ਘਰਾਂ ਦੀ ਛੱਤਾਂ ਤੇ ਲਹਿਰਾਏ ਜਾਣਗੇ ਕਾਲੇ ਝੰਡੇ
02 .08.2020: ਦੇਰ ਤੋਂ ਲਟਕਦੀਆਂ ਅਧਿਆਪਕ ਮੰਗਾਂ ਦੇ ਹੱਲ ਲਈ ਪਿਛਲੇ ਸਮੇਂ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਲਗਾਤਾਰ ਧਰਨੇ, ਮੁਜ਼ਾਹਰੇ, ਰੋਸ ਪੱਤਰਾਂ ਆਦਿ ਰਾਹੀਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਮਸਲਿਆਂ ਦੇ ਨਿਬੇੜੇ ਲਈ ਕੋਈ ਕਦਮ ਨਾ ਉਠਾਏ ਜਾਣ ਦੇ ਵਿਰੋਧ ਵਜੋਂ 5 ਅਗਸਤ ਨੂੰ ਵੰਗਾਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੀ ਜੂਮ ਐਪ ਰਾਹੀ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ ਨੇ ਕਿਹਾ ਕਿ ਅਧਿਆਪਕਾਂ ਦੇ ਦੇਰ ਤੋਂ ਲੰਬਿਤ ਪਏ ਭਖਦੇ ਮਸਲਿਆਂ ਪ੍ਰਤੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਖਾਸ ਤੌਰ ਤੇ ਪਟਿਆਲਾ ਸੰਘਰਸ਼ ਸਮੇਂ ਜਿਨ੍ਹਾਂ ਮੁੱਦਿਆਂ ਦੇ ਹੱਲ ਲਈ ਅਧਿਆਪਕ ਧਿਰਾਂ ਤੇ ਮੰਤਰੀ ਸਮੂਹ ਦਰਮਿਆਨ ਸਹਿਮਤੀ ਬਣੀ ਸੀ, ਉਸ ਨੂੰ ਉੱਚ ਅਫ਼ਸਰਸ਼ਾਹੀ ਨੇ ਮੁਕੰਮਲ ਤਾਰਪੀਡੋ ਕਰ ਦਿੱਤਾ ਹੈ। ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਵਿੱਚ ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਜਥੇਬੰਦੀ ਨੇ ਫੈਸਲਾ ਕੀਤਾ ਕਿ 5 ਅਗਸਤ ਨੂੰ ਪਰਿਵਾਰਾਂ ਸਮੇਤ ਘਰਾਂ ਦੀ ਛੱਤਾਂ ਉੱਪਰ ਕਾਲੇ ਝੰਡੇ ਲਹਿਰਾਂ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਸਾਥੀ ਸੁਖਵਿੰਦਰ ਚਾਹਲ ਨੂੰ ਜਾਰੀ ਮਨਘੜਤ ਦੋਸ਼ ਸੂਚੀ ਰੱਦ ਕੀਤੀ ਜਾਵੇ ਅਤੇ ਹੋਰ ਅਧਿਆਪਕਾਂ ਦੀ ਪੈਡਿੰਗ ਪਈਆਂ ਦੋਸ਼ ਸੂਚੀਆਂ, ਵਿਕਟੇਮਾਈਜੇਸ਼ਨਾਂ, ਮੁਅਤਲੀਆਂ, ਪੁਲਿਸ ਕੇਸ ਵਾਪਸ ਲੈ ਕੇ ਰੱਦ ਕੀਤੇ ਜਾਣ। ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਸਿੱਖਿਆ ਵਿਭਾਗ ਦੀ ਕੀਤੀ ਜਾ ਰਹੀ ਅਕਾਰ ਘਟਾਈ ਬੰਦ ਕੀਤੀ ਜਾਵੇ ਅਤੇ ਸਮਾਪਤ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਮੋਬਾਇਲ ਭੱਤੇ ਤੇ ਕੱਟ ਲਗਾਉਣ ਵਾਲਾ ਪੱਤਰ ਵਾਪਸ ਲਿਆ ਜਾਵੇ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ, ਗੈਰ-ਲੋਕਤੰਤਰੀ ਢੰਗ ਨਾਲ ਕੀਤੀ ਜਾ ਰਹੀ ਅਧਿਆਪਕਾਂ ਦੀ ਕਲਮਬੰਦੀ ਅਤੇ ਜ਼ੁਬਾਨਬੰਦੀ ਬੰਦ ਕੀਤੀ ਜਾਵੇ, ਨਵੀਂ ਭਰਤੀ ਅਧੀਨ ਅਧਿਆਪਕਾਂ, ਮੁਲਾਜ਼ਮਾਂ ਲਈ ਲਾਗੂ ਕੀਤੇ ਜਾ ਰਹੇ ਕੇਂਦਰੀ ਤਨਖਾਹ ਸਕੇਲਾਂ ਨੂੰ ਰੱਦ ਕੀਤਾ ਜਾਵੇ, ਡੀ ਏ ਦੀਆਂ ਬਕਾਇਆ ਕਿਸ਼ਤਾ ਜਾਰੀ ਕੀਤੀਆ ਜਾਣ ਅਤੇ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ। 3582 ਕੈਟਾਗਿਰੀ ਅਧਿਆਪਕਾਂ ਨੂੰ ਵੀ ਬਦਲੀ ਨੀਤੀ ਅਧੀਨ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਇਸ ਦਿਨ ਅਧਿਆਪਕ ਆਪਣੀਆਂ ਮੰਗਾਂ ਦਾ ਪੋੋਸਟਰ ਘਰ ਦੇ ਗੇਟ ਅੱਗੇ ਲਗਾ ਕੇ ਪੰਜਾਬ ਸਰਕਾਰ ਖਿਲਾਫ ਵਿਰੋਧ ਵੀ ਦਰਜ ਕਰਵਾਉਣਗੇ।