ਅੰਮ੍ਰਿਤਸਰ 02 ਅਗਸਤ 2020: ਵਿਵਾਦਾਂ, ਬੇਭਰੋਸਗੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਸਲੇ ਤੇ ਕੀਤੀ ਜਾ ਰਹੀ ਜਾਂਚ ਸੱਚ ਤੋਂ ਕੋਹਾਂ ਦੂਰ ਚੱਲੀ ਗਈ ਹੈ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਦੇ ਪ੍ਰਮੁੱਖ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਦਿੱਤੇ। ਦੁਨੀਆਂ ਦੇ ਨਕਸ਼ੇ ਤੇ ਛੇਵੇਂ ਨੰਬਰ ਤੇ ਜਾਣਿਆ ਜਾਂਦਾ ਸਿੱਖ ਧਰਮ ਆਪਣੀ ਵਿਸ਼ਾਲਤਾ ਅਤੇ ਮਹਾਨਤਾ ਦੀ ਬੁੱਕਲ ਵਿੱਚ ਚੋਟੀ ਦੇ ਜੱਜ, ਜਰਨੈਲ, ਬੁੱਧੀਜੀਵੀ, ਲਿਖਾਰੀ, ਸਾਇੰਸਦਾਨ, ਵਾਈਸ ਚਾਂਸਲਰ, ਵਕੀਲ, ਡਾਕਟਰ ਆਦਿ ਸਮੋਈ ਬੈਠਾ ਹੈ। ਜਦ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਹੁੰਦੀ ਹੈ ਤਾਂ ਇਸ ਕੌਮੀ ਵਿਰਾਸਤ ਦੇ ਖਜਾਨੇ ਚੋਂ ਅਨੇਕਾਂ ਲੋਕ ਆਪਣੀਆਂ ਸੇਵਾਵਾਂ ਅਰਪਿਤ ਕਰਨ ਲਈ ਤਿਆਰ ਹੋ ਜਾਂਦੇ ਹਨ। ਵਿਸ਼ੇਸ਼ ਤੌਰ ਤੇ ਜਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੋਵੇ ਤਾਂ ਸੇਵਾਵਾਂ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੁੰਦੀ ਬਸ਼ਰਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਜਾਵੇ। ਪਰ ਜਦ ਬਾਹਰ ਮੁੱਖੀ ਚਿਹਰਾ ਪੰਥਕ ਹੋਵੇ ਅਤੇ ਅੰਤਰ ਮੁਖੀ ਭਾਵਨਾ ਧੜਿਆਂ ਅਤੇ ਸੌੜੀ ਸਿਆਸਤ ਦਾ ਹਿੱਤ ਪਾਲਦੀ ਹੋਵੇ ਤਾਂ ਕੌਮੀ ਵਿਰਾਸਤ ਦੇ ਖਜਾਨੇ ਚੋਂ ਚੰਗੇ ਬੰਦਿਆਂ ਦੀ ਭਾਲ ਕਰਨੀ ਔਖੀ ਹੋ ਜਾਂਦੀ ਹੈ। ਇਹੋ ਕੁਝ ਹੀ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਗਿਆਨੀ ਹਰਪ੍ਰੀਤ ਸਿੰਘ ਨਾਲ ਵਾਪਰ ਰਿਹਾ ਹੈ।
ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਡੇਰਾ ਪ੍ਰੇਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਚੋਰੀ ਕੀਤਾ ਸੀ। ਜਿਸ ਦਾ ਕੌਮ ਨੂੰ ਹੁਣ ਤੱਕ ਇਨਸਾਫ ਬਾਦਲਾਂ ਅਤੇ ਕੈਪਟਨ ਦੀ ਗੰਦੀ ਰਾਜਨੀਤੀ ਕਾਰਨ ਨਹੀਂ ਮਿਲ ਸਕਿਆ। ਪਰ ਡੇਰਾ ਪ੍ਰੇਮੀਆਂ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਵਾਲੇ ਬਾਦਲਕਿਆਂ ਅਤੇ ਲੌਂਗੋਵਾਲ ਦੀ ਰਹਿਨਮਾਈ ਹੇਠ ਚੱਲ ਰਹੀ ਸ਼੍ਰੋਮਣੀ ਕਮੇਟੀ ਚੋਂ 267 ਪਾਵਨ ਸਰੂਪ ਲਾਪਤਾ ਹੋ ਜਾਣ ਦੀ ਜਾਂਚ ਦੂਰ ਅੰਦੇਸ਼ੀ, ਵਚਨਬੱਧਤਾ, ਇਮਾਨਦਾਰੀ, ਨਿਰਪੱਖਤਾ ਅਤੇ ਵਫ਼ਾਦਾਰੀ ਦੀ ਘਾਟ ਕਾਰਨ ਸੱਚ ਨੂੰ ਉਜਾਗਰ ਕਰਨ ਅਤੇ ਮੂਲ ਦੋਸ਼ੀਆਂ ਤੱਕ ਨਾ ਪਹੁੰਚ ਸਕਣ ਦਾ ਮੌਕਾ ਗੁਆ ਚੁੱਕੀ ਹੈ। ਚਾਹੀਦਾ ਤਾਂ ਇਹ ਸੀ ਕਿ ਜਾਂਚ ਦੀ ਆਰੰਭਤਾ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕੌਮੀ ਜਥੇਬੰਦੀਆਂ ਨਾਲ ਸਲਾਹ ਕਰਕੇ ਉੱਚ ਕੋਟੀ ਦੇ ਪੰਜ ਜੱਜਾਂ, ਜਰਨੈਲਾਂ, ਵਿਦਵਾਨਾਂ, ਵਕੀਲਾਂ, ਚਾਰਟਡ ਅਕਾਊਂਟੈਂਟਾਂ ਦਾ ਪੈਨਲ ਬਣਾਉਂਦੇ। ਇਨ੍ਹਾਂ ਵਿੱਚੋਂ ਇੱਕ ਜੱਜ, ਜਰਨੈਲ, ਵਿਦਵਾਨ, ਵਕੀਲ, ਚਾਰਟਡ ਅਕਾਊਂਟੈਂਟ ਦੀ ਚੋਣ ਕਰਕੇ ਜਾਂਚ ਕਮੇਟੀ ਸਥਾਪਤ ਕਰਨੀ ਚਾਹੀਦੀ ਸੀ। ਪਰ ਤਜਰਬੇ ਤੋਂ ਵਿਹੂਣੇ ਅਤੇ ਧੜੇਬੰਦੀਆਂ ਦੀ ਮਜਬੂਰੀ ਵਿੱਚ ਫਸੇ ਗਿਆਨੀ ਹਰਪ੍ਰੀਤ ਸਿੰਘ ਨੇ ਜੱਜ ਬੀਬਾ ਨਵਿਤਾ ਸਿੰਘ ਅਤੇ ਡਾਕਟਰ ਈਸ਼ਰ ਸਿੰਘ ਵਕੀਲ ਨਾਲ ਗੱਲਬਾਤ ਕਰਕੇ ਕਮਜ਼ੋਰ ਜਾਂਚ ਕਮੇਟੀ ਸਥਾਪਤ ਕਰ ਦਿੱਤੀ।
17 ਜੁਲਾਈ ਤੋਂ ਜੱਜ ਸਾਹਿਬਾਂ ਦੀ ਗੈਰ ਹਾਜ਼ਰੀ ਵਿੱਚ ਐਡਵੋਕੇਟ ਈਸ਼ਰ ਸਿੰਘ ਨੇ ਜਾਂਚ ਆਰੰਭ ਕਰ ਦਿੱਤੀ। ਦੂਜੇ ਪਾਸੇ ਬੀਬਾ ਨਵਿਤਾ ਸਿੰਘ ਤੇ ਦਬਾਅ ਪੈਣ ਦੇ ਸਿੱਟੇ ਵਜੋਂ ਜਾਂਚ ਦੇ 13 ਦਿਨਾਂ ਬਾਅਦ ਘਰੇਲੂ ਮਜਬੂਰੀਆਂ ਦੱਸ ਕੇ ਜਾਂਚ ਤੋਂ ਲਾਂਭੇ ਹੋਣ ਦਾ ਫ਼ੈਸਲਾ ਕਰ ਲਿਆ। ਜੇਕਰ ਜੱਜਾਂ ਜਰਨੈਲਾਂ ਦਾ ਆਦਿ ਦਾ ਵੱਡਾ ਪੈਨਲ ਤਿਆਰ ਹੋਇਆ ਹੁੰਦਾ ਤਾਂ ਧੜੇਬੰਦੀਆਂ ਪਾਲਣ ਵਾਲਿਆਂ ਨੂੰ ਅਤੇ ਡੇਰਾ ਪ੍ਰੇਮੀਆਂ ਨਾਲ ਸਾਂਝ ਰੱਖਣ ਵਾਲੇ ਬਾਦਲਕਿਆਂ ਨੂੰ ਨੱਥ ਪੈ ਸਕਦੀ ਸੀ। ਪਰ ਹੁਣ ਤਾਂ 267 ਸਰੂਪਾਂ ਦੀ ਇਹ ਜਾਂਚ ਮਹਿਜ਼ ਰਸਮੀ ਬਣ ਕੇ ਰਹਿ ਗਈ ਹੈ।