ਸਵੈ ਸਹਾਇਤਾ ਸਮੂਹ ਨਾਲ ਜੁੜਕੇ ਬਦਲੀ ਮੇਰੀ ਕਿਸਮਤ-ਸ਼ਿੰਦਰਪਾਲ ਕੌਰ
ਪਟਿਆਲਾ, 02 ਅਗਸਤ 2020: ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਪ੍ਰਫੁੱਲਤ ਕਰਕੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਵੱਲ ਵਧਾਏ ਗਏ ਕਦਮਾਂ ਨਾਲ ਬਹੁਤ ਸਾਰੀਆਂ ਪੇਂਡੂ ਖੇਤਰ ਦੀਆਂ ਅਜਿਹੀਆਂ ਮਹਿਲਾਵਾਂ ਵੀ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਗਈਆਂ ਹਨ, ਜਿਹਨਾਂ ਨੇ ਆਰਥਿਕ ਪੱਖੋਂ ਸਵੈ ਨਿਰਭਰ ਹੋਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਇਨ੍ਹਾਂ ਵਿੱਚੋਂ ਇੱਕ, ਪਟਿਆਲਾ ਬਲਾਕ ਦੇ ਪਿੰਡ ਮਵੀ ਸੱਪਾਂ ਦੀ ਸ਼ਿੰਦਰਪਾਲ ਕੌਰ ਵੀ ਹੈ, ਜੋ ਕਿ ਮਾਤਾ ਗੁਜ਼ਰੀ ਸਵੈ ਸਹਾਇਤਾ ਗਰੁੱਪ ਦੀ ਮੈਂਬਰ ਬਣਕੇ ਆਪਣੇ ਵਰਗੀਆਂ ਹੋਰਨਾਂ ਔਰਤਾਂ ਲਈ ਇੱਕ ਚਾਨਣ ਮੁਨਾਰਾ ਬਣੀ ਹੋਈ ਹੈ।
ਦੋ ਬੱਚਿਆਂ ਦੀ ਮਾਂ ਅਤੇ ਅੱਠਵੀਂ ਤੱਕ ਪੜ੍ਹੀ 42 ਸਾਲਾ ਸ਼ਿੰਦਰਪਾਲ ਕੌਰ ਪਤਨੀ ਮੱਖਣ ਸਿੰਘ, ਇਸ ਤੋਂ ਪਹਿਲਾਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੱਪੜੇ ਸਿਉਣ, ਕਢਾਈ ਕਰਨੀ ਜਾਂ ਖੇਤਾਂ 'ਚ ਜਾ ਕੇ ਕੰਮ ਕਰਦੀ ਸੀ ਪਰ ਹੁਣ ਉਸਨੇ ਅਜੀਵਿਕਾ ਮਿਸ਼ਨ ਨਾਲ ਜੁੜਨ ਮਗਰੋਂ ਦੱਸਵੀਂ ਜਮਾਤ ਵੀ ਪਾਸ ਕਰ ਲਈ ਹੈ।
ਸ਼ਿੰਦਰਪਾਲ ਕੌਰ ਨੇ ਆਪਣਾ ਤਜੁਰਬਾ ਸਾਂਝਾ ਕਰਦਿਆਂ ਦੱਸਿਆ ਕਿ ''ਪਹਿਲਾਂ ਤਾਂ ਬਹੁਤ ਔਖਾ ਲੱਗਿਆ ਪਰੰਤੂ ਰਾਜੀਵ ਗਾਂਧੀ ਮਹਿਲਾ ਵਿਕਾਸ ਪ੍ਰੀਯੋਜਨਾ ਉਤਰ ਪ੍ਰਦੇਸ਼ ਦੀਆਂ ਮੈਂਬਰ ਉਨ੍ਹਾਂ ਦੇ ਪਿੰਡ ਆਈਆਂ ਤੇ ਸਾਨੂੰ ਸਵੈ ਸਹਾਇਤਾ ਗਰੁੱਪ ਦੀ ਸਫ਼ਲਤਾ ਲਈ ਮੰਤਰ 'ਪੰਚ ਸੂਤਰ' ਤੋਂ ਜਾਣੂ ਕਰਵਾਇਆ, ਜਿਸ ਕਰਕੇ ਉਸਦੇ ਨਾਲ ਜੁੜੀਆਂ ਅਨੁਸੂਚਿਤ ਜਾਤੀ ਨਾਲ ਸਬੰਧਤ 10 ਹੋਰ ਮਹਿਲਾਵਾਂ ਨੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਸਫ਼ਲਤਾ ਦਾ ਰਾਹ ਫੜ ਲਿਆ।''
ਉਸਨੇ ਨੇ ਦੱਸਿਆ ਕਿ ਅਜੀਵਿਕਾ ਮਿਸ਼ਨ ਨੇ ਉਸ ਨੂੰ ਆਤਮ ਨਿਰਭਰ ਬਣਨ ਲਈ ਖੰਭ ਲਗਾਏ ਅਤੇ ਪਹਿਲੀ ਵਾਰ 2017 'ਚ ਗਰੁੱਪ ਤੋਂ ਟੋਕਾ ਕਰਨ ਵਾਲੀ ਮਸ਼ੀਨ ਵਾਸਤੇ 4000 ਰੁਪਏ ਦਾ ਕਰਜ਼ਾ ਲਿਆ, ਜਿਸ ਨੂੰ ਮੋੜਨ ਦੀ ਉਸਨੂੰ ਚਿੰਤਾ ਸੀ ਪ੍ਰੰਤੂ ਉਸਨੇ ਸਮੇਂ 'ਤੇ ਇਹ ਕਰਜਾ ਮੋੜ ਦਿੱਤਾ ਤੇ ਪੈਦਾ ਹੋਏ ਆਤਮ ਵਿਸ਼ਵਾਸ਼ ਕਰਕੇ ਉਸਨੇ ਲੋਨ 'ਤੇ ਹੀ ਪੁਰਾਣਾ ਥ੍ਰੀ ਵੀਲ੍ਹਰ ਲਿਆ। ਇਸ ਮਗਰੋਂ ਉਹ ਗਰੁੱਪ ਦੀ ਮੋਹਰੀ ਮਹਿਲਾ ਵਜੋਂ ਉਭਰੀ ਅਤੇ ਸੁੱਚਾ ਮੋਤੀ ਮਹਿਲਾ ਗ੍ਰਾਮ ਸੰਗਠਨ ਨਾਂ ਦੀ ਸੰਸਥਾ ਦਾ ਗਠਨ ਕਰਕੇ ਆਪਣੇ ਸਵੈ ਸਹਾਇਤਾ ਗਰੁੱਪ ਦੀ ਪ੍ਰਧਾਨ ਬਣੀ।
ਸ਼ਿੰਦਰਪਾਲ ਕੌਰ ਨੇ ਆਰਸੇਟੀ ਤੋਂ ਫੁਲਕਾਰੀ ਤੇ ਖਿਡੌਣੇ ਬਣਾਉਣ ਦੀ ਸਿਖਲਾਈ ਲੈ ਕੇ ਹੱਥੀ ਬਣਾਈਆਂ ਵਸਤਾਂ ਵੇਚਣ ਲਈ ਸਾਰਸ ਮੇਲਿਆਂ 'ਤੇ ਜਾਣਾ ਸ਼ੁਰੂ ਕੀਤਾ, ਜਿਸ ਨੇ ਉਸਦੀ ਆਮਦਨ ਤਿੰਨ ਗੁਣਾ ਵਧਾ ਦਿੱਤੀ। ਇਸਦੇ ਨਾਲ ਹੀ ਉਸਨੇ ਪੇਪਰ ਬੈਗ ਬਣਾਉਣ ਦੀ ਵੀ ਸਿਖਲਾਈ ਹਾਸਲ ਕੀਤੀ ਅਤੇ ਆਪਣੀ ਕਮਾਈ ਹੋਰ ਵਧਾ ਲਈ।
ਸ਼ਿੰਦਰਪਾਲ ਨੇ ਖੇਤੀਬਾੜੀ ਲੋਨ ਲੈਕੇ ਥੋੜੀ ਜਮੀਨ ਵੀ ਖਰੀਦੀ। 2019 'ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਟਿਆਲਾ ਵੱਲੋਂ ਅਰੰਭੇ ਕੇਟਰਿੰਗ ਪ੍ਰਾਜੈਕਟ 'ਰੁੱਖੀ ਮਿੱਸੀ' ਤਹਿਤ ਉਸਨੇ ਪੰਜਾਬੀ ਯੂਨੀਵਰਸਿਟੀ ਦੇ ਟੂਰਿਜਮ, ਪ੍ਰਾਹੁਣਚਾਰੀ ਅਤੇ ਹੋਟਲ ਮੈਨੇਜਮੈਂਟ ਵਿਭਾਗ ਤੋਂ ਖਾਣਾ ਬਣਾਉਣ ਤੇ ਪ੍ਰੋਸਣ ਦੀ ਸਿਖਲਾਈ ਹਾਸਲ ਕਰਕੇ ਜਿੱਥੇ ਸਰਕਾਰੀ ਮੀਟਿੰਗਾਂ 'ਚ ਖਾਣਾ ਪ੍ਰੋਸਣਾ ਸ਼ੁਰੂ ਕੀਤਾ, ਉਥੇਪਟਿਆਲਾ ਹੈਰੀਟੇਜ਼ ਫੈਸਟੀਵਲ ਮੌਕੇ ਪੰਜਾਬੀ ਫੂਡ ਸਟਾਲ ਲਗਾਈ, ਜਿੱਥੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਭੋਜਨ ਖ੍ਰੀਦਿਆ, ਉਸਨੇ ਦੋ ਲੱਖ ਤੋਂ ਵਧੇਰੇ ਦੀ ਵਿਕਰੀ ਦਰਜ ਕੀਤੀ ਅਤੇ 60 ਹਜ਼ਾਰ ਰੁਪਏ ਦਾ ਮੁਨਾਫ਼ਾ ਕਮਾਇਆ।
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ਿੰਦਰਪਾਲ ਕੌਰ ਹੁਣ ਦੂਸਰੀਆਂ ਮਹਿਲਾਵਾਂ ਲਈ ਚਾਨਣ ਮੁਨਾਰਾ ਬਣਕੇ ਆਪਣੀ ਸਫ਼ਲਤਾ ਦੀ ਕਹਾਣੀ ਸੁਣਾਉਂਦਿਆਂ ਕੁਝ ਕਰਨ ਦੀ ਇੱਛਾ ਰੱਖਦੀਆਂ ਮਹਿਲਾਵਾਂ ਨੂੰ ਪ੍ਰੇਰਤ ਕਰਕੇ ਅਜੀਵਿਕਾ ਮਿਸ਼ਨ ਨਾਲ ਜੋੜ ਰਹੀ ਹੈ। ਡਾ. ਯਾਦਵ ਨੇ ਦੱਸਿਆ ਕਿ ਉਸਨੇ ਰਾਜ ਪੱਧਰੀ ਬੈਂਕਰ ਕਮੇਟੀ ਦੀ ਚੰਡੀਗੜ੍ਹ 'ਚ ਹੋਈ ਮੀਟਿੰਗ ਦੌਰਾਨ ਵੀ ਆਪਣਾ ਭਾਸ਼ਣ ਦਿੱਤਾ ਸੀ।
ਏ.ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਜੀਵਿਕਾ ਮਿਸ਼ਨ ਤਹਿਤ ਪਟਿਆਲਾ ਜ਼ਿਲ੍ਹੇ 'ਚ ਸਵੈ ਸਹਾਇਤਾਂ ਗਰੁੱਪਾਂ ਰਾਹੀਂ ਗਰੀਬ ਅਤੇ ਲੋੜਵੰਦ ਦਿਹਾਤੀ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਅਜੀਵਿਕਾ ਸਕੀਮ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਸਮੇਤ ਬਲਾਕ ਪ੍ਰੋਗਰਾਮ ਮੈਨੇਜਰ ਵਰੁਣ ਪ੍ਰਾਸ਼ਰ ਵੱਲੋਂ ਸਵੈ ਸਹਾਇਤਾ ਸਮੂਹਾਂ ਨਾਲ ਲਗਾਤਾਰ ਤਾਲਮੇਲ ਕਰਕੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।