‘ਘਾਂਊਂ ਮਾਂਊ ਕਦੇ ਚਿੱਤ’ ਦੌਰਾਨ ਲੀਡਰਾਂ ਦੇ ਭਵਿੱਖ ਲਈ ਪੁੱਠੀ ਗਿਣਤੀ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 1 ਮਾਰਚ2022: ਰਾਜਸੀ ਪੱਖ ਤੋਂ ਅਹਿਮ ਸਮਝੀਆਂ ਜਾ ਰਹੀਆਂ ਐਤਕੀਂ ਦੀਆਂ ਵਿਧਾਨ ਸਭਾ ਚੋਣਾਂ ਲਈ ਲੰਘੀ 20 ਫਰਵਰੀ ਨੂੰ ਪੁਆਈਆਂ ਗਈਆਂ ਵੋਟਾਂ ਦੇ ਨਤੀਜਿਆਂ ਦੇ ਐਲਾਨ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ । ਨਤੀਜੇ ਆਉਣ ‘ਚ ਹੁਣ ਜਦੋਂ ਨੌਂ ਦਿਨ ਦਸ ਸਮਾਂ ਬਾਕੀ ਰਹਿ ਗਿਆ ਹੈ ਤਾਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਦਿਲਾਂ ’ਚ ਡੋਬੇ ਸੋਕੇ ਪੈਣ ਲੱਗੇ ਹਨ। ਵੱਡੀ ਗੱਲ ਹੈ ਕਿ ਜਿੰਨ੍ਹਾਂ ਉਮੀਦਵਾਰਾਂ ਨੂੰ ਜਿੱਤ ਯਕੀਨੀ ਨਜ਼ਰ ਆ ਰਹੀ ਹੈ ਫਿਕਰ ਉਨ੍ਹਾਂ ਨੂੰ ਵੀ ਵੱਢ ਵੱਢ ਖਾ ਰਿਹਾ ਹੈ ਤੇ ਜਿਹੜੇ ਉਮੀਦਵਾਰ ਰਤਾ ਕੰਮਜੋਰ ਹਨ ਉਨ੍ਹਾਂ ਦੇ ਤਾਂ ਬੁਰਕੀ ਸੰਘੋਂ ਹੇਠਾਂ ਲੰਘਣੀ ਔਖੀ ਹੋਣ ਲੱਗੀ ਹੈ।
ਪੰਜਾਬ ‘ਚ ਐਤਕੀਂ 1300 ਤੋਂ ਵੱਧ ਉਮੀਦਵਾਰ ਮੈਦਾਨ ‘ਚ ਹਨ ਜਿੰਨ੍ਹਾਂ ਦੀ ਕਿਸਮਤ ਦਾ ਫੈਸਲਾ 10 ਮਾਰਚ ਨੂੰ ਹੋਵੇਗਾ। ਜਿੰਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਮੁਕਾਬਲੇ ਬੇਹੱਦ ਫਸਵੇਂ ਹਨ ਉਨ੍ਹਾਂ ’ਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤਾਂ ਕੁੱਝ ਜਿਆਦਾ ਹੀ ਤੇਜ਼ ਹੋ ਗਈਆਂ ਹਨ। ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਹੀ ਨਹੀਂ ਬਲਕਿ ਆਮ ਲੋਕ ਵੀ ਬਹੁਤ ਉਤਸਕ ਹਨ। ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਹੈ ਉਵੇਂ ਹੀ ਖੁੰਢ ਚਰਚਾ ’ਚ ਤੇਜੀ ਆ ਰਹੀ ਹੈ । ਰੌਚਕ ਤੱਥ ਹੈ ਕਿ ਖੁਦ ਵੋਟਾਂ ਕਿਸ ਨੂੰ ਪਾਈਆਂ ਹਨ , ਇਸ ਬਾਰੇ ਕੋਈ ਭੇਤ ਦੇਣ ਨੂੰ ਤਿਆਰ ਨਹੀਂ ਹੈ।
ਸਿਆਸੀ ਤੌਰ ਤੇ ਦੇਖਿਆ ਜਾਏ ਤਾਂ ਇਸ ਵੇਲੇ ਹਰ ਕਿਸੇ ਦੀ ਨਜ਼ਰ ਝਾੜੂ ਤੇ ਟਿਕੀ ਹੋਈ ਹੈ। ਉਂਜ ਅਕਾਲੀ ਦਲ ਬਸਪਾ ਗੱਠਜੋੜ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪਾਰਟੀ ਦੀ ਵਾਗਡੋਰ ਸੰਭਾਲਣ ਵਾਲੇ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਖੁਦ ਨੂੰ ਇੱਕਜੁੱਟ ਅਤੇ ਸੱਭ ਅੱਛਾ ਦੱਸਣ ਵਾਲੀ ਪਰ ਅੰਦਰੋ ਅੰਦਰੀ ਪਾਟੋਧਾੜ ਦਾ ਸ਼ਿਕਾਰ ਕਾਂਗਰਸ ਵਾਸਤੇ ਵੀ ਇਹ ਚੋਣਾਂ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ। ਪੰਜਾਬ ‘ਚ ਚੋਣ ਲੜਨ ਵਾਲੀਆਂ ਧਿਰਾਂ ਤਾਂ ਬਹੁਤ ਹਨ ਪਰ ਸਾਲ 2017 ’ਚ ਮੁਕਾਬਲੇ ਤਿੰਨ ਧਿਰੀ ਹੋਏ ਸਨ ।
ਇਸ ਵਾਰ ‘ਭਾਜਪਾ ਨਾਲ ਗੱਠਜੋੜ ’ਚ ਸ਼ਾਮਲ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ’ ਵੀ ਚੌਥੀ ਧਿਰ ਵਜੋਂ ਮੈਦਾਨ ‘ਚ ਪੂਰੀ ਮਜਬੂਤੀ ਨਾਲ ੳੱੁਤਰੇ ਹੋਏ ਹਨ। ਅਕਾਲੀ ਦਲ ਦੇ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟੱਕਰ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨਾਲ ਹੈ। ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੇ ਹਨ।
ਦੋ ਹਲਕਿਆਂ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਗੀ ਕਾਂਗਰਸੀ ਹਰਮਿੰਦਰ ਸਿੰਘ ਜੱਸੀ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਭਗਵੰਤ ਮਾਨ ,ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਪੰਜ ਦਰਜਨ ਅਜਿਹੇ ਉਮੀਦਵਾਰ ਹਨ ਜਿੰਨ੍ਹਾਂ ਨੂੰ ਵਕਾਰੀ ਟੱਕਰ ਦਾ ਸਾਹਮਣਾ ਹੈ।
ਅਜਿਹੇ ਹਾਲਾਤਾਂ ਦਰਮਿਆਨ ਚੋਣ ਨਤੀਜੇ ਸਬੰਧੀ ਵੱਖ ਵੱਖ ਤਰਾਂ ਦੀ ਪੇਸ਼ੀਨਗੋਈ ਨੇ ਸਿਆਸੀ ਧਿਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਹਲਕਾ ਤਲਵੰਡੀ ਸਾਬੋ ਦੇ ਕੁੱਝ ਵੋਟਰਾਂ ਨੇ ਮੰਨਿਆਂ ਕਿ ਐਤਕੀਂ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ ਪਰ ਪੰਜਾਬ ’ਚ ‘ਕੌਣ ਮੋਹਰੀ ਰਹੂ’ ਬਾਰੇ ਬੋਲਣ ਤੋਂ ਉਨ੍ਹਾਂ ਗੁਰੇਜ਼ ਕੀਤਾ। ਬਠਿੰਡਾ ਦੇ ਬਜ਼ੁਰਗ ਬਲਵੰਤ ਸਿੰਘ ਨੇ ਕਿਹਾ ਕਿ ਨੇਤਾ ਜੋ ਮਰਜੀ ਦਾਅਵੇ ਕਰੀ ਜਾਣ ,ਪਰ ਸਰਕਾਰ ਬਣਨ ਸਬੰਧੀ ਬਿਲੁਕਲ ਵੀ ਸਪਸ਼ਟ ਨਹੀਂ ਹੋ ਰਿਹਾ ਹੈ ਜਦੋਂ ਕਿ ਪਿਛੋਕੜ ’ਚ ਵੋਟਾਂ ਤੋਂ ਪਹਿਲਾਂ ਸਾਫ ਹੋ ਜਾਂਦਾ ਰਿਹਾ ।
ਹਲਕਾ ਬਠਿੰਡਾ ਦਿਹਾਤੀ ’ਚ ਕਾਂਗਰਸ ਸਮਰਥਕ ਜਗਜੀਤ ਸਿੰਘ ਅਤੇ ਹਲਕਾ ਮੌੜ ਦੇ ਰਾਜਵੀਰ ਸਿੰਘ ਦਾ ਕਹਿਣਾ ਸੀ ਕਿ ‘ਝਾੜੂ’ ਵਾਲੇ ਜਿੰਨਾਂ ਰੌਲਾ ਪਾ ਰਹੇ ਹਨ ਓਨੀਂ ਵੋਟ ਇੰਨ੍ਹਾਂ ਨੂੰ ਪਈ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ। ਲੰਬੀ ਹਲਕੇ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਰਣਜੋਧ ਸਿੰਘ ਧਾਲੀਵਾਲ ਦਾ ਪ੍ਰਤੀਕਰਮ ਸੀ ਕਿ ਅਕਾਲੀ ਦਲ ਜਿੱਤੇਗਾ ਇਸ ‘ਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਹੈ । ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਆਖਿਆ ਕਿ ਪੰਜਾਬ ਬਦਲਾਅ ਦੇ ਦਰਵਾਜੇ ਤੇ ਖਲੋਤਾ ਹੈ ਅਤੇ ਵੋਟਰਾਂ ਨੇ ‘ਆਪ’ ਨੂੰ ਉਮੀਦ ਤੋਂ ਵੱਧ ਫਤਵਾ ਦਿੱਤਾ ਹੈ ।
ਹਰ ਲੀਡਰ ਫਿਰਕਮੰਦ : ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਇਸ ਵਾਰ ਸਥਿਤੀ ਏਨੀਂ ਗੁੰਝਲਦਾਰ ਹੈ ਜਿਸ ਕਰਕੇ ਖੁਦ ਨੂੰ ਜੇਤੂ ਮੰਨਣ ਵਾਲੇ ਨੇਤਾ ਵੀ ਆਪਣੀ ਜਿੱਤ ਨੂੰ ਲੈਕੇ ਪੂਰੀ ਤਰਾਂ ਫਿਕਰਮੰਦ ਹਨ। ਉਨ੍ਹਾਂ ਕਿਹਾ ਕਿ ਨਤੀਜੇ ਜੋ ਮਰਜੀ ਹੋਣ ਪਰ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਹੋਣਗੇ ਜਿਸ ਦਾ ਕਾਰਨ ਚੋਣ ਪ੍ਰਚਾਰ ਦੇ ਸ਼ੋਰ ਸ਼ਰਾਬੇ ਤੋਂ ਲਾਂਭੇ ਰਹਿਣ ਵਾਲਾ ਸਧਾਰਨ ਵੋਟਰ ’ਚ ਆਈ ਚੇਤਨਾਂ ਹੈ। ਉਨ੍ਹਾਂ ਕਿਹਾ ਕਿ ਐਤਕੀਂ ਸਿਆਸੀ ਮਾਹਿਰ ਵੀ ਭੰਬਲਭੂਸੇ ‘ਚ ਹਨ ਕਿਉਂਕਿ ਵੋਟਰਾਂ ਵੱਲੋਂ ਧਾਰੀ ਭੇਦ ਭਰੀ ਚੁੱਪ ਕਾਰਨ ਕੋਈ ਵੀ ਭਵਿੱਖਬਾਣੀ ਔਖੀ ਹੋਈ ਪਈ ਹੈ।