ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਲਿਆ ਜਾਇਜ਼ਾ
- ਵਲਨਰੇਬਲ, ਮਾਡਲ, ਪਿੰਕ ਤੇ ਪੀ.ਡਬਲਯੂ.ਡੀ. ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਸਟਾਫ਼ ਦਾ ਵਧਾਇਆ ਹੌਂਸਲਾ
- ਪੋਲਿੰਗ ਬੂਥਾਂ ’ਤੇ ਬਣੇ ਸੈਲਫੀ ਪੁਆਇੰਟ ਰਹੇ ਆਕਰਸ਼ਣ ਦਾ ਕੇਂਦਰ
ਹੁਸ਼ਿਆਰਪੁਰ, 20 ਫਰਵਰੀ 2022 - ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਮੁਹੱਲਾ ਸੁੰਦਰ ਨਗਰ ਦੇ ਵਲਨਰੇਬਲ ਬੂਥ, ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਮਾਡਲ ਪੋਲਿੰਗ ਬੂਥ ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ, ਪਿੰਕ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਕੱਕੋਂ, ਪੀ.ਡਬਲਯੂ.ਡੀ. ਪੋਲਿੰਗ ਬੂਥ ਸਰਕਾਰੀ ਐਲੀਮੈਂਟਰੀ ਸਕੂਲ ਬਹਾਦਰਪੁਰ ਤੇ ਪੀ.ਡੀ.ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਪਿੰਕ ਬੂਥ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਚੋਣ ਸਟਾਫ਼ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪੂਰੀ ਜ਼ਿੰਮਵਾਰੀ ਅਤੇ ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਡਿਊਟੀ ਨਿਭਾਉਣ ਲਈ ਕਿਹਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 7 ਵਿਧਾਨ ਸਭਾ ਹਲਕਿਆਂ ਵਿਚ ਮਹਿਲਾਵਾਂ ਵਲੋਂ ਸੰਚਾਲਤ 7 ਪਿੰਕ ਬੂਥ ਬਣਾਏ ਗਏ ਹਨ, ਜਿਸ ਵਿਚ ਆਰਿਆ ਗਰਲਜ਼ ਸੈਕੰਡਰੀ ਸਕੂਲ ਮੁਕੇਰੀਆਂ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਉੜਮੁੜ, ਸਰਕਾਰੀ ਐਲੀਮੈਂਟਰੀ ਸਕੂਲ ਕੱਕੋਂ (ਸ਼ਾਮਚੁਰਾਸੀ), ਪੀ.ਡੀ.ਆਰਿਆ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਐਲੀਮੈਂਟਰੀ ਸਕੂਲ ਮਹਿਨਾ (ਚੱਬੇਵਾਲ) ਅਤੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 59 ਮਾਡਲ ਪੋਲਿੰਗ ਬੂਥ ਬਣਾਏ ਗਏ ਅਤੇ ਮਾਡਲ ਤੇ ਪਿੰਕ ਬੂਥਾਂ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਸੀ ਅਤੇ ਇਨ੍ਹਾਂ ਬੂਥਾਂ ਦੀ ਸਜਾਵਟ ਲੋਕਾਂ ਨੂੰ ਕਾਫ਼ੀ ਆਕਰਸ਼ਿਤ ਵੀ ਕਰ ਰਹੀ ਸੀ। ਇਸ ਤੋਂ ਇਲਾਵਾ ਬੂਥਾਂ ਵਿਚ ਲਗਾਏ ਗਏ ਸੈਲਫੀ ਪੁਆਇੰਟ ਵੀ ਨੌਜਵਾਨ ਵੋਟਰਾਂ ਲਈ ਆਕਰਸ਼ਿਤ ਦਾ ਕੇਂਦਰ ਬਣੇ ਹੋਏ ਸਨ। ਪਿੰਕ ਬੂਥਾਂ ਦਾ ਦੌਰਾ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿਚ 6,25,154 ਮਹਿਲਾ ਵੋਟਰ ਹਨ। ਮਹਿਲਾਵਾਂ ਨੂੰ ਵੋਟ ਦੀ ਸ਼ਕਤੀ ਪਛਾਨਣ ਦਾ ਸੰਦੇਸ਼ ਦੇਣ ਲਈ ਹਰ ਵਿਧਾਨ ਸਭਾ ਹਲਕੇ ਵਿਚ ਪਿੰਕ ਬੂਥ ਸਥਾਪਿਤ ਕੀਤੇ ਗਏ ਹਨ, ਇਥੇ ਚੋਣ ਸਟਾਫ਼ ਵਿਚ ਸਿਰਫ਼ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਥੇ ਵਲੰਟੀਅਰਾਂ ਸਮੇਤ ਮਹਿਲਾਵਾਂ ਦਾ ਪੂਰਾ ਚੋਣ ਸਟਾਫ਼ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਅ ਰਿਹਾ ਸੀ।