‘ਵਾਇਆ ਸੱਟਾ ਬਜ਼ਾਰ’ ਕਿਸ ਪਾਰਟੀ ਦੀ ਬਣੇਗੀ ਪੰਜਾਬ ’ਚ ਸਰਕਾਰ
ਅਸ਼ੋਕ ਵਰਮਾ
ਬਠਿੰਡਾ,28ਫਰਵਰੀ 2022: ਪੰਜਾਬ ’ਚ ਅਗਲੀ ਸਰਕਾਰ ਕਿਸ ਸਿਆਸੀ ਪਾਰਟੀ ਦੀ ਬਣੇਗੀ ਜਾਂ ਫਿਰ ਕੋਈ ਗੱਠਜੋੜ ਕਾਬਜ ਹੋਵੇਗਾ ਇਸ ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇੱਕ ਪਾਸੇ ਜਿੱਥੇ ਟੀਵੀ ਚੈਨਲ ਅਤੇ ਸੋਸ਼ਲ ਮੀਡੀਆ ਚੋਣ ਨਤੀਜਿਆਂ ਬਾਰੇ ਪੇਸ਼ੀਨਗੋਈਆਂ ਕਰ ਰਹੇ ਹਨ ਉੱਥੇ ਹੀ ਸੱਟਾ ਬਜ਼ਾਰ ਵੀ ਭਵਿੱਖਬਾਣੀਆਂ ਤੋਂ ਬਚ ਨਹੀਂ ਸਕਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵੇਲੇ ਪੰਜਾਬ ਸਰਕਾਰ ਬਨਾਉਣ ਦੇ ਨਾਮ ਹੇਠ ਪੰਜ ਹਜ਼ਾਰ ਕਰੋੜ ਤੋਂ ਵੱਧ ਦਾ ਸੱਟਾ ਲੱਗ ਚੁੱਕਿਆ ਹੈ। ਜਿਓਂ ਜਿਓਂ ਵੋਟਾਂ ਦੀ ਗਿਣਤੀ ਦੀ ਤਰੀਕ ਨਜ਼ਦੀਕ ਆਉਂਦੀ ਜਾ ਰਹੀ ਹੈ ‘ਕਿਹੜੀ ਪਾਰਟੀ ਸਰਕਾਰ ਬਣਾਏਗੀ’ ਨੂੰ ਲੈਕੇ ਸੱਟਾ ਲਾਉਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਦੱਸਣਯੋਗ ਹੈ ਕਿ ਹਰ ਵਾਰ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਨਤੀਜੇ ਜਾਨਣ ਨੂੰ ਲੈਕੇ ਲੋਕਾਂ ’ਚ ਵੱਡੀ ਉਤਸਕਤਾ ਤੇ ਦਿਲਚਸਪੀ ਹੁੰਦੀ ਹੈ। ਆਮ ਤੌਰ ਤੇ ਚੋਣਾਂ ਦਾ ਐਲਾਨ ਹੁੰਦਿਆਂ ਹੀ ‘ਜੇਤੂ ਰਹਿਣ ਵਾਲੀ ਸਿਆਸੀ ਪਾਰਟੀ ਤੇ ਸੱਟਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਐਤਕੀਂ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਿਆਸੀ ਧਿਰਾਂ ’ਚ ਵਾਧਾ ਹੋਣ ਅਤੇਮੁਕਾਬਲਿਆਂ ਦੇ ਫਸਵੇਂ ਹੋਣ ਕਰਕੇ ਇਹ ਵਰਤਾਰਾ ਅਗੇਤਾ ਹੀ ਤੇਜੀ ਫੜ੍ਹ ਗਿਆ ਸੀ। ਸੂਤਰ ਦੱਸਦੇ ਹਨ ਕਿ ਇਸ ਵਾਰ ਸਭ ਤੋਂ ਵੱਧ ਸੱਟਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸੱਟਾ ਲਾਇਆ ਜਾ ਰਿਹਾ ਹੈ।
ਮਹੱਤਵਪੂਰਨ ਪਹਿਲੂ ਹੈ ਕਿ ਮੀਡੀਆ ’ਚ ਆ ਰਹੇ ਕਈ ਸਰਵੇਖਣਾ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮੋਹਰੀ ਤਾਂ ਦਿਖਾਇਆ ਜਾ ਰਿਹਾ ਹੈ ਪਰ ਬਹੁਮੱਤ ਤੋਂ ਦੋਵੇਂ ਹੀ ਧਿਰਾਂ ਦੂਰ ਦੱਸੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸੱਟਾ ਬਜ਼ਾਰ ਪੰਜਾਬ ’ਚ ‘ਝਾੜੂ’ ਨੂੰ ਬਹੁਮੱਤ ਦਿੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਪਿਛਲੇ ਦੋ ਹਫਤਿਆਂ ਤੋਂ ਸੱਟਾ ਬਜ਼ਾਰ ਵੱਲੋਂ ਆਮ ਆਦਮੀ ਪਾਰਟੀ ਦੀ ਬਹੁਗਿਣਤੀ ਵੱਡੀ ਜਿੱਤ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਇਸ ’ਚ ਜਿੱਤ ਅਤੇ ਹਾਰ ਦੇ ਦੋਵੇਂ ਭਾਅ ਖੁੱਲ੍ਹੇ ਰੱਖੇ ਜਾ ਰਹੇ ਹਨ। ਫਰਵਰੀ ਦੇ ਸ਼ੁਰੂਆਤੀ ਦਿਨਾਂ ਦੌਰਾਨ ਆਪ ਨੂੰ 51 ਤੋਂ 53-54 ਹਲਕਿਆਂ ’ਚ ਅੱਗੇ ਦਿਖਾਇਆ ਜਾ ਰਿਹਾ ਸੀ ਪਰ ਸੱਟੇ ’ਚ ਹੁਣ ਇਹ ਕਾਫੀ ਅੱਗੇ ਜਾ ਰਹੀ ਹੈ।
ਇਨ੍ਹਾਂ ਅੰਕੜਿਆਂ ਦੇ ਅਧਾਰ ਤੇ ਕੌਣ ਜਿੱਤਦਾ ਜਾਂ ਹਾਰਦਾ ਹੈ ਇਹ ਅਲਿਹਦਾ ਗੱਲ ਹੈ ਪਰ ਅਜਿਹੀਆਂ ਖਬਰਾਂ ਨੇ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੀਆਂ ਨੀਂਦਾਂ ਉਡਾਈਆਂ ਹੋਈਆਂ ਹਨ। ਸੂਤਰਾਂ ਨੇ ਦੱਸਿਆ ਹੈ ਕਿ ਇਸੇ ਤਰਾਂ ਹੀ ਸੱਟੇ ਬਜ਼ਾਰ ਵੱਲੋਂ ਕਾਂਗਰਸ ਦੂਜੇ ਨੰਬਰ ਤੇ ਦਿਖਾਈ ਜਾ ਰਹੀ ਹੈ ਜਦੋਂਕਿ ਇੱਕ ਹਫਤਾ ਪਹਿਲਾਂ ਇਹ ਅੰਕੜਾ ਘੱਟ ਸੀ .ਅਕਾਲੀ ਦਲ ਵੂੰ ਬਹੁਤ ਪਿੱਛੇ ਤੀਜੇ ਨੰਬਰ ਤੇ ਦਿਖਾਇਆ ਜਾ ਰਿਹਾ ਹੈਂ
ਇਸ ਹਿਸਾਬ ਨਾਲ ਅਕਾਲੀ ਦਲ ਦਾ ਭਾਅ ਲੱਗਭਗ ਸਥਿਰ ਚੱਲਿਆ ਆ ਰਿਹਾ ਹੈ ਜੋ ਕਿ ਖੁਦ ਨੂੰ ਸਰਕਾਰ ਬਨਾਉਣ ਦਾ ਵੱਡਾ ਦਾਅਵੇਦਾਰ ਦੱਸ ਰਿਹਾ ਹੈ।
ਹਾਲਾਂਕਿ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੱਟਾ ਬਜ਼ਾਰ ਦਾ ਇਹ ਦਾਅਵਾ ਮਨਸੂਈ ਅਤੇ ਮੁਨਾਫੇ ਖਾਤਰ ਹੋ ਸਕਦਾ ਜਿਸ ਨਾਲ ਸੱਟਾ ਲਾਉਣ ਵਾਲਿਆਂ ਦੇ ਕਰੋੜਾਂ ਰੁਪਏ ਡੁੱਬ ਸਕਦੇ ਹਨ ਫਿਰ ਵੀ ਸੱਟੇ ਦਾ ਜਾਦੂ ਲੋਕਾਂ ਨੂੰ ਲਗਾਤਾਰ ਆਪਣੇ ਵੱਲ ਖਿੱਚ੍ਹ ਰਿਹਾ ਹੈ। ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਅਸਲ ’ਚ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਗੈਰਕਾਨੂੰਨੀ ਕਾਰੋਬਾਰ ਇਮਾਨਦਾਰੀ ਅਤੇ ਭਰੋਸੇਯੋਗਤਾ ਨਾਲ ਕੀਤਾ ਜਾਂਦਾ ਹੈ ਪਰ ਸਮੇਂ ਨਾਲ ਇਸ ਧੰਦੇ ’ਚ ਵੀ ਬੇਈਮਾਨੀ ਘੁਸਪੈਠ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰਾਂ ਆਈ ਪੀ ਐਲ ਮੈਚਾਂ ਦੌਰਾਨ ਸਟੋਰੀਏ ਆਪਣੇ ਢੰਗ ਨਾਲ ਵਪਾਰ ਚਲਾਉਂਦੇ ਹਨ ਉਹ ਹੁਣ ਸੱਟਾ ਬਜ਼ਾਰ ਤੱਕ ਵੀ ਪੁੱਜ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਜਿਸ ਤਰਾਂ ਚੋਣਾਂ ਨਿਰੋਲ ਪ੍ਰੋਫੈਸ਼ਨਲ ਜਾਂ ਕਾਰੋਬਾਰੀ ਨਜ਼ਰੀਏ ਨਾਲ ਲੜੀਆਂ ਜਾਂਦੀਆਂ ਹਨ ਉਸੇ ਤਰਾਂ ਹੀ ਸੱਟੇ ਦਾ ਰੁਝਾਨ ਵੀ ਵਪਾਰ ਨੂੰ ਸਾਹਮਣੇ ਅੱਗੇ ਰੱਖਕੇ ਹੀ ਉਲਟਦਾ ਪੁਲਟਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੱਟੇ ਦੇ ਧੰਦੇ ’ਚ ਵਿਚਾਰਧਾਰਾ ਜਾਂ ਕੋਈ ਭਾਵਨਾ ਨਹੀਂ ਹੁੰਦੀ ਤੇ ਇਹੀ ਗੱਲ ਅਜੋਕੀ ਰਾਜਨੀਤੀ ਬਾਰੇ ਕਹੀ ਜਾ ਸਕਦੀ ਹੈ। ਦੂਜੇ ਪਾਸੇ ਕਿਸੇ ਵਕਤ ਸੱਟਾ ਬਜ਼ਾਰ ਨਾਲ ਜੁੜੇ ਰਹੇ ਇੱਕ ਸੂਤਰ ਦਾ ਕਹਿਣਾ ਸੀ ਕਿ ਇਹ ਟੀਵੀ ਚੈਨਲਾਂ ਦੇ ਸਰਵੇਖਣਾ ਵਾਂਗ ਭਾਵਨਾਤਮਕ ਮੁੱਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਦੇ ਅਧਾਰ ਦੀ ਸਹੀ ਥਾਹ ਲੈਣੀ ਹੋਵੇ ਤਾਂ ਸੱਟਾ ਬਜ਼ਾਰ ਢੁੱਕਵਾਂ ਤੇ ਭਰੋਸੇਯੋਗ ਪਲੇਟਫਾਰਮ ਹੈ।
ਉਨ੍ਹਾਂ ਕਿਹਾ ਕਿ ਐਤਕੀਂ ਚੋਣਾਂ ਦੇ ਰੰਗ ਢੰਗ ਨੂੰ ਜਿੰਨੀ ਬਾਰੀਕੀ ਨਾਲ ਸੱਟਾ ਬਜ਼ਾਰ ਨੇ ਘੋਖਿਆ ਹੈ ਉਸ ਦੀ ਬਰਾਬਰੀ ਹੋਰ ਕੋਈ ਵੀ ਸਰਵੇਖਣ ਨਹੀਂ ਕਰ ਸਕਿਆ ਹੈ। ਅਜਿਹੇ ਹਾਲਾਤਾਂ ਦਰਮਿਆਨ ਆਮ ਆਦਮੀ ਪਾਰਟੀ ਦੇ ਸਮਰਥਕ ਹੌਂਸਲੇ ’ਚ ਹਨ ਜਦੋਂਕਿ ਕੁੱਝ ਵੱਡੀਆਂ ਪਾਰਟੀਆਂ ਦੇ ਖੇਮੇ ਤੋਂ ਚਿੰਤਾ ਦੀਆਂ ਖਬਰਾਂ ਆ ਰਹੀਆਂ ਹਨ। ਦਾਅਵੇ ਸਰਕਾਰ ਬਨਾਉਣ ਦੇ ਸਭ ਕਰ ਰਹੇ ਹਨ ਜਿਸ ਬਾਰੇ ਨਿਤਾਰਾ 10 ਮਾਰਚ ਨੂੰ ਹੋਵੇਗਾ ਉਸ ਤੋਂ ਪਹਿਲਾਂ ਸਭ ਕਿਆਸਅਰਾਈਆਂ ਹੀ ਕਹੀਆਂ ਜਾ ਸਕਦੀਆਂ ਹਨ।