ਹਰਸਿਮਰਤ ਵੱਲੋਂ ਅਕਾਲੀ ਬਸਪਾ ਗਠਜੋੜ ਦੀ ਹੂੰਝਾ ਫੇਰ ਜਿੱਤ ਦੀ ਪੇਸ਼ੀਨਗੋਈ
ਅਸ਼ੋਕ ਵਰਮਾ
ਬਠਿੰਡਾ, 20 ਫਰਵਰੀ 2022: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੌਜੂਦਾ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਠਗਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ ਕਿਉਂਕਿ ਲੋਕਾਂ ਨੇ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਯੁੱਗ ਦੀ ਵਾਪਸੀ ਲਈ ਫੈਸਲਾਕੁਕੰਨ ਵੋਟਾਂ ਪਾਈਆਂ ਹਨ ਤੇ ਉਹ ਪਾਰਟੀਆਂ ਰੱਦ ਕਰ ਦਿੱਤੀਆਂ ਹਨ ਜਿਹਨਾਂ ਨੇ ਉਹਨਾਂ ਨੁੰ ਧੋਖਾ ਦਿੱਤਾ ਅਤੇ ਜੋ ਦੇਸ਼ ਵਿਰੋਧੀ ਤਾਕਤਾਂ ਨਾਲ ਰਲੀਆਂ ਹੋਈਆਂ ਹਨ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਇਕ ਸਥਿਰ ਸਰਕਾਰ ਚਾਹੁੰਦੇ ਹਨ ਜੋ ਲੋਕਾਂ ਨਾਲ ਜੁੜੀ ਹੋਵੇ।
ਉਹਨਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਵਿਚ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਠੱਗੇ ਹੋਏ ਮਹਿਸੂਸ ਕਰਦੇ ਹਨ। ਲੋਕ ਸੂਬੇ ਵਿਚ ਵਿਗੜੀ ਅਮਨ ਕਾਨੁੰਨ ਵਿਵਸਥਾ, ਗੈਂਗਸਟਰ ਸਭਿਆਚਾਰ ਅਤੇ ਵਿਆਪਕ ਭ੍ਰਿਸ਼ਟਾਚਾਰ ਤੇ ਰੇਤ ਤੇ ਸ਼ਰਾਬ ਮਾਫੀਆ ਤੋਂ ਵੀ ਦੁਖੀ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਲੋਕ ਕੌਮੀ ਸੁਰੱਖਿਆ ਬਾਰੇ ਚਿੰਤਤ ਹਨ। ਪੰਜਾਬ ਇਕ ਸਰਹੱਦੀ ਸੂਬਾ ਹੈ। ਸਾਡੇ ਸਾਂਝਾ ਸਭਿਆਚਾਰ ਹੈ। ਅਸੀਂ ਕਿਸੇ ਵੀ ਵੰਡ ਪਾਊ ਪਾਰਟੀ ਜੋ ਖਾਲਿਸਤਾਨੀ ਤੱਤਾਂ ਦੇ ਨਾਲ ਨਾਲ ਆਈ ਐਸ ਆਈ ਦੇ ਸਿੱਖਸ ਫਾਰ ਜਸਟਿਸ ਵਰਗੇ ਏਜੰਟਾਂ ਦੀ ਹਮਾਇਤ ਕਰਦੀ ਹੋਵੇ, ਦੀ ਆਗਿਆ ਨਹੀਂ ਦੇ ਸਕਦੇ।
ਉਹਨਾਂ ਕਿਹਾ ਕਿ ਲੋਕਾਂ ਨੇ ਅਜਿਹ ਤੱਤਾਂ ਦੇ ਖਿਲਾਫ ਫੈਸਲਾਕੁੰਨ ਵੋਟਾਂ ਪਾਈਆਂ ਹਨ ਕਿਉਂਕਿ ਉਹਨਾਂ ਨੇ ਪਹਿਲਾਂ ਵੀ 2017 ਵਿਚ ਅਰਵਿੰਦ ਕੇਜਰੀਵਾਲ ਨੂੰ ਵੱਖਵਾਦੀਆਂ ਨਾਲ ਰਲਗੱਢ ਹੁੰਦਿਆਂ ਤੇ ਮੋਗਾ ਵਿਚ ਇਹਨਾਂ ਦੇ ਘਰਾਂ ਵਿਚ ਰਹਿੰਦਿਆਂ ਵੇਖਿਆ ਸੀ । ਜਦੋਂ ਉਹਨਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਇਕ ਮੌਕਾ ਮੰਗਣ ਬਾਰੇ ਸਵਾਲ ਕੀਤਾ ਗਿਆ ਤਾਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੁੰ ਪੰਜਾਬ ਵਿਚ ਪ੍ਰਮੁੱਖ ਵਿਰੋਧੀ ਪਾਰਟੀ ਬਣਾ ਕੇ ਇਕ ਮੌਕਾ ਦਿੱਤਾ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹਨਾਂ ਹਿਕਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਰੋਧੀ ਅਤੇ ਪੰਜਾਬੀ ਵਿਰੋਧੀ ਵੀ ਹੈ।
ਉਹਨਾਂ ਕਿਹਾ ਕਿ ਇਹ ਗੱਲ ਇਥੋਂ ਹੀ ਸਾਬਤ ਹੋ ਜਾਂਦੀ ਹੈ ਕਿ ਪਾਰਟੀ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗਿਆ ਤੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀ ਤੋਂ ਦੂਜੀ ਭਾਸ਼ਾ ਦਾ ਦਰਜਾ ਖੋਹ ਲਿਆ ਤੇ ਇਹ ਸਕੂਲਾਂ ਵਿਚ ਪੜ੍ਹਾਉਣੀ ਬੰਦ ਕਰ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਆਪਣੀ ਥਾਂ ’ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਨਹੀਂ ਲੱਗਣ ਦਿੱਤਾ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਤਿਹਾਸਕ ਪਿਆਊ ਵੀ ਤੋੜ ਦਿੱਤਾ।