ਕੋਰੋਨਾ ਤੋਂ ਠੀਕ ਹੋਏ ਮਰੀਜ਼ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਲੱਗੇ
ਠੀਕ ਹੋਏ ਮਰੀਜ਼ ਅੱਗੇ ਖੁਦ ਪਲਾਜਮਾ ਦਾਨ ਕਰਨ ਲਈ ਤਿਆਰੀ ਵਿਚ
ਇੱਕ ਵਿਅਕਤੀ ਵੱਲੋਂ ਦਾਨ ਕੀਤਾ ਪਲਾਜਮਾ ਬਚਾ ਸਕਦਾ ਹੈ ਚਾਰ ਲੋਕਾਂ ਦੀ ਜਿੰਦਗੀ
ਅੰਮ੍ਰਿਤਸਰ, 01 ਅਗਸਤ 2020: ਕੋਵਿਡ-19 ਵਾਇਰਸ ਦੇ ਗੰਭੀਰ ਮਰੀਜਾਂ ਦੇ ਇਲਾਜ ਲਈ ਇੰਡੀਅਨ ਕੌਸਲ ਫਾਰ ਮੈਡੀਕਲ ਰਿਸਰਚ ਦੇ ਅਨੁਸਾਰ ਪਲਾਜਮਾ ਥੇਰੈਪੀ ਨਾਲ ਕੀਤਾ ਜਾਂਦਾ ਇਲਾਜ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਵਿਚ ਜਾਰੀ ਹੈ ਅਤੇ ਹੁਣ ਤੱਕ ਇਹ 4 ਲੋਕਾਂ ਨੂੰ ਨਵੀਂ ਜਿੰਦਗੀ ਦੇ ਚੁੱਕਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਕਿਸੇ ਬੀਮਾਰੀ ਤੋਂ ਠੀਕ ਹੋ ਕੇ ਬਾਹਰ ਆਉਂਦਾ ਹੈ ਤਾਂ ਉਸ ਵਿਅਕਤੀ ਦੇ ਸਰੀਰ ਅੰਦਰ ਉਸ ਰੋਗ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ ਅਤੇ ਇਹ ਪਲਾਜਮਾ ਨਾਲ ਹੋਰਨਾਂ ਲੋਕਾਂ ਨੂੰ ਅਗਰ ਉਹ ਹੀ ਬੀਮਾਰੀ ਹੋਈ ਹੈ ਤਾਂ ਉਨ•ਾਂ ਦੇ ਖੂਨ ਵਿੱਚ ਉਸ ਵਿਅਕਤੀ ਦੇ ਪਲਾਜਮਾ ਤੱਤਾਂ ਨੂੰ ਮਿਲਾ ਕੇ ਉਨ•ਾਂ ਰੋਗੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਅਸੀਂ ਜਿੰਨਾ ਚਾਰ ਮਰੀਜ਼ਾਂ ਨੂੰ ਪਲਾਜ਼ਮਾ ਨਾਲ ਠੀਕ ਕੀਤਾ ਹੈ ਉਹ 60 ਸਾਲ ਤੋਂ ਉਪਰ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਵੀ ਪੀੜਤ ਸਨ। ਉਨਾਂ ਦੱਸਿਆ ਕਿ ਇਹ ਠੀਕ ਹੋਏ ਮਰੀਜ਼ ਹੁਣ ਘਰਾਂ ਨੂੰ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅਸੀਂ ਪਲਾਜ਼ਮਾ ਬੈਂਕ ਕਾਲਜ ਦੇ ਬਲੱਡ ਬੈਂਕ ਵਿਚ ਕਾਇਮ ਕਰ ਰਹੇ ਹਾਂ, ਜਿਸ ਉਤੇ ਕਰੀਬ 30 ਲੱਖ ਰੁਪਏ ਦਾ ਖਰਚ ਆਇਆ ਹੈ। ਉਨਾਂ ਦੱਸਿਆ ਕਿ ਇਸ ਬੈਂਕ ਵਿਚ ਖੂਨ ਦੀ ਤਰਾਂ ਪਲਾਜ਼ਮਾ ਵੀ ਸਟੋਰ ਕਰਕੇ ਰੱਖਿਆ ਜਾ ਸਕੇਗਾ, ਜੋ ਕਿ ਕਿਸੇ ਲੋੜਵੰਦ ਦੇ ਕੰਮ ਆਵੇਗਾ। ਉਨਾਂ ਦੱਸਿਆ ਕਿ ਠੀਕ ਹੋਏ ਮਰੀਜ਼ ਪਾਲਜ਼ਮਾ ਦਾਨ ਕਰਨ ਲਈ ਆਉਣ ਲੱਗੇ ਹਨ। ਉਨਾਂ ਤੰਦਰੁਸਤ ਹੋਏ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੈਂਕ ਹੋਂਦ ਵਿਚ ਆਉਂਦੇ ਸਾਰ ਆਪਣਾ ਪਲਾਜ਼ਮਾ ਦਾਨ ਕਰਨ ਲਈ ਹਸਪਤਾਲ ਪਹੁੰਚਣ, ਤਾਂ ਜੋ ਅਸੀਂ ਲੋੜਵੰਦ ਲੋਕਾਂ ਦੀ ਮਦਦ ਕਰ ਸਕੀਏ।
ਉਨ•ਾਂ ਦੱਸਿਆ ਕਿ ਮਾਹਿਰਾਂ ਦੇ ਅਨੁਸਾਰ ਐਂਟੀ ਬਾਡੀ ਪਲਾਜ਼ਮਾ ਉਸ ਵਿਅਕਤੀ ਦਾ ਹੀ ਲਿਆ ਜਾ ਸਕਦਾ ਹੈ ਜਿਸ ਨੂੰ ਠੀਕ ਹੋਇਆ 14 ਦਿਨ ਪੂਰੇ ਹੋ ਗਏ ਹੋਣ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਦੋ ਹੋਰ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਇਹ ਸਪੱਸਟ ਹੋ ਸਕੇ ਕਿ ਇਹ ਵਿਅਕਤੀ ਨੇ ਕਰੋਨਾ ਬੀਮਾਰੀ ਨੂੰ ਪੂਰੀ ਤਰ•ਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਬਾਅਦ ਮਰੀਜ ਦਾ ਆਲੀਜਾ ਟੈਸਟ ਕਰਕੇ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਸ ਵਿਅਕਤੀ ਦੇ ਖੂਨ ਵਿੱਚ ਕਿਹੜੀਆਂ ਐਂਟੀ ਬਾੱਡੀਜ ਹਨ ਅਤੇ ਕਿੰਨੀ ਸੰਖਿਆ ਵਿੱਚ ਹੈ। ਇਸ ਤੋਂ ਬਾਅਦ ਖੂਨ ਦੇਣ ਲਈ ਜੋ ਜਰੂਰੀ ਟੈਸਟ ਹੁੰਦੇ ਹਨ ਉਹ ਕੀਤੇ ਜਾਂਦੇ ਹਨ ਤਾਂ ਜੋ ਪਲਾਜਮਾਂ ਵਰਤਿਆ ਜਾ ਸਕੇ।
ਕਿਵੇਂ ਕੰਮ ਕਰਦੀ ਹੈ ਪਲਾਜਮਾ ਥੈਰੇਪੀ---ਜਿਕਰਯੋਗ ਹੈ ਕਿ ਸਾਡੇ ਸਰੀਰ ਅੰਦਰ ਪਾਏ ਜਾਣ ਵਾਲੇ ਖੂਨ ਵਿੱਚ ਵੱਖ ਵੱਖ ਤੱਤ ਹੁੰਦੇ ਹਨ ਅਤੇ ਇੱਕ ਵਿਧੀ ਰਾਹੀਂ ਕੇਵਲ ਉਸ ਹੀ ਤੱਤ ਨੂੰ ਖੂਨ ਵਿੱਚੋਂ ਕੱਢਿਆ ਜਾਂਦਾ ਹੈ ਜਿਸ ਦੀ ਲੋੜ ਹੈ ਅਤੇ ਉਹ ਤੱਕ ਖੂਨ ਵਿੱਚੋਂ ਵੱਖ ਕਰਕੇ ਬਾਕੀ ਖੂਨ ਨੂੰ ਫਿਰ ਵਾਪਸ ਉਸੇ ਹੀ ਸਰੀਰ ਵਿੱਚ ਭੇਜ ਦਿੱਤਾ ਜਾਂਦਾ ਹੈ। ਇੱਕ ਵਿਅਕਤੀ ਤੋਂ 800 ਐਮ.ਐਲ. ਪਲਾਜਮਾਂ ਲਿਆ ਜਾ ਸਕਦਾ ਹੈ ਅਤੇ ਉਸ ਤੋਂ ਅੱਗੇ ਚਾਰ ਲੋਕਾਂ ਨੂੰ ਉਸ ਪੀੜਤ ਬੀਮਾਰੀ ਤੋਂ ਠੀਕ ਕੀਤਾ ਜਾ ਸਕਦਾ ਹੈ। ਜਿਸ ਵਿਅਕਤੀ ਨੂੰ ਪਲਾਜਮਾ ਚੜਾਇਆ ਜਾਂਦਾ ਹੈ ਅਗਲੇ 48 ਤੋਂ 72 ਘੰਟਿਆਂ ਅੰਦਰ ਪਲਾਜਮਾਂ ਸਰੀਰ ਵਿੱਚ ਕੰਮ ਕਰਨਾ ਸੁਰੂ ਕਰ ਦਿੰਦਾ ਹੈ।
ਮੌਲਵੀ ਮਹੁੰਮਦ ਅਮਾਨਉਲਾ ਨੂੰ ਪਲਾਜ਼ਮਾ ਨੇ ਦਿੱਤੀ ਨਵੀਂ ਜਿੰਦਗੀ
ਕਪੂਰਥਲਾ ਦੀ ਬੀਬੀ ਪੀਰੋ ਵਾਲੀ ਮਸਜਿਦ ਦੇ ਮੌਲਵੀ ਲਈ ਪਲਾਜ਼ਮਾ ਇਲਾਜ ਵਿਧੀ ਕਿਸੇ ਵਰਦਾਨ ਤੋਂ ਘੱਟ ਨਹੀਂ। ਕਰੋਨਾ ਪਾਜੀਟਿਵ ਐਲਾਨੇ ਜਾਣ ਤੋਂ ਬਾਅਦ ਜਦ ਉਸਦੀ ਹਾਲਤ ਗੰਭੀਰ ਸੀ ਤਾਂ ਉਸਦਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਪਲਾਜਮਾ ਥੈਰੇਪੀ ਨਾਲ ਇਲਾਜ ਕੀਤਾ ਗਿਆ ਜੋ ਕਿ ਬਿਲਕੁਲ ਸਫਲ ਰਿਹਾ ਤੇ ਮੌਲਵੀ ਮੁਹੰਮਦ ਅਮਾਨਉੱਲਾ ਨੂੰ ਨਵੀਂ ਜਿੰਦਗੀ ਮਿਲ ਗਈ। ਸ਼ਾਲਾਮਾਰ ਬਾਗ ਨੇੜੇ ਬੀਬੀ ਪੀਰੋ ਵਾਲੀ ਮਸਜਿਦ ਦੇ ਮੁੱਖ ਮੌਲਵੀ 41 ਸਾਲਾ ਮੁਹੰਮਦ ਅਮਾਨਉੱਲਾ ਪਿਛਲੇ 30 ਸਾਲ ਤੋਂ ਕਪੂਰਥਲਾ ਵਿਖੇ ਰਹਿ ਰਹੇ ਹਨ। ਮੌਲਵੀ ਅਮਾਨਉੱਲਾ ਭਾਵੇਂ ਪੱਛਮੀ ਬੰਗਾਲ ਦੇ ਭਾਗਲਪੁਰ ਨਾਲ ਸਬੰਧਿਤ ਹਨ ਪਰ ਉਹ ਪੰਜਾਬ ਦੇ ਲੋਕਾਂ ਦੀ ਦਇਆ ਭਾਵਨਾ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਲੋਕਾਂ ਉੱਪਰ ਪ੍ਰਭਾਵ ਨੂੰ ਸਜਦਾ ਕਰਦੇ ਹਨ। ਉਨ•ਾਂ ਕਿਹਾ ਕਿ 'ਉਹ ਈਦ ਮੌਕੇ ਬੰਗਾਲ ਜ਼ਰੂਰ ਆਏ ਹਨ ਪਰ ਜਿਸ ਪਲਾਜ਼ਮਾ ਵਿਧੀ ਰਾਹੀਂ ਪੰਜਾਬ ਦੇ ਡਾਕਟਰਾਂ ਨੇ ਉਨ•ਾਂ ਨੂੰ ਨਵੀਂ ਜਿੰਦਗੀ ਬਖਸੀ ਹੈ, ਉਹ ਵੀ ਉਸਦਾ ਕਰਜ਼ ਉਤਾਰਨ ਲਈ ਆਪਣਾ ਪਲਾਜ਼ਮਾ ਜ਼ਰੂਰ ਦਾਨ ਕਰਨਗੇ'।