ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 45 ਪਿੰਡਾਂ ਲਈ ਪਹਿਲਾਂ ਹੀ ਕੀਤੇ ਜਾ ਚੁੱਕੇ 2.97 ਕਰੋੜ ਰੁਪਏ ਮਨਜੂਰ
8 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ, 6 ਪਿੰਡਾਂ ਵਿਚ ਵੀ ਜਲਦ ਕੰਮ ਹੋ ਜਾਵੇਗਾ ਸ਼ੁਰੂ
ਸਾਡੀ ਯੋਜਨਾ ਮੁਤਾਬਿਕ 62 ਪਿੰਡਾਂ ਦਾ ਕੰਮ 2 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ - ਬੀ.ਡੀ.ਪੀ.ਓ. ਨਵਦੀਪ ਕੌਰ
ਲੁਧਿਆਣਾ, 02 ਅਗਸਤ 2020: ਦੋਰਾਹਾ ਬਲਾਕ ਦਾ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਦੇਖਦੇ ਹੋਏਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਲਾਕ ਦੇ ਹਰੇਕ ਪਿੰਡ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕਰਨ ਲਈ ਵਿਭਾਗ ਵਲੋਂ 2.97 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ।
ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ. ਦੋਰਾਹਾ ਅਤੇ ਕੋਰੋਨਾ ਵਾਰੀਅਰ ਨੇ ਦੱਸਿਆ ਕਿ ਮਗਨਰੇਗਾ ਅਤੇ ਪੰਚਾਇਤ ਫੰਡਾਂ ਨਾਲ ਇਹ ਪ੍ਰੋਜੈਕਟ ਬਲਾਕ ਦੇ 14 ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। 8 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ ਹਨ ਜਦਕਿ ਬਾਕੀ 6 ਪਿੰਡਾਂ ਵਿਚ ਵੀ ਜਲਦ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਪਿੰਡ ਲੰਢਾ, ਦਾਊ ਮਾਜਰਾ, ਅਲੂਣਾ ਤੋਲਾ, ਚਣਕੋਈਆਂ ਖੁਰਦ, ਭਰਥਲਾ ਰੰਧਾਵਾ, ਅਫਜੁੱਲਾਪੁਰ, ਘਲੋਟੀ ਅਤੇ ਘਣਗਸ ਵਿੱਚ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰਾਜੈਕਟ ਨੂੰ ਹੋਰ 6 ਪਿੰਡਾਂ ਜਿਵੇਂ ਘੁਰਾਲਾ, ਅੜੈਚਾਂ, ਮਕਸੂਦਾ, ਚੀਮਾ, ਕਰੋੜੀਆਂ ਅਤੇ ਬੇਗੋਵਾਲ ਵਿਖੇ ਸ਼ੁਰੂ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਨਰੇਗਾ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਚਲਾਉਣ ਲਈ ਬਹੁਤ ਸਹਾਈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਮੁਹੱਈਆ ਕਰਵਾਏ ਗਏ ਫੰਡਾਂ ਕਾਰਨ ਹੀ ਇਹ ਪ੍ਰਾਜੈਕਟ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗ੍ਰਾਮ ਪੰਚਾਇਤਾਂ ਕੋਲ ਆਪਣੇ ਫੰਡ ਨਹੀਂ ਹਨ, ਉਹ ਇਸ ਪ੍ਰਾਜੈਕਟ ਲਈ ਮਨਰੇਗਾ ਤਹਿਤ ਫੰਡ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਦੋਰਾਹਾ ਬਹੁਤ ਜਲਦ ਸਮੁੱਚੇ ਦੇਸ਼ ਵਿੱਚ ਸਵੱਛ ਅਤੇ ਤੰਦਰੁਸਤ ਬਲਾਕ ਵਜੋਂ ਜਾਣਿਆ ਜਾਵੇਗਾ।
ਉਨ੍ਹਾ ਕਿਹਾ ਕਿ ਬਲਾਕ ਦੋਰਾਹਾ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਦਾ ਪਹਿਲਾ ਅਜਿਹਾ ਬਲਾਕ ਹੈ, ਜਿਸ ਦੀ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਚੋਣ ਹੋਈ ਹੈ। ਇਸ ਪ੍ਰੋਜੈਕਟ ਰਾਹੀਂ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਖਾਦ ਨੂੰ ਵੇਚ ਕੇ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ ਨਾਲ ਪਿੰਡਾਂ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਹ ਖਾਦ ਛੋਟੇ ਕਿਸਾਨਾਂ ਨੂੰ ਮੁਫ਼ਤ ਵੀ ਦਿੱਤੀ ਜਾ ਰਹੀ ਹੈ। ਇਹ ਖਾਦ ਵਣ ਅਤੇ ਬਾਗਬਾਨੀ ਵਿਭਾਗ ਨੂੰ ਵੀ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਰਾਹੀਂ ਪੈਕੇਟ ਬਣਾ ਕੇ ਵੇਚਣ ਦੀ ਵੀ ਤਜਵੀਜ਼ ਹੈ.
ਉਨ੍ਹਾਂ ਕਿਹਾ ਕਿ ਇਹ ਜੈਵਿਕ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਨਾਲ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਨਿਤ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਪਿੰਡਾਂ ਵਿਚ ਨਾਰੀ ਸਸ਼ਕਤੀਕਰਨ ਦਾ ਵਾਧਾ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ, ਅਗਲੇ ਕੁਝ ਮਹੀਨਿਆਂ ਵਿੱਚ ਬਲਾਕ ਦੋਰਾਹਾ ਦੇ ਸਾਰੇ 62 ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਚਾਲੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਸੋਲਿਡ ਵੇਸਟ ਇਕੱਠਾ ਕਰਨ ਦਾ ਕੰਮ ਵੀ ਕੀਤਾ ਜਾਏਗਾ, ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਂਰੂੜੀਂ ਦੀ ਸਮੱਸਿਆ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ