ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ 10 ਅਗਸਤ ਤੋਂ ਅਸਥਾਈ ਵੀਜ਼ਾ ਅਰਜ਼ੀਆਂ ਪ੍ਰਾਪਤ ਨਹੀਂ ਕਰੇਗਾ-ਈ.ਓ.ਆਈ 'ਤੇ ਲੱਗੀ ਫੀਸ
ਵਿਜ਼ਟਰ ਅਤੇ ਥੋੜ੍ਹਚਿਰੇ ਵੀਜੇ ਤਿੰਨ ਮਹੀਨੇ ਲਈ ਬੰਦ
ਔਕਲੈਂਡ 01 ਅਗਸਤ 2020: ਨਿਊਜ਼ੀਲੈਂਡ ਸਰਕਾਰ ਨੇ ਕਰੋਨਾ ਵਾਇਰਸ ਦੇ ਦਾਖਲੇ ਨੂੰ ਬੰਦ ਕਰਨ ਦੇ ਇਰਾਦੇ ਨਾਲ ਆਪਣੀਆਂ ਸਰਹੱਦਾਂ ਸਿਰਫ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਲਈ ਖੁੱਲ੍ਹੀਆਂ ਰੱਖੀਆਂ ਹੋਈਆਂ ਹਨ। ਸਰਕਾਰ ਇਸ ਗੱਲ ਦੀ ਆਸ ਵਿਚ ਸੀ ਕਿ ਸ਼ਾਇਦ ਕਰੋਨਾ ਵਾਇਰਸ ਠੀਕ ਹੋ ਜਾਵੇਗਾ ਅਤੇ ਅਸਥਾਈ ਵੀਜ਼ੇ ਵਾਲੇ ਲੋਕ ਆ ਸਕਣਗੇ ਪਰ ਲਗਦਾ ਹੈ ਕਿ ਸਰਕਾਰ ਨੇ ਸੋਚ ਲਿਆ ਹੈ ਕਿ ਇਹ ਬਿਮਾਰੀ ਐਨੀ ਜਲਦੀ ਖਤਮ ਹੋਣ ਵਾਲੀ ਨਹੀਂ। ਇਸਦੇ ਚਲਦਿਆਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 10 ਅਗਸਤ ਤੋਂ ਅਸਥਾਈ ਵੀਜ਼ੇ (ਵਿਜਟਰ ਵੀਜਾ ਅਤੇ ਥੋੜ੍ਹ ਚਿਰੇ ਕੁਝ ਹੋਰ) ਵਾਲੀਆਂ ਅਰਜੀਆਂ ਲੈਣੀਆਂ ਬੰਦ ਕਰ ਦੇਣੀਆਂ ਹਨ। ਇਹ ਬੰਦਿਸ਼ ਅਜੇ 3 ਮਹੀਨਿਆਂ ਲਈ ਲਗਾਈ ਜਾ ਰਹੀ ਹੈ। ਇਸ ਸ਼੍ਰੇਣੀ ਦੇ ਵਿਚ ਕੁਝ ਨੂੰ ਛੋਟ ਵੀ ਦਿੱਤੀ ਗਈ ਹੈ ਜਿਵੇਂ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਦੇ ਮਾਪੇ, ਨਿਰਭਰ ਅਵਸਥਾ ਵਾਲੇ ਬੱਚੇ, ਰਾਜਦੂਤਕ, ਕੌਂਸਲਰ ਤੇ ਸਟਾਫ ਅਤੇ ਇਨ੍ਹਾਂ 'ਤੇ ਨਿਰਭਰ ਪਰਿਵਾਰ। ਇਸ ਤੋਂ ਇਲਾਵਾ ਅੰਟਾਰਟਿਕ ਯਾਤਰੀ, ਮਾਨਤਾ ਪ੍ਰਾਪਤ ਸੀਜਨਲ ਰੁਜ਼ਗਾਰ ਦਾਤਾ (ਆਰ. ਐਸ. ਈ.) ਲਿਮਟਿਡ ਵੀਜਾ ਆਦਿ।
ਇਸ ਤੋਂ ਇਲਾਵਾ ਇਥੇ ਆਉਣ ਦੀ ਛੋਟ ਪ੍ਰਾਪਤ ਕਰਨ ਦੇ ਲਈ ਜੋ 'ਐਕਸਪ੍ਰੈਸ਼ਨ ਆਫ ਇੰਟਰਸਟ' (ਈ.ਓ.ਆਈ) ਭਰਿਆ ਜਾਂਦਾ ਸੀ ਉਸਦੀ ਵੀ ਹੁਣ ਫੀਸ ਰੱਖ ਦਿੱਤੀ ਗਈ ਹੈ। ਇਕ ਰੁਜ਼ਗਾਰ ਦਾਤਾ ਨੂੰ ਆਪਣੇ ਕਾਮੇ ਲਈ ਅਜਿਹੀ ਬੇਨਤੀ ਕਰਨ ਉਤੇ 380 ਡਾਲਰ ਫੀਸ ਦੇਣੀ ਹੋਵੇਗੀ ਜਦ ਕਿ ਵਿਅਕਤੀਗਤ ਤੌਰ 'ਤੇ ਇਹ ਫੀਸ 45 ਡਾਲਰ ਰਹੇਗੀ।
ਪਿਛਲੇ ਕੁਝ ਮਹੀਨਿਆਂ ਦੇ ਵਿਚ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਅਕਤੀਗਤ ਤੌਰ 'ਤੇ 27,000 ਅਰਜ਼ੀਆਂ ਵਿਦੇਸ਼ਾਂ ਤੋਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੀ ਦਿਲਚਸਪੀ ਇਥੇ ਆਉਣ ਦੀ ਸੀ ਅਤੇ 5400 ਅਰਜ਼ੀਆਂ ਉਹ ਸਨ ਜਿਨ੍ਹਾਂ ਨੂੰ ਇਥੇ ਬੁਲਾਉਣ ਲਈ ਸੱਦਾ ਭੇਜਿਆ ਗਿਆ ਸੀ। ਇਨ੍ਹਾਂ ਅਰਜ਼ੀਆਂ ਉਤੇ ਵਿਚਾਰ ਕਰਨ ਲਈ ਕੋਈ ਖਰਚਾ ਨਹੀਂ ਸੀ ਹੁੰਦਾ ਪਰ ਹੁਣ ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਇਹ ਸਭ ਕੁਝ 'ਮੁਫਤ' ਕਰਨਾ ਔਖਾ ਹੋ ਗਿਆ ਹੈ।
ਬਾਰਡਰ ਬੰਦ ਦੇ ਚਲਦਿਆਂ ਇਮੀਗ੍ਰੇਸ਼ਨ ਨੇ ਬਹੁਤ ਹੀ ਸਖਤ ਸਰਹੱਦੀ ਸ਼ਰਤਾਂ ਦੇ ਅਧਾਰਿਤ ਕੁਝ ਵੀਜ਼ੇ ਦਿੱਤੇ ਸਨ ਅਤੇ ਆਮ ਵੀਜ਼ੇ ਬੰਦ ਸਨ ਪਰ ਲੋਕ ਲਗਾਤਾਰ ਅਰਜ਼ੀਆਂ ਦੇ ਰਹੇ ਸਨ। ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਹਾਲਾਤ ਠੀਕ ਹੋਣ ਉਤੇ ਉਹ ਵਧੀਆ ਤਰੀਕੇ ਨਾਲ ਨਵੀਂਆਂ ਅਰਜ਼ੀਆਂ ਉਤੇ ਕੰਮ ਕਰਨਗੇ। ਜਿਨ੍ਹਾਂ ਨੇ ਅਰਜ਼ੀਆਂ ਲਾਈਆਂ ਹਨ ਉਨ੍ਹਾਂ ਦੀ ਫੀਸ ਸੁਰੱਖਿਅਤ ਰਹੇਗੀ। ਉਨ੍ਹਾਂ ਦੇ ਮੈਡੀਕਲ ਅਤੇ ਪੁਲਿਸ ਸਰਟੀਫਿਕੇਟ ਵੀ ਮਾਨਤਾ ਪ੍ਰਾਪਤ ਰਹਿਣਗੇ। ਜਿਹੜੇ ਲੋਕਾਂ ਨੇ ਅਰਜ਼ੀ ਲਾਈ ਹੋਈ ਹੈ ਉਨ੍ਹਾਂ ਕੋਲ ਚੋਣ ਹੈ ਕਿ ਉਹ ਆਪਣੀ ਅਰਜ਼ੀ ਵਾਪਿਸ ਮੰਗ ਸਕਦੇ ਹਨ ਅਤੇ ਫੀਸ ਵਾਪਿਸ ਕਰਨ ਵਾਸਤੇ ਬੇਨਤੀ ਕਰ ਸਕਦੇ ਹਨ। ਰੈਜੀਡੈਂਸੀ (ਪੱਕੀ ਰਿਹਾਇਸ਼) ਵਾਲੀਆਂ ਅਰਜ਼ੀਆਂ ਲਗਾਈਆਂ ਜਾ ਸਕਣਗੀਆਂ ਕਿਉਂਕਿ ਇਹ ਜਿਆਦਾ ਸਮਾਂ ਮੰਗਦੀਆਂ ਹਨ ਅਤੇ ਬਾਰਡਰ ਬੰਦ ਨਾਲ ਬਹੁਤਾ ਫਰਕ ਨਹੀਂ ਪੈਂਦਾ। ਸੋ ਅੰਤ ਕਹਿ ਸਕਦੇ ਹਾਂ ਕਿ ਇਮੀਗ੍ਰੇਸ਼ਨ ਚਾਹੁੰਦੀ ਹੈ ਕਿ ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਵਿਖਾਉਣ ਤੋਂ ਪਹਿਲਾਂ ਡਾਲਰ ਦੇ ਦਰਸ਼ਨ ਜਰੂਰ ਕਰਵਾਓ।