‘ਮਾਰਚ’ ਨੇ ‘ਬਾਦਲ’ ਸਣੇ ਸੱਤ ਲੀਡਰਾਂ ਦੀ ਗੁੱਡੀ ਚੜ੍ਹਾਈ ਸਿਆਸੀ ਅੰਬਰੀਂ
ਅਸ਼ੋਕ ਵਰਮਾ
ਬਠਿੰਡਾ,9ਮਾਰਚ2022: ਸਾਲ ਦੇ 12 ਮਹੀਨਿਆਂ ਵਿੱਚੋਂ ‘ਮਾਰਚ’ ਮਹੀਨਾ ਅਜਿਹਾ ਹੈ ਜੋਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੱਤ ਅਹਿਮ ਰਾਜਨੀਤਕ ਸ਼ਖਸ਼ੀਅਤਾਂ ਦੀ ਗੁੱਡੀ ਸਿਆਸੀ ਅਸਮਾਨ ਤੇ ਚੜ੍ਹਾਉਣ ਦੇ ਮਾਮਲੇ ’ਚ ‘ਭਾਗਾਂ ਵਾਲਾ’ ਸਾਬਤ ਹੋਇਆ ਹੈ। ਪੰਜਾਬ ’ਚ ਅਜਾਦੀ ਪ੍ਰਾਪਤੀ ਤੋਂ ਬਾਅਦ ਬਣੇ 8 ਮੁੱਖ ਮੰਤਰੀ ਅਜਿਹੇ ਹਨ ਜਿੰਨ੍ਹਾਂ ਨੇ ‘ਮਾਰਚ’ ਮਹੀਨੇ ’ਚ ਹਲਫ ਲਿਆਸੀ। ਐਤਕੀਂ ਦੀਆਂ ਚੋਣਾਂ ’ਚ ਤਾਂ ਬਾਦਲ ਪ੍ਰੀਵਾਰ ਦਾ ਸਿਆਸੀ ਵਾਰਿਸ ਤੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋ ਵਿਧਾਨ ਸਭਾ ਚੋਣ ਲੜ ਰਿਹਾ ਹੈ। ਇਸ ਕਰਕੇ ਬਾਦਲ ਪ੍ਰੀਵਾਰ ਲਈ ਮਾਰਚ ਮਹੀਨੇ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।
ਖੁਦ ਪ੍ਰਕਾਸ਼ ਸਿੰਘ ਬਾਦਲ ਵੀ ਛੇਵੀਂ ਵਾਰ ਮੈਦਾਨ ’ਚ ਨਿੱਤਰੇ ਹੋਏ ਹਨ ਤਾਂ ਇਸ ਸਿਆਸੀ ਮਾਰਚ ’ਤੇ ਰਾਜਸੀ ਪੰਡਿਤਾਂ ,ਸਿਆਸਤਦਾਨਾਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ। ਇਸ ਦਿਨ ਸਾਫ ਹੋ ਜਾਏਗਾ ਕਿ ਮਾਰਚ ਮਹੀਨੇ ਦੌਰਾਨ ਸਹੁੰ ਚੁੱਕਣ ਵਾਲਾ 9ਵਾਂ ਅਤੇ ਪੰਜਾਬ ਦਾ 29ਵਾਂ ਮੁੱਖ ਮੰਤਰੀ ਕੌਣ ਬਣਨ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਹੁਣ ਤੱਕ ਸਭ ਤੋਂ ਵੱਧ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹਿਣ ਵਾਲੇ ਅਕਾਲੀ ਦਲ ਬਾਦਲ ਦੇ ਸੰਸਥਾਪਕ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਮੁੱਖ ਮੰਤਰੀ ਬਣਨ ’ਤੇ 27 ਮਾਰਚ 1970 ਨੂੰ ਸਹੁੰ ਚੁੱਕੀ ਸੀ।
ਆਪਣੇ ਸਿਆਸੀ ਸਫਰ ਦੌਰਾਨ ਵੱਡੇ ਬਾਦਲ ਜਦੋਂ ਚੌਥੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੂੰ 1 ਮਾਰਚ 2007 ਨੂੰ ਸੌਂਹ ਚੁਕਾਈ ਗਈ ਸੀ। ਪੰਜਵੀ ਵਾਰ ਮੁੱਖ ਮੰਤਰੀ ਬਣਨ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 14 ਮਾਰਚ 2007 ਨੂੰ ਹਲਫ ਲਿਆ ਸੀ। ਇਸੇ ਤਰਾਂ ਹੀ ਵੱਡੇ ਬਾਦਲ ਤੋਂ ਬਾਅਦ ਤਿੰਨ ਦਫਾ ਮੁੱਖ ਮੰਤਰੀ ਦੀ ਕੁਰਸੀ ਸੰਭਲਣ ਵਾਲੇ ਮਰਹੂਮ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਸਹੁੰ ਚੁੱਕਣ ਦਾ ਸਭਾਗ 12 ਮਾਰਚ 1962 ਨੂੰ ਪ੍ਰਾਪਤ ਹੋਇਆ ਸੀ। ਜਸਟਿਸ ਗੁਰਨਾਮ ਸਿੰਘ 8 ਮਾਰਚ ਨੂੰ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਸਨ। ਪੰਜਾਬ ਦੀ ਅਹਿਮ ਸਿਆਸੀ ਸ਼ਖਸ਼ੀਅਤ ਗਿਆਨੀ ਜੈਲ ਸਿੰਘ ਦਾ ਸਹੁੰ ਚੁੱਕ ਸਮਾਗਮ 17 ਮਾਰਚ 1972 ਨੂੰ ਹੋਇਆ ਸੀ।
ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਸਿਆਸੀ ਪਾਰਟੀ ਬਨਾਉਣ ਉਪਰੰਤ ਪਟਿਆਲਾ ਹਲਕੇ ਤੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਦੂਸਰੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੇ ਸਹੁੰ ਚੁੱਕਣ ਵਾਲੇ ਦਿਨ 16 ਮਾਰਚ 2017 ਸੀ। ਇਸ ਮਹੀਨੇ ਨਾਲ ਜੁੜਿਆ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ 11 ਮਾਰਚ ਯਾਨੀਕਿ ਨਤੀਜਿਆਂ ਤੋਂ ਅਗਲੇ ਦਿਨ ਹੈ। ਇਸ ਕਰਕੇ ਕੈਪਟਨ ਪ੍ਰੀਵਾਰ ਲਈ ਇੰਨ੍ਹਾਂ ਚੋਣਾਂ ’ਚ ਜਿੱਤ ਜਾਂ ਹਾਰ ਦੇ ਨਾਲ ਨਾਲ ਮਾਰਚ ਮਹੀਨਾ ਹੋਰ ਵੀ ਅਹਿਮੀਅਤ ਵਾਲਾ ਹੈ।
ਹੁਣ ਅਗਲਾ ਮੁੱਖ ਮੰਤਰੀ ਮਾਰਚ ਮਹੀਨੇ ਦੀ ਕਿੰਨੀ ਤਰੀਕ ਨੂੰ ਸਹੁੰ ਚੁੱਕਦਾ ਪੰਜਾਬ ਵਾਸੀਆਂ ਨੂੰ ਇਸ ਦਿਨ ਦਾ ਇੰਤਜ਼ਾਰ ਬਣਿਆ ਹੋਇਆ ਹੈ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਦੀਆਂ ਪੇਸ਼ੀਨਗੋਈਆਂ ਦਰਮਿਆਨ ਭਗਵੰਤ ਮਾਨ ਤੇ ਆਪ ਦੇ ਸਮਰਥਕ ਬੇਚੈਨੀ ਨਾਲ ਇਹ ਦਿਨ ਉਡੀਕ ਰਹੇ ਹਨ ਜਦੋਂਕਿ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਇਹ ਅਹੁਦਾ ਨਸੀਬ ਹੁੰਦਾ ਹੈ ਤਾਂ ਮਾਰਚ ਦੀ ‘ਕਿਆ’ ਤਰੀਕ ਹੋਵੇਗੀ ਇਸ ਨੂੰ ਲੈਕੇ ਚੰਨੀ ਸਮਰਥਕਾਂ ਦੀਆਂ ਧੜਕਣਾ ਤੇਜ਼ ਹਨ।
ਇਸੇ ਤਰਾਂ ਹੀ ਅਕਾਲੀ ਦਲ ਦੇ ਹਮਾਇਤੀਆਂ ਨੇ ਵੀ ਪਿੰਡ ‘ਬਾਦਲ’ ਦੇ ਇੱਕ ਹੋਰ ਫਰਜ਼ੰਦ ਨੂੰ ਮਾਰਚ ਮਹੀਨੇ ’ਚ ਸਹੁੰ ਚੁੱਕਦਾ ਦੇਖਣ ਦੀਆਂ ਸੱਧਰਾਂ ਵੀ ਦਿਲ ’ਚ ਪਾਲ ਰੱਖੀਆਂ ਹਨ। ਪੰਜਾਬ ’ਚ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਸਾਹਮਣੇ ਲਿਆਉਣ ਲਈ 10 ਮਾਰਚ ਨੂੰ ਗਿਣਤੀ ਕਰਵਾਈ ਜਾ ਰਹੀ ਹੈ। ਕੁੱਝ ਏਦਾਂ ਦੇ ਉਮੀਦਵਾਰ ਵੀ ਚੋਣ ਮੈਦਾਨ ’ਚ ਹਨ ਜਿੰਨ੍ਹਾਂ ਦਾ ਮਾਰਚ ’ਚ ਜਨਮ ਹੋਇਆ ਹੈ। ਇਸੇ ਕਾਰਨ 10 ਮਾਰਚ ਨੂੰ ਜਿੱਤ ਇੰਨ੍ਹਾਂ ਲਈ ਖੁਸ਼ੀਆਂ ਅਤੇ ਹਾਰ ਦੀ ਸੂਰਤ ’ਚ ਨਮੋਸ਼ੀ ਝੱਲਣੀ ਪੈ ਸਕਦੀ ਹੈ।
ਇੰਨ੍ਹਾਂ ਲੀਡਰਾਂ ਲਈ ‘ਮਾਰ’ ’ਚ ਹੈ ‘ਮਾਰਚ’
ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਦਾ ਜਨਮ ਦਿਨ 12 ਮਾਰਚ ਨੂੰ ਹੈ ਜਦੋਂਕਿ ਕਾਂਗਰਸ ਦੇ ਉਮੀਦਵਾਰ ਵੋਂ ਚੋਣ ਲੜਨ ਵਾਲੇ ਵਜ਼ੀਰ ਰਾਜ ਕੁਮਾਰ ਵੇਰਕਾ ਅਤੇ ਭਾਰਤ ਭੂਸ਼ਨ ਆਸ਼ੂ ਦਾ ਜਨਮ ਦਿਨ 20 ਮਾਰਚ ਨੂੰ ਹੈ। ਕਾਂਗਰਸੀ ਉਮੀਵਾਰ ਤੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਉਰਫ ਸੁਖ ਸਰਕਾਰੀਆ ਦਾ ਜਨਮ ਦਿਨ 31 ਮਾਰਚ ਨੂੰ ਹੈ। ਪਾਇਲ ਹਲਕੇ ਤੋਂ ਚੋਣ ਮੈਦਾਨ ’ਚ ਵਿਧਾਇਕ ਲਖਵੀਰ ਸਿੰਘ ਦਾ ਜਨਮ ਦਿਨ 14 ਮਾਰਚ ਨੂੰ ਹੈ।
ਤਰਨਤਾਰਨ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਅਗਨੀਹੋਤਰੀ 14 ਮਾਰਚ ਵਾਲੇ ਦਿਨ ਜਨਮੇ ਸਨ। ਆਪਣੀ ਪਤਨੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਭਦੌੜ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਾਉਣ ਵਾਲੇ ਵਿਧਾਨ ਸਭਾ ਦੇ ਸਪੀਕਰ ਅਜਾਇਬ ਸਿੰਘ ਭੱਟੀ ਦਾ ਜਨਮ ਦਿਨ 28 ਮਾਰਚ ਨੂੰ ਹੈ। ਹੋਰ ਵੀ ਕਈ ਉਮੀਦਵਾਰ ਹਨ ਜਿੰਨ੍ਹਾਂ ਲਈ ਜਨਮ ਵਾਲਾ ਮਹੀਨਾ ਹੋਣ ਕਰਕੇ ਇਸ ਵਾਰ ‘ਮਾਰਚ’ ਵੱਡਾ ਸਿਆਸੀ ਮਹੱਤਵ ਰੱਖਦੀ ਹੈ।