦੇ ਵਿਧਾਨ ਸਭਾ ਹਲਕੇ ਬਦਲੇ ਜਾ ਸਕਦੇ ਹਨ। ਇਸ ਸੂਚੀ ਵਿਚ ਮਹਿਲਾ ਉਮੀਦਵਾਰਾਂ ਨੂੰ ਤਰਜੀਹ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ।
ਇਨ੍ਹਾਂ ਵਿਧਾਇਕਾਂ ਨੂੰ ਕਾਂਗਰਸ ਦੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਥਾਂ ਨਹੀਂ ਮਿਲੀ। ਇਸ ਤੋਂ ਇਲਾਵਾ ਬਟਾਲਾ ਸਮੇਤ ਕਈ ਅਜਿਹੀਆਂ ਸੀਟਾਂ ਹਨ, ਜਿੱਥੇ ਬਗਾਵਤ ਨੂੰ ਲੈ ਕੇ ਮੰਥਨ ਹੋਵੇਗਾ।
ਖਡੂਰ ਸਾਹਿਬ: ਰਮਨਜੀਤ ਸਿੰਘ ਸਿੱਕੀ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਇਸ ਵਾਰ ਇੱਥੋਂ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਆਪਣੇ ਜਾਂ ਆਪਣੇ ਪੁੱਤਰ ਲਈ ਟਿਕਟ ਦੀ ਮੰਗ ਕਰ ਰਹੇ ਹਨ। ਜਿਸ ਕਾਰਨ ਇਸ ਸੀਟ 'ਤੇ ਪੇਚ ਫਸਿਆ ਹੋਇਆ ਹੈ।
ਫਾਜ਼ਿਲਕਾ: ਇੱਥੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਹਨ। ਉਹ ਲੇਡੀ ਐਸਐਚਓ ਨਾਲ ਬਦਸਲੂਕੀ ਕਰਕੇ ਵਿਵਾਦ ਚ ਰਹੇ ਹਨ। ਉਨ੍ਹਾਂ ਦੇ ਇਲਾਕੇ ਵਿੱਚ ਵੀ ਇਸ ਨੂੰ ਲੈਕੇ ਰੋਸ ਹੈ। ਇੱਥੋਂ ਸੁਨੀਲ ਜਾਖੜ ਵੀ ਘੁਬਾਇਆ ਦੀ ਟਿਕਟ ਦਾ ਵਿਰੋਧ ਕਰ ਰਹੇ ਹਨ।
ਫ਼ਿਰੋਜ਼ਪੁਰ ਦਿਹਾਤੀ: ਸਤਕਾਰ ਕੌਰ ਇੱਥੋਂ ਕਾਂਗਰਸ ਦੀ ਮੌਜੂਦਾ ਵਿਧਾਇਕ ਹੈ। ਸਰਵੇਖਣ ਵਿੱਚ ਉਨ੍ਹਾਂ ਦਾ ਫੀਡਬੈਕ ਸਹੀ ਨਹੀਂ ਮਿਲਿਆ ਹੈ। ਉਨ੍ਹਾਂ ਦੀ ਟਿਕਟ ਕੱਟ ਕੇ ਇਸ ਵਾਰ ਇੱਥੋਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਛੱਡਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਆਸ਼ੂ ਬੰਗੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।
ਖੇਮਕਰਨ: ਸੁਖਪਾਲ ਭੁੱਲਰ ਇੱਥੋਂ ਦੇ ਵਿਧਾਇਕ ਹਨ। ਉਨ੍ਹਾਂ ਦੇ ਪਿਤਾ ਗੁਰਚੇਤ ਸਿੰਘ ਭੁੱਲਰ ਵੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਦੋਵੇਂ ਹੀ ਟਿਕਟ ਦੀ ਮੰਗ ਕਰ ਰਹੇ ਹਨ।
ਅਟਾਰੀ : ਇੱਥੋਂ ਦੇ ਮੌਜੂਦਾ ਵਿਧਾਇਕ ਤਰਸੇਮ ਸਿੰਘ ਡੀ.ਸੀ. ਉਹ ਸਾਬਕਾ ਆਈ.ਏ.ਐਸ ਅਧਿਕਾਰੀ ਵੀ ਰਹੇ ਹਨ. ਪਹਿਲਾਂ ਇੱਥੋਂ ਲਖਵਿੰਦਰ ਵਡਾਲੀ ਨੂੰ ਉਤਾਰਨ ਦੀ ਤਿਆਰੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਵਾਰ ਇੱਥੋਂ ਕੋਈ ਨਵਾਂ ਚਿਹਰਾ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਜਲਾਲਾਬਾਦ: ਰਮਿੰਦਰ ਆਵਲਾ ਇੱਥੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਰਾਣਾ ਗੁਰਮੀਤ ਸੋਢੀ ਦੇ ਕਾਂਗਰਸ ਛੱਡਣ ਤੋਂ ਬਾਅਦ ਉਹ ਗੁਰੂਹਰਸਹਾਏ ਤੋਂ ਟਿਕਟ ਲੈਣਾ ਚਾਹੁੰਦੇ ਹਨ। ਜਲਾਲਾਬਾਦ ਵਿੱਚ ਉਹ ਸੁਖਬੀਰ ਬਾਦਲ ਦੇ ਸਾਹਮਣੇ ਨਹੀਂ ਉਤਰਨਾ ਚਾਹੁੰਦੇ।
ਅਮਰਗੜ੍ਹ: ਸੁਰਜੀਤ ਧੀਮਾਨ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਇਸ ਵਾਰ ਉਹ ਸੁਨਾਮ ਤੋਂ ਆਪਣੇ ਪੁੱਤਰ ਲਈ ਟਿਕਟ ਮੰਗ ਰਹੇ ਹਨ। ਉਹ ਸਿੱਧੂ ਦੇ ਕੱਟੜ ਸਮਰਥਕ ਰਹੇ ਹਨ। ਸਮਰਾਲਾ: ਇੱਥੋਂ ਦੇ ਮੌਜੂਦਾ ਵਿਧਾਇਕ ਅਮਰੀਕ ਸਿੰਘ ਹਨ। ਜੋ ਇਸ ਵਾਰ ਚੋਣ ਨਹੀਂ ਲੜਨਾ ਚਾਹੁੰਦੇ। ਇੱਥੋਂ ਕੋਈ ਨਵਾਂ ਚਿਹਰਾ ਉਤਾਰਿਆ ਜਾ ਸਕਦਾ ਹੈ।
ਗਿੱਲ: ਕੁਲਦੀਪ ਵੈਦ ਇੱਥੋਂ ਦੇ ਮੌਜੂਦਾ ਕਾਂਗਰਸੀ ਵਿਧਾਇਕ ਹਨ। ਉਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਇਸ ਤੋਂ ਇਲਾਵਾ ਉਹ ਕੈਪਟਨ ਦੇ ਵੀ ਕਰੀਬੀ ਰਹੇ ਹਨ। ਕਾਂਗਰਸ ਇੱਥੋਂ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ।
ਨਵਾਂਸ਼ਹਿਰ: ਕਾਂਗਰਸ ਦੇ ਅੰਗਦ ਸਿੰਘ ਮੌਜੂਦਾ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਅਦਿਤੀ ਸਿੰਘ ਰਾਏਬਰੇਲੀ ਯੂਪੀ ਤੋਂ ਵਿਧਾਇਕ ਬਣੀ, ਜਿਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਈ। ਇਸ ਲਈ ਅੰਗਦ ਦੀ ਟਿਕਟ ਕੱਟੀ ਜਾ ਸਕਦੀ ਹੈ।
ਸ਼ੁਤਰਾਣਾ: ਨਿਰਮਲ ਸਿੰਘ ਮੌਜੂਦਾ ਵਿਧਾਇਕ ਹਨ। ਹਾਲ ਹੀ 'ਚ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਵਿਕਾਸ ਨਾ ਹੋਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੀ ਟਿਕਟ ਕੱਟ ਕੇ ਨਵਾਂ ਚਿਹਰਾ ਲਿਆਂਦਾ ਜਾ ਸਕਦਾ ਹੈ।
ਭੋਆ: ਇੱਥੋਂ ਤੋਂ ਜੋਗਿੰਦਰਪਾਲ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ। ਵਿਕਾਸ ਬਾਰੇ ਪੁੱਛਣ 'ਤੇ ਉਹ ਨੌਜਵਾਨ ਦੇ ਥੱਪੜ ਮਾਰਨ ਕਾਰਨ ਸੁਰਖੀਆਂ 'ਚ ਰਹੇ ਸੀ। ਜੋਗਿੰਦਰ ਪ੍ਰਤਾਪ ਬਾਜਵਾ ਦੇ ਕਰੀਬੀ ਹਨ ਪਰ ਕਾਂਗਰਸ ਚੋਣ ਲੜਨ ਲਈ ਨਵਾਂ ਚਿਹਰਾ ਲਿਆਉਣਾ ਚਾਹੁੰਦੀ ਹੈ।
ਕਾਂਗਰਸ ਨੇ ਚੋਣਾਂ ਵਿੱਚ ਇੱਕ ਪਰਿਵਾਰ-ਇੱਕ ਟਿਕਟ ਦਾ ਫਾਰਮੂਲਾ ਰੱਖਿਆ ਹੋਇਆ ਹੈ। ਹਾਲਾਂਕਿ ਬਟਾਲਾ ਸੀਟ 'ਤੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਦਾ ਵਿਰੋਧ ਕੀਤਾ ਹੈ। ਬਾਜਵਾ ਖੁਦ ਬਟਾਲਾ ਅਤੇ ਪੁੱਤਰ ਲਈ ਫਤਿਹਗੜ੍ਹ ਚੂੜੀਆਂ ਤੋਂ ਸੀਟ ਮੰਗ ਰਹੇ ਹਨ। ਹਾਲਾਂਕਿ ਕਾਂਗਰਸ ਨੇ ਬਾਜਵਾ ਨੂੰ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਦਿੱਤੀ ਹੈ। ਨਵਜੋਤ ਸਿੱਧੂ ਬਟਾਲਾ ਤੋਂ ਹਿੰਦੂ ਨੇਤਾ ਅਸ਼ਵਨੀ ਸ਼ੇਖੜੀ ਲਈ ਟਿਕਟ ਦੀ ਮੰਗ ਕਰ ਰਹੇ ਹਨ।
ਬਾਜਵਾ ਦਾ ਤਰਕ ਹੈ ਕਿ ਜਦੋਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਦੇ ਪੁੱਤਰਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਉਂ ਨਹੀਂ ? ਇਸ ਫਾਰਮੂਲੇ ਦੇ ਤਹਿਤ ਨਾਲ ਹੀ ਔਰਤਾਂ ਨੂੰ ਅੱਗੇ ਲਿਆਉਣ ਦੀ ਨੀਤੀ ਤਹਿਤ ਜ਼ਿਲਾ ਫਰੀਦਕੋਟ ਦੇ ਜੈਤੋ ਰਿਜਰਵ ਹਲਕੇ ਤੋਂ ਵੀ ਸੰਸਦ ਮੈਂਬਰ ਮੁਹੱਮਦ ਸਦੀਕ ਦੀ ਬੇਟੀ ਜਾਵੇਦ ਅਖਤਰ ਨੂੰ ਟਿਕਟ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਅਤੇ ਮੁਖਮੰਤਰੀ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਬਾਸੀ ਨੇ ਪਠਾਣਾਂ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।
ਚੋਣ ਕਮਿਸ਼ਨ ਨੇ 22 ਜਨਵਰੀ ਤੱਕ ਰੈਲੀਆਂ ਜਾਂ ਭੀੜ ਇਕੱਠੀ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਸੁੱਬੇ ਵਿੱਚ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਿਆ ਸੀ। ਪਾਰਟੀ ਨੇ 77 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਦੂਜੇ ਨੰਬਰ ਦੀ ਪਾਰਟੀ ਬਣੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 15 ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ।