ਸਾਦਗੀ ਨਾਲ ਸੰਭਾਲੀ ਚੋਣ ਮੁਹਿੰਮ ਦੀ ਕਮਾਨ: ਮਜੀਠਾ ਤੋਂ ਵਿਧਾਇਕ ਬਣਨ ਦੀ ਦੌੜ 'ਚ ਗੁਣੀਵ ਕੌਰ
ਦੀਪਕ ਗਰਗ
ਚੰਡੀਗੜ੍ਹ 5 ਫਰਵਰੀ 2022 - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮਜੀਠਾ ਸੀਟ ਛੱਡਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਗੁਣੀਵ ਕੌਰ ਨੇ ਹਲਕੇ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਿੱਥੇ ਮਾਝੇ ਦੇ ਜਰਨੈਲ ਮਜੀਠੀਆ ਦੀ ਆਪਣੀ ਇੱਕ ਸ਼ੈਲੀ ਅਤੇ ਸੁਭਾਅ ਹੈ, ਉਥੇ ਗੁਣੀਵ ਵੀ ਬਰਾਬਰ ਸਾਦਗੀ ਨਾਲ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਨੂੰ ਪਹਿਲੀ ਵਾਰ ਦੇਖ ਕੇ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਗੁਣੀਵ ਵਿਧਾਇਕ ਬਣਨ ਦੀ ਦੌੜ ਵਿਚ ਹੈ।
ਗੁਨੀਵ ਕੌਰ ਨੇ ਨਾ ਤਾਂ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਲਈ ਪ੍ਰਚਾਰ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਵੋਟ ਪਾਈ ਹੈ। ਬੇਸ਼ੱਕ ਬਿਕਰਮ ਮਜੀਠੀਆ ਸਿਆਸਤ ਵਿੱਚ ਉਲਝੇ ਰਹਿੰਦੇ ਹਨ। ਪਰ ਗੁਣੀਵ ਕੌਰ ਦੀ ਜ਼ਿੰਦਗੀ ਆਪਣੇ ਬੱਚਿਆਂ ਅਤੇ ਘਰ ਦੇ ਆਲੇ-ਦੁਆਲੇ ਹੀ ਸੀਮਤ ਹੋ ਕੇ ਰਹਿ ਗਈ ਸੀ। ਹੁਣ ਜਦੋਂ ਉਹ ਘਰੋਂ ਬਾਹਰ ਆਈ ਹੈ ਤਾਂ ਉਨ੍ਹਾਂ ਦੀ ਸਾਦਗੀ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਗੁਣੀਵ ਆਪਣੀ ਮਿਲਣ ਵਾਲੀ ਹਰ ਔਰਤ ਨੂੰ ਜੱਫੀ ਪਾ ਰਹੀ ਹੈ ਅਤੇ ਮਰਦ ਵੋਟਰਾਂ ਨੂੰ ਹੱਥ ਜੋੜ ਕੇ 'ਸਤਿ ਸ੍ਰੀ ਅਕਾਲ' ਕਹਿ ਰਹੀ ਹੈ। ਗੱਲਾਂ ਵਿੱਚ ਬਹੁਤੀ ਹੇਰਾਫੇਰੀ ਨਹੀਂ ਹੁੰਦੀ ਤੇ ਨਾ ਹੀ ਸਿਆਸਤ ਝਲਕਦੀ ਹੈ।
ਗੁਣੀਵ ਦੀ ਸ਼ਖਸੀਅਤ ਵਿਚ ਵੀ ਸਾਦਾ ਪੰਜਾਬੀ ਸਲਵਾਰ ਸੂਟ ਅਤੇ ਦੁਪੱਟਾ ਹਮੇਸ਼ਾ ਸਿਰ 'ਤੇ ਨਜ਼ਰ ਆਉਂਦਾ ਹੈ। ਉਸ ਦੀ ਮੁਸਕਰਾਹਟ ਉਸ ਦੀਆਂ ਅੱਖਾਂ ਵਿਚ ਲੱਗੇ ਕੱਜਲ ਨਾਲੋਂ ਜ਼ਿਆਦਾ ਧਿਆਨ ਖਿੱਚਦੀ ਹੈ। ਹਰ ਪ੍ਰੋਗਰਾਮ ਵਿਚ ਉਹ ਨਜ਼ਰਾਂ ਝੁਕਾਕੇ ਬੈਠਦੀ ਹੈ ਤੇ ਗੱਲ ਕਰਦੇ ਸਮੇਂ ਸਿਰਫ਼ ਇਕ ਹੀ ਗੱਲ ਕਰਦੀ ਹੈ ਕਿ ' ਇਨ੍ਹਾਂ ਪਿਆਰ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਜਿੰਨਾ ਹਲਕੇ ਦੇ ਲੋਕ ਦੇ ਰਹੇ ਹਨ |' ਗੁਨੀਵ ਕੌਰ ਦੇ ਸ਼ਬਦਾਂ ਵਿਚ ਪਤੀ ਦਾ ਸਾਥ ਦੇਣ ਦੀ ਇੱਛਾ ਤਾਂ ਦਿਖਾਈ ਦਿੰਦੀ ਹੈ ਪਰ ਬੱਚਿਆਂ ਨੂੰ ਸਮਾਂ ਨਾ ਦੇ ਸਕਣ ਦਾ ਪਛਤਾਵਾ ਵੀ ਨਜ਼ਰ ਆਉਂਦਾ ਹੈ।
ਗੱਲਬਾਤ ਕਰਦਿਆਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਗੁਰੂ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ। ਅੱਜ ਤੱਕ ਬੇਸ਼ੱਕ ਉਸ ਨੇ ਪ੍ਰਚਾਰ ਵਿੱਚ ਆਪਣੇ ਪਤੀ ਦਾ ਸਾਥ ਨਹੀਂ ਦਿੱਤਾ, ਪਰ ਹਮੇਸ਼ਾ ਉਨ੍ਹਾਂ ਲਈ ਅਰਦਾਸ ਕੀਤੀ ਹੈ। ਅੱਜ ਜਦੋਂ ਲੋੜ ਪੈਦਾ ਹੋ ਗਈ ਹੈ ਅਤੇ ਹਾਲਾਤ ਅਜਿਹੇ ਬਣ ਗਏ ਹਨ, ਤਾਂ ਉਹ ਹੁਣ ਪਿੱਛੇ ਨਹੀਂ ਹਟੇਗੀ ਅਤੇ ਰੱਬ ਤੇ ਭਰੋਸਾ ਨਹੀਂ ਛੱਡੇਗੀ।
ਇੱਕ ਆਮ ਉਮੀਦਵਾਰ ਦੇ ਉਲਟ, ਗੁਣੀਵ ਨਾ ਤਾਂ ਕਿਸੇ ਏਜੰਡੇ ਬਾਰੇ ਗੱਲ ਕਰਦੀ ਹੈ ਅਤੇ ਨਾ ਹੀ ਛੋਟੀਆਂ-ਮੋਟੀਆਂ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ।
ਉਸ ਦਾ ਕਹਿਣਾ ਹੈ ਕਿ ਜਿਵੇਂ ਉਹ ਬੱਚਿਆਂ ਦੀ ਦੇਖਭਾਲ ਕਰਦੀ ਹੈ, ਉਸੇ ਤਰ੍ਹਾਂ ਉਹ ਆਪਣੇ ਹਲਕੇ ਦੀ ਵੀ ਦੇਖਭਾਲ ਕਰੇਗੀ। ਗੁਨੀਵ ਨੇ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਉਹ ਆਪਣੇ ਹਲਕੇ ਦਾ ਧਿਆਨ ਰੱਖੇ, ਸਖ਼ਤ ਮਿਹਨਤ ਕਰੇ। ਹੁਣ ਉਹ ਉਨ੍ਹਾਂ ਦੀਆਂ ਗੱਲਾਂ 'ਤੇ ਚੱਲ ਰਹੀ ਹੈ। ਮਸਲਿਆਂ ਬਾਰੇ ਪੁੱਛੇ ਜਾਣ ’ਤੇ ਉਹ ਕਹਿੰਦੀ ਹੈ ਕਿ ਇਲਾਕੇ ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਮੁੱਦਾ ਹੋਵੇਗਾ।
ਹੁਣ ਤੱਕ ਲੋਕ ਨਵਜੋਤ ਸਿੰਘ ਸਿੱਧੂ ਬਨਾਮ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਲੜਾਈ ਵਿੱਚ ਦਿਲਚਸਪੀ ਲੈ ਰਹੇ ਸਨ। ਗੁਣੀਵ ਕੌਰ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਹੁਣ ਮਜੀਠਾ ਵੀ ਚਰਚਾ ਵਿੱਚ ਹੈ। ਲੋਕ ਹੋਮਮੇਕਰ ਨੂੰ ਉਮੀਦਵਾਰ ਵਜੋਂ ਲੱਭ ਰਹੇ ਹਨ।