10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਤਾਇਨਾਤ ਚੋਣ ਅਮਲੇ ਨੂੰ ਦਿੱਤੀ ਸਿਖਲਾਈ
- ਸਿਖਲਾਈ ਦੌਰਾਨ ਆਰ.ਓਜ਼, ਏ.ਆਰ.ਓਜ਼, ਮਾਈਕਰੋ ਅਬਜ਼ਰਵਰ, ਕਾਊਟਿੰਗ ਸਹਾਇਕ ਤੇ ਕਾਊਂਟਿੰਗ ਸੁਪਰਵਾਈਜ਼ਰਾਂ ਨੇ ਲਿਆ ਹਿੱਸਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 3 ਮਾਰਚ, 2022: ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੀ ਅਗਵਾਈ ਹੇਠ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਡੀਟੋਰੀਅਮ ਵਿਖੇ ਜ਼ਿਲਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਅਤੇ ਜ਼ਿਲਾ ਮਲੇਰਕੋਟਲਾ ਦੇ 2 ਵਿਧਾਨ ਸਭਾ ਹਲਕਿਆਂ ਦੇ ਕਾਊਂਟਿੰਗ ਸਟਾਫ਼ ਨੂੰ ਵੋਟਾਂ ਦੀ ਗਿਣਤੀ ਮੌਕੇ ਅਪਣਾਈ ਜਾਣ ਵਾਲੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਸਿਖਲਾਈ ਦਿੱਤੀ ਗਈ। ਇਸ ਟਰੇਨਿੰਗ ਦੌਰਾਨ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ, ਮਾਈਕਰੋ ਅਬਜ਼ਰਵਰ, ਕਾਊਟਿੰਗ ਸਹਾਇਕ ਤੇ ਕਾਊਂਟਿੰਗ ਸੁਪਰਵਾਈਜ਼ਰਾਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਪਈਆਂ ਵੋਟਾਂ ਤੋਂ ਬਾਅਦ 10 ਮਾਰਚ ਨੂੰ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਵੋਟਾਂ ਦੀ ਗਿਣਤੀ ਦਾ ਸਮੁੱਚਾ ਕਾਰਜ ਪੂਰੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਣਾ ਹੈ, ਜਿਸ ਸਬੰਧੀ ਅੱਜ ਟਰੇਨਿੰਗ ਦੌਰਾਨ ਮਾਸਟਰ ਟਰੇਨਰ ਦੁਆਰਾ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿਨ ਪਾਲਣਾ ਬਾਰੇ ਸਮੂਹ ਪੋਲਿੰਗ ਸਟਾਫ਼ ਨੂੰ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਮਾਸਟਰ ਟਰੇਨਰ ਸ਼੍ਰੀ ਪੰਕਜ ਡੋਗਰਾ ਨੇ ਪਾਵਰ ਪੁਆਇੰਟ ਪ੍ਰਜੈਂਟੇਸ਼ਨ ਦੇ ਰਾਹੀਂ ਕਾਊਂਟਿੰਗ ਸਟਾਫ਼ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਗਿਣਤੀ ਕੇਂਦਰਾਂ ਵਿੱਚ ਲਿਆਉਣ, ਰਾਊਂਡ ਵਾਈਜ਼ ਨਤੀਜਾ ਘੋਸ਼ਿਤ ਕਰਨ, ਸਮੁੱਚੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਵਾਉਣ, ਗਿਣਤੀ ਕੇਂਦਰਾਂ ਵਿੱਚ ਦਾਖਲੇ ਲਈ ਅਧਿਕਾਰਤ ਵਿਅਕਤੀਆਂ, ਪੋਸਟਲ ਬੈਲਟ ਦੀ ਗਿਣਤੀ ਸਮੇਤ ਹੋਰ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਗਈ।
ਮਾਸਟਰ ਟਰੇਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਮੌਜੂਦ ਰਹਿਣ ਵਾਲੇ ਹਰੇਕ ਵਿਅਕਤੀ ਕੋਲ ਲਾਜ਼ਮੀ ਤੌਰ ’ਤੇ ਸ਼ਨਾਖਤੀ ਕਾਰਡ ਹੋਵੇਗਾ ਅਤੇ ਹਰੇਕ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਵੇ।