40 ਸਾਲ ਪੁਰਾਣੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਰ 'ਚ ਕਾਗ਼ਜ਼ ਭਰਨ ਪੁੱਜੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ
ਰਵਿੰਦਰ ਢਿੱਲੋਂ
ਖੰਨਾ, 1 ਫਰਵਰੀ 2022 - ਪੰਜਾਬ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਹਲਕੇ ਤੋਂ ਨਾਮਜਦਗੀ ਪੱਤਰ ਦਾਖਲ ਕੀਤੇ। ਕੋਟਲੀ ਆਪਣੇ ਦਾਦਾ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਅੰਬੈਸਡਰ ਕਾਰ ਵਿੱਚ ਨਾਮਜ਼ਦਗੀ ਭਰਨ ਪਰਿਵਾਰ ਸਮੇਤ ਪਹੁੰਚੇ। ਇਸ ਕਾਰ ਦੀ ਵਰਤੋਂ ਅੱਤਵਾਦ ਦੇ ਸਮੇਂ ਬੇਅੰਤ ਸਿੰਘ ਵੱਲੋਂ ਕੀਤੀ ਜਾਂਦੀ ਸੀ। ਸ਼ਹੀਦੀ ਮਗਰੋਂ ਬੇਅੰਤ ਸਿੰਘ ਦੀ ਇਸ ਕਾਰ ਨੂੰ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਜਦੋਂ ਵੀ ਕੋਈ ਪਰਿਵਾਰ ਦਾ ਮੈਂਬਰ ਕੋਈ ਚੋਣ ਲੜਦਾ ਹੈ ਤਾਂ ਨਾਮਜਦਗੀ ਇਸ ਕਾਰ 'ਚ ਕੀਤੀ ਜਾਂਦੀ ਹੈ। ਇਸ ਕਾਰ ਨੂੰ ਪਰਿਵਾਰ ਆਪਣੇ ਲਈ ਲੱਕੀ ਕਾਰ ਮੰਨਦਾ ਹੈ।
ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਗੁਰਕੀਰਤ ਕੋਟਲੀ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਹਵਾ ਚੱਲ ਰਹੀ ਹੈ ਜੋ ਪਾਰਟੀ ਨੇ ਲੋਕਾਂ ਕੋਲੋਂ ਮੁੱਖ ਮੰਤਰੀ ਚਿਹਰੇ ਦੀ ਪਸੰਦ ਲਈ ਮੁਹਿੰਮ ਸ਼ੁਰੂ ਕੀਤੀ ਹੈ ਉਹ ਵੀ ਸ਼ਲਾਘਾਯੋਗ ਹੈ। ਚੋਣ ਆਯੋਗ ਵੱਲੋਂ ਕਿਸਾਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਕਰਨ ਉਪਰ ਕੋਟਲੀ ਨੇ ਕਿਹਾ ਕਿ ਇਹ ਇੱਕ ਤਰਾਂ ਦੀ ਪ੍ਰਕਿਰਿਆ ਹੈ। ਇਸ ਉਪਰ ਕਿਸੇ ਪਾਰਟੀ ਨੂੰ ਦੋਸ਼ ਦੇਣਾ ਗਲਤ ਹੈ। ਕਿਉਂਕਿ ਕੁਝ ਕਿਸਾਨ ਆਗੂਆਂ ਨੇ ਦਿੱਲੀ ਅੰਦੋਲਨ ਜਿੱਤਣ ਮਗਰੋਂ ਸੱਤਾ ਦੇ ਲਾਲਚ ਲਈ ਇਹ ਫੈਸਲਾ ਲਿਆ ਜਿਸਦਾ ਲੋਕਾਂ ਨੇ ਵਿਰੋਧ ਕੀਤਾ।