ਅੰਮ੍ਰਿਤਸਰ 30 ਜੂਲਾਈ 2020: ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਕਦੀ ਵੀ ਕਿਸੇ ਧਰਮ ਦੇ ਧਾਰਮਿਕ ਸਥਾਨ ਦੀ ਉਸਾਰੀ ਵਿੱਚ ਦਖ਼ਲ ਨਹੀਂ ਦਿੱਤਾ। ਇਸਦੇ ਨਾਲ ਹੀ ਕਦੀ ਕਿਸੇ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਦੇ ਨਿਆਰੇਪਨ ਨੂੰ ਮਿਲਗੋਭਾ ਕਰਣ ਦੀ ਇਜਾਜਤ ਨਹੀਂ ਦਿੱਤੀ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਕਮੇਟੀ ਆਗੁਆਂ ਨੇ ਦਿੱਤੇ।
ਉਨ੍ਹਾਂ ਕਿਹਾ ਰਾਮ ਮੰਦਿਰ ਦੀ ਉਸਾਰੀ ਹਿੰਦੂ ਰਹੂਰੀਤਾਂ ਅਨੁਸਾਰ ਹੋਣੀ ਚਾਹੀਦੀ ਹੈ ਇਸ ਵਿੱਚ ਸਿੱਖਾਂ ਨੂੰ ਕੋਈ ਇਤਰਾਜ ਨਹੀਂ। ਪਰ ਜੱਦ ਰਾਮ ਜਨਮ ਭੁਮੀ ਦੇ ਮੁੱਦੇ ਤੇ ਸੋਚੀ ਸਮਝੀ ਸਾਜਿਸ਼ ਹੇਠ ਗੁਰਦੁਆਰਿਆਂ ਤੋਂ ਮਿੱਟੀ ਤੇ ਸਰੋਵਰਾਂ ਤੋਂ ਜਲ ਲਿਆ ਕੇ ਸਿੱਖ ਦੀ ਵਿਲੱਖਣਤਾ ਦੇ ਸਿੰਧਾਤ ਨੂੰ ਸੱਟ ਮਾਰਕੇ ਬ੍ਰਾਹਮਣ ਮੱਤ ਦਾ ਅੰਗ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿੱਖ ਇਸਦਾ ਸਖ਼ਤ ਵਿਰੋਧ ਕਰਨ ਲਈ ਮਜਬੂਰ ਹਨ। ਸਿੱਖ ਧਰਮ ਦੀ ਵੱਖਰੀ ਫਿਲਾਸਫੀ ਦੇ ਆਦਰਸ਼ ਨੂੰ ਸਪਸ਼ਟ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਿੱਖ ਧਰਮ ਕਿਸੇ ਵੀ ਧਰਮ ਦੀ ਭਾਵਨਾਵਾਂ ਨੂੰ ਆਹਤ ਪਹੁਚਾਉਣ ਵਿੱਚ ਯਕੀਨ ਨਹੀਂ ਰੱਖਦਾ ਤੇ ਨਾਂ ਕਿਸੇ ਧਰਮ ਦੀ ਮਰਿਯਾਦਾ ਵਿੱਚ ਦਖ਼ਲ ਦਿੰਦਾ ਹੈ। ਭੁਮੀ ਪੂਜਨ ਦੇ ਪ੍ਰਬੰਧਕਾਂ ਦੀ ਸਾਜਿਸ਼ ਤੋ ਸੁਚੇਤ ਰਹਿਣ ਦਾ ਸੰਦੇਸ਼ ਦਿੰਦੀਆਂ ਆਗੂਆਂ ਨੇ ਕਿਹਾ ਕਿ ਉਹ ਸਿੱਖਾ ਨੂੰ ਘੱਟ ਗਿਣਤੀਆਂ ਦੇ ਇਕ ਧਰਮ ਤੋ ਦੂਰ ਕਰਨ ਦਾ ਯਤਨ ਕਰ ਰਹੇ ਹਨ ਜੋ ਕਿ ਸੰਭਵ ਨਹੀਂ ਹੋਣ ਦਿੱਤਾ ਜਾਵੇਗਾ। ਬਿਆਨ ਜਾਰੀ ਕਰਨ ਵਾਲ਼ਿਆਂ ਵਿੱਚ ਮੁੱਖ ਬੁਲਾਰਾ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ, ਮਹਾਬੀਰ ਸਿੰਘ ਸੁਲਤਾਨ ਵਿੰਡ, ਸੁਖਰਾਜ ਸਿੰਘ ਵੇਰਕਾ, ਕੁਲਦੀਪ ਸਿੰਘ ਦੁਬਾਲੀ ਆਦਿ ਸ਼ਾਮਲ ਹਨ।