‘ਵੋਟਾਂ ਪਾਉਣ’ ਤੋਂ ਆਕੀ ਹੋਏ ਸਿਆਸਤ ਦੇ ਕਿਰਦਾਰ ਤੋਂ ਅੱਕੇ ਲੋਕ
ਅਸ਼ੋਕ ਵਰਮਾ
ਬਠਿੰਡਾ,20ਫਰਵਰੀ2022: ਬਠਿੰਡਾ ਪੱਟੀ ’ਚ ਅੱਜ ਜਿੱਥੇ ਆਮ ਲੋਕਾਂ ਨੇ ਵਿਧਾਨ ਸਭਾ ਚੋਣਾਂ ਲਈ ਵੋਟ ਹੱਕ ਦੀ ਖੁੱਲ੍ਹ ਕੇ ਵਰਤੋਂ ਕੀਤੀ ਉੱਥੇ ਹੀ ਏਦਾਂ ਦੇ ਲੋਕ ਹਨ ਜੋ ਵੋਟਾਂ ਪਾਉਣ ਤੋਂ ਦੂਰ ਰਹੇ। ਕਈ ਅਜਿਹੇ ਹਨ ਜਿੰਨ੍ਹਾਂ ਨੇ ਤਾਂ ਜਿੰਦਗੀ ਭਰ ਪੋÇਲੰਗ ਬੂਥ ਦਾ ਮੂੰਹ ਨਾਂ ਦੇਖਣ ਦੀ ਸੌਂਹ ਖਾਧੀ ਹੋਈ ਹੈ। ਜਦੋਂ ਵੀ ਵੋਟਾਂ ਵਾਲਾ ਦਿਨ ਆਉਂਦਾ ਹੈ ਤਾਂ ਉਹ ਵੋਟ ਪ੍ਰਣਾਲੀ ਵੱਲ ਪਿੱਠ ਰੱਖਦੇ ਹਨ। ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਇਨ੍ਹਾਂ ਨੂੰ ਵੋਟਾਂ ਪਾਉਣ ਲਈ ਰਾਜੀ ਨਹੀਂ ਕਰ ਸਕੀਆਂ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵਾਵਾਲਾ ਅਜਿਹੇ ਹੀ ਲੋਕਾਂ ਵਿੱਚੋਂ ਇੱਕ ਹੈ ਜਿਸ ਨੇ ਵੋਟ ਪ੍ਰਣਾਲੀ ਨੂੰ ਤਿਲਾਂਜਲੀ ਦਿੱਤੀ ਹੋਈ ਹੈ।
ਸੇਵੇਵਾਲਾ ਆਖਦਾ ਹੈ ਕਿ ਇਹ ਲੋਕ ਰਾਜ ਨਹੀਂ ਨੋਟ ਰਾਜ ਹੈ। ਲੀਡਰਾਂ ਦਾ ਚਰਿੱਤਰ ਕਿਸੇ ਤੋਂ ਲੁਕਿਆ ਨਹੀਂ ਅਤੇ ਚਿਹਰੇ ਧੁੰਦਲੇ ਹਨ। ਚੋਣਾਂ ’ਚ ਸਕੀ ਚਾਚੀ ਖੜ੍ਹੀ ਹੋਣ ਦੇ ਬਾਵਜੂਦ ਸੇਵੇਵਾਲਾ ਵੋਟ ਪਾਉਣ ਨਹੀਂ ਗਿਆ। ਉਸ ਦੀ ਪਤਨੀ ਨੇ ਵੀ ਕਦੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਪਿੰਡ ਸੇਵੇਵਾਲਾ ਦੇ ਮਜ਼ਦੂਰ ਦਰਸ਼ਨ ਸਿੰਘ ਲਈ ਪਹਿਲਾਂ ਵੋਟ ਮਹਿਜ ਇੱਕ ਰੱਦੀ ਕਾਗਜ਼ ਦਾ ਟੁਕੜਾ ਸੀ ਤੇ ਹੁਣ ਈ ਵੀਐਮ ਬਿਜਲੀ ਦੇ ਇੱਕ ਯੰਤਰ ਤੋਂ ਸਿਵਾਏ ਕੁੱਝ ਨਹੀਂ ਹੈ। ਜਦੋਂ ਪਿੰਡ ਦੀ ਪੰਚਾਇਤ ਚੋਣ ’ਚ ਉਸਦਾ ਭਰਾ ਖੜ੍ਹਾ ਹੋਇਆ ਤਾਂ ਸਖਤ ਟੱਕਰ ਦੇ ਬਾਵਜੂਦ ਵੀ ਉਸ ਨੇ ਵੋਟ ਨਹੀਂ ਪਾਈ ਸੀ। ਉਸ ਨੇ ਦੱਸਿਆ ਕਿ ਜਿਉਂਦੇ ਜੀਅ ਵੋਟ ਨਾਂ ਪਾਉਣ ਦਾ ਅਹਿਦ ਲਿਆ ਹੋਇਆ ਹੈ।
ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਜਿੰਦਗੀ ’ਚ ਸਿਰਫ ਇੱਕ ਵਾਰ ਵੋਟ ਪਾਈ ਹੈ। ਉਹ ਦੱਸਦਾ ਹੈ ਕਿ ਲੱਖੋਵਾਲ ਯੂਨੀਅਨ ਵੇਲੇ ਅਕਾਲੀ ਦਲ ਨਾਲ ਸਹਿਮਤੀ ਬਣੀ ਸੀ ਤਾਂ ਜੱਥੇਬੰਦੀ ਦੇ ਫੈਸਲੇ ਕਾਰਨ ਵੋਟ ਪਾਉਣੀ ਪਈ ਸੀ। ਉਸ ਨੇ ਕਿਹਾ ਕਿ ਉਦੋਂ ਵੀ ਯੂਨੀਅਨ ’ਚ ਉਨ੍ਹਾਂ ਵਿਰੋਧ ਕੀਤਾ ਸੀ ਪਰ ਵਿਰੋਧੀਆਂ ਦੀ ਗਿਣਤੀ ਘੱਟ ਰਹਿਣ ਕਾਰਨ ਇਹ ਅੱਕ ਚੱਬਣਾ ਪਿਆ ਪਰ ਬਾਅਦ ’ਚ ਕਦੇ ਵੀ ਵੋਟਾਂ ਵਾਲੀ ਲਾਈਨ ’ਚ ਨਹੀਂ ਲੱਗਿਆ। ਉਸ ਦਾ ਕਹਿਣਾ ਸੀ ਕਿ ਵੋਟਾਂ ਵਿੱਚ ਕੁੱਝ ਸੰਵਾਰਨ ਦੀ ਤਾਕਤ ਹੀ ਨਹੀਂ ਜਿਸ ਕਰਕੇ ਉਸ ਦਾ ਇਸ ਸਿਸਟਮ ’ਚ ਭਰੋਸਾ ਨਹੀਂ ਰਿਹਾ ਹੈ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਕਹਿਣਾ ਸੀ ਕਿ ਵੋਟ ਨਾਂ ਪਾਉਣਾ ਉਸਦਾ ਕੋਈ ਜਜਬਾਤੀ ਨਹੀਂ ਸਗੋਂ ਆਰਥਿਕ ਅਤੇ ਸਮਾਜਿਕ ਬਣਤਰ ’ਚ ਵਿਚਰਦਿਆਂ ਇਹ ਮਹਿਸੂਸ ਕਰਨ ਮਗਰੋਂ ਕੀਤਾ ਗਿਆ ਫੈਸਲਾ ਹੈ । ਉਨ੍ਹਾਂ ਕਿਹਾ ਕਿ ਚੋਣਾਂ ਦੀ ਖੇਡ੍ਹ ਬਲ ਅਤੇ ਛਲ ਦੇ ਬਲਬੂਤੇ ਖੇਡ੍ਹੀ ਜਾਂਦੀ ਹੈ ਜਿਸ ’ਚ ਆਮ ਲੋਕਾਂ ਲਈ ਹੋਰ ਤੇ ਨੇਤਾਵਾਂ ਲਈ ਵੱਖਰੇ ਪ੍ਰਬੰਧ ਹਨ। ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੂੰ ਤਾਂ ਇਸ ਦੀ ਗੁੜ੍ਹਤੀ ਹੀ ਪੇਕੇ ਪ੍ਰੀਵਾਰ ਤੋਂ ਹਾਸਲ ਹੋਈ ਹੈ।
ਮਰਹੂਮ ਮੇਘ ਰਾਜ ਭਗਤੂਆਣਾ ਦੀ ਧੀ ਬਿੰਦੂ ਆਖਦੀ ਹੈ ਕਿ ਮੌਜੂਦਾ ਲੋਕ ਰਾਜ ਵਿੱਚ ਕਿਸੇ ਵੀ ਅਧਿਕਾਰ ਦੀ ਕੋਈ ਕੀਮਤ ਨਹੀਂ ਜਿਸ ਕਰਕੇ ਉਹ ਵੋਟ ਦੇ ਅਧਿਕਾਰ ਦੀ ਵਰਤੋਂ ਮੁਨਾਸਿਬ ਹੀ ਨਹੀਂ ਸਮਝਦੀ ਹੈ । ਸਾਬਕਾ ਅਧਿਆਪਕ ਜਗਮੇਲ ਸਿੰਘ ਦਾ ਸ਼ਨਾਖਤੀ ਕਾਰਡ ਤਾਂ ਬਣਿਆ ਹੋਇਆ ਹੈ ਪਰ ਵੋਟ ਪਾਉਣ ਨਹੀਂ ਗਿਆ। ਉਸ ਦਾ ਕਹਿਣਾ ਹੈ ਕਿ ਇਸ ਵਿਵਸਥਾ ’ਚ ਲੋਕਾਂ ਦੀ ਸ਼ਮੂਲੀਅਤ ਨਹੀਂ ਹੈ। ਗਿੱਦੜ ਦੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਵੀ ਕਦੇ ਵੋਟ ਨਹੀਂ ਪਾਈ। ਉਹ ਆਖਦਾ ਹੈ ਕਿ ਵੋਟ ਪ੍ਰਣਾਲੀ ਨਾਲ ਢਾਂਚਾ ਨਹੀਂ ਬਦਲਦਾ ਬਲਕਿ ਢਾਂਚੇ ਨੂੰ ਚਲਾਉਣ ਵਾਲੇ ਬਦਲਦੇ ਹਨ।
ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੂੰ ਤਾਂ ਹੁਣ ਪਿੰਡ ਵਾਸੀ ਵੋਟ ਪਾਉਣ ਲਈ ਕਹਿਣੋ ਹਟ ਗਏ ਹਨ। ਉਸ ਨੇ ਕਿਹਾ ਕਿ ਵੋਟ ਪਾਉਣਾ ਸਮਾਂ ਖਰਾਬ ਕਰਨ ਦੇ ਤੁੱਲ ਹੈ ਕਿਉਂਕਿ ਸਾਰੀਆਂ ਸਿਆਸੀ ਧਿਰਾਂ ਦੇ ਨੇਤਾ ਤੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਲੋਕ ਮੋਰਚਾ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਨੇ ਵੀ ਵੋਟ ਨਾ ਪਾਉਣ ਦਾ ਸਟੈਂਡ ਲਿਆ ਹੋਇਆ ਹੈ। ਉਸ ਨੇ ਕਿਹਾ ਕਿ ਵੋਟਾਂ ਨੇ ਕਦੇ ਕਿਸੇ ਦੀਆਂ ਮੁਸ਼ਕਲਾਂ ਹੱਲ ਨਹੀਂ ਕੀਤੀਆਂ ਇਹ ਤਾਂ ਕੁਰਸੀ ਹਥਿਆਉਣ ਦਾ ਜਰੀਆ ਹਨ। ਹੋਰ ਵੀ ਅਜਿਹੇ ਲੋਕ ਹਨ ਜਿੰਨ੍ਹਾਂ ਦਾ ਪ੍ਰਤੀਕਰਮ ਹੈ ਕਿ ਵੋਟ ਰਾਜ ਦੁੱਖਾਂ ਦੀ ਮੁਕਤੀ ਦਾ ਸਬੱਬ ਨਹੀਂ, ਵੋਟਾਂ ਲੀਡਰਾਂ ਲਈ ਗੱਦੀ ਤੇ ਕਬਜੇ ਦਾ ਰਾਹ ਅਤੇ ਲੋਕਾਂ ਤੇ ਬੋਝ ਹਨ।
ਹੱਕਾਂ ਲਈ ਸੰਘਰਸ਼ ਹੀ ਰਾਹ-ਨਸਰਾਲੀ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋ ਸਿੰਘ ਨਸਰਾਲੀ ਦਾ ਕਹਿਣਾ ਸੀ ਕਿ ਨੇਤਾ ਵੋਟ ਦੇ ਅਧਿਕਾਰ ਦੇ ਚੇਤਾ ਕਰਵਾਉਂਦੇ ਹਨ ਪਰ ਬਾਕੀ ਅਧਿਕਾਰਾਂ ਦੀ ਗੱਲ ਕਿਓਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੌਜੂਦਾ ਸਿਸਟਮ ’ਚ 49 ਚੰਗੇ ਬੰਦਿਆਂ ਨੂੰ 51 ਨਿਕੰਮੇ ਇੱਕਠੇ ਹੋਕੇ ਹਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੇਤਾ ਚੁਣੇ ਜਾਣ ਮਗਰੋਂ ਸੰਹੁ ਚੁੱਕਦੇ ਹਨ ਪਰ ਕਾਈ ਵੀ ਇਸ ਤੇ ਖਰਾ ਨਹੀਂ ਉੱਤਰਦਾ ਇਸ ਲਈ ਵੋਟ ਪਾਉਣ ਵਾਲੇ ਵੀ ਓਨੇ ਹੀ ਜਿੰਮੇਵਾਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਮਸਲੇ ਹੱਲ ਨਹੀਂ ਕਰਦੀਆਂ ਜਿਸ ਕਰਕੇ ਨਾਂ ਕਦੇ ਵੋਟ ਪਾਈ ਅਤੇ ਨਾਂ ਪਾਉਣੀ ਹੈ। ਮਜਦੂਰ ਆਗੂ ਨੇ ਹੱਕ ਹਾਸਲ ਕਰਨ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਦੱਸਿਆ ਹੈ।