- ਜਿੰਨ੍ਹਾਂ ਨੌਜਵਾਨਾਂ ਕੋਲ ਮੋਬਾਈਲ ਨਹੀਂ ਉਹ ਸਰਕਾਰੀ ਸਕੂਲ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਦੀ ਲੈ ਸਕਣਗੇ ਸਹੂਲਤ
- ਮਿਸ਼ਨ ਫਤਹਿ ਤਹਿਤ ਸ਼ੁਰੂ ਇਸ ਉਪਰਾਲੇ ਦਾ ਜ਼ਿਲ੍ਹਾ ਮੋਗਾ ਦੇ ਨੌਜਵਾਨ ਲੈਣ ਭਾਰੀ ਲਾਭ - ਡਿਪਟੀ ਕਮਿਸ਼ਨਰ
- ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਦੇ ਨਾਲ-ਨਾਲ ਮਿਲਣਗੇ ਰੋਜ਼ਗਾਰ ਦੇ ਮੌਕੇ
ਮੋਗਾ, 31 ਜੁਲਾਈ 2020 - ਪੰਜਾਬ ਸਰਕਾਰ ਨੇ ਕੌਵਿਡ 19 ਮਹਾਂਮਾਰੀ ਕਾਰਨ ਘਰ ਬੈਠੇ ਨੌਜਵਾਨਾਂ ਲਈ ਮੁਫ਼ਤ ਆਨਲਾਈਨ ਕੋਰਸ ਸ਼ੁਰੂ ਕੀਤੇ ਹਨ। ਇਹਨਾਂ ਕੋਰਸਾਂ ਦੇ ਕਰਨ ਨਾਲ ਜਿੱਥੇ ਉਹਨਾਂ ਦਾ ਕੀਮਤੀ ਸਮਾਂ ਅਜਾਈਂ ਨਹੀਂ ਜਾਵੇਗਾ ਉਥੇ ਹੀ ਉਹਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣਗੇ। ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਮਿਸ਼ਨ ਫਤਹਿ ਤਹਿਤ ਸ਼ੁਰੂ ਕੀਤਾ ਗਿਆ ਹੈ, ਜਿਸਦਾ ਨੌਜਵਾਨਾਂ ਨੂੰ ਭਾਰੀ ਲਾਭ ਲੈਣਾ ਚਾਹੀਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦਿੱਤੀ।
ਉਹਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਵਿਡ 19 ਮਹਾਂਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਨੌਜਵਾਨ ਘਰਾਂ ਵਿੱਚ ਬੈਠੇ ਹਨ, ਜਿਸ ਕਾਰਨ ਉਹਨਾਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਸੀ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਆਨਲਾਈਨ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। 45 ਦਿਨਾਂ ਵਾਲੇ ਇਹਨਾਂ ਸ਼ਾਰਟ ਕੋਰਸਾਂ ਵਿਚ 'ਕਸਟਮਰ ਕੇਅਰ' ਅਤੇ 'ਲੋਜਿਸਟਕ ਸਪਲਾਈ ਮੈਨੇਜਮੈਂਟ' ਸ਼ਾਮਿਲ ਹਨ।
ਉਹਨਾਂ ਦੱਸਿਆ ਕਿ ਇਹ ਕੋਰਸ ਬਿਲਕੁਲ ਮੁਫ਼ਤ ਹਨ ਅਤੇ ਇਹ ਕੋਰਸ ਕਰਨ ਦੇ ਇੱਛੁਕ ਨੌਜਵਾਨ ਘਰ ਬੈਠੇ ਹੀ ਕੋਰਸ ਕਰ ਸਕਦੇ ਹਨ। ਜੇਕਰ ਉਹਨਾਂ ਕੋਲ ਮੋਬਾਈਲ ਜਾਂ ਲੈਪਟਾਪ ਆਦਿ ਨਹੀਂ ਹੈ ਤਾਂ ਉਹ ਆਪਣੇ ਨਜ਼ਦੀਕੀ ਸਰਕਾਰੀ ਸਕੂਲ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਦੇ ਕੰਪਿਊਟਰ ਦੀ ਸਹੂਲਤ ਵੀ ਲੈ ਸਕਦੇ ਹਨ। ਇਹਨਾਂ ਕੋਰਸਾਂ ਦੀ ਮੋਨੀਟਰਿੰਗ ਕਰਨ ਲਈ ਡਿਸਟ੍ਰਿਕਟ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਡਿਊਟੀ ਲਗਾਈ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਹ ਕੋਰਸ 30-30 ਦੇ ਬੈਚ ਤਿਆਰ ਕਰਕੇ ਕਰਵਾਏ ਜਾ ਰਹੇ ਹਨ। ਮੌਜੂਦਾ ਸਮੇਂ ਪੰਜਾਬ ਵਿੱਚ 13 ਬੈਚ ਚਾਲੂ ਹੋ ਚੁੱਕੇ ਹਨ। ਜ਼ਿਲ੍ਹਾ ਮੋਗਾ ਦੇ 11 ਨੌਜਵਾਨ 7 ਬੈਚਾਂ ਵਿੱਚ ਸਿਖਲਾਈ ਲੈ ਰਹੇ ਹਨ। ਇਸੇ ਤਰ੍ਹਾਂ 50 ਹੋਰ ਨੌਜਵਾਨ ਸਿਖਲਾਈ ਲਈ ਤਿਆਰ ਬੈਠੇ ਹਨ। ਸਫਲਤਾਪੂਰਵਕ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾਣਗੇ।