20 ਫਰਵਰੀ ਨੂੰ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ: ਭਗਵੰਤ ਮਾਨ
- ਭਗਵੰਤ ਮਾਨ ਨੇ ਸਮਰਾਲਾ ਦੇ ਉਮੀਦਵਾਰ ਜਗਤਾਰ ਸਿੰਘ ਲਈ ਕੀਤਾ ਚੋਣ ਪ੍ਰਚਾਰ
ਮਾਛੀਵਾੜਾ (ਲੁਧਿਆਣਾ)/ ਚੰਡੀਗੜ,16 ਫਰਵਰੀ 2022 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ 'ਆਪ' ਦੇ ਉਮੀਦਵਾਰ ਜਗਤਾਰ ਸਿੰਘ ਦੇ ਹੱਕ ਵਿੱਚ ਮਾਛੀਵਾੜਾ ਵਿਖੇ ਚੋਣ ਮਾਰਚ ਕੀਤਾ। ਮਾਨ ਨੇ ਉਮੀਦਵਾਰ ਜਗਤਾਰ ਸਿੰਘ ਲਈ ਪ੍ਰਚਾਰ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕੇ ਨੂੰ ਅਕਾਲੀ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਵਿਕਾਸ ਪੱਖੋਂ ਪਿਛਾੜ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਨੂੰ ਜਿਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਬਣਾਈ ਜਾਵੇ।
ਇਸ ਮੌਕੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਉਨਾਂ ਕੋਲ ਇੱਕ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ । ਇਸ ਲਈ 20 ਫਰਵਰੀ ਨੂੰ ਸਭ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਅਤੇ 'ਆਪ' ਦੀ ਸਰਕਾਰ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਵੇਗੀ।
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਇਸ ਲਈ ਇੱਥੋਂ ਦੇ ਵੋਟਰਾਂ ਨੇ ਵੀ ਆਪਣਾ ਆਗੂ ਅਤੇ ਸਰਕਾਰ ਬਦਲਣ ਦਾ ਫ਼ੈਸਲਾ ਕਰ ਲਿਆ ਹੈ।