ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2020: ਕਰੋਨਾ ਸੰਕਟ ਦੇ ਬਾਵਜੂਦ ਬਠਿੰਡਾ ਖਿੱਤੇ ’ਚ ਭੈਣਾਂ ਭਰਾਵਾਂ ਦੇ ਪਿਆਰ ਦਾ ਪ੍ਰਤੀਕ ‘ਰੱਖੜੀ’ ਦਾ ਤਿਉਹਾਰ ਕਾਫੀ ਚਾਵਾਂ ਨਾਂਲ ਮਨਾਇਆ ਗਿਆ। ਹਾਲਾਂਕਿ ਕਰੋਨਾ ਨੇ ਬਜ਼ਾਰ ’ਚ ਕਾਰੋਬਾਰ ਅਤੇ ਰੌਣਕਾਂ ਪ੍ਰਭਾਵਿਤ ਕੀਤੀਆਂ ਫਿਰ ਵੀ ਉਤਸ਼ਾਹ ’ਚ ਕਮੀ ਕਿਧਰੇ ਵੀ ਨਜ਼ਰ ਨਾਂ ਆਈ। ਭੈਣਾਂ ਨੇ ਅੱਜ ਭਰਾਵਾਂ ਦੀ ਸੁੱਖ ਮੰਗੀ ਅਤੇ ਲੰਮੀ ਉਮਰ ਤੇ ਖੁਸ਼ੀਆਂ ਖੇੜਿਆਂ ਦੀ ਦੁਆ ਕੀਤੀ। ਦੇਖਣ ’ਚ ਆਇਆ ਕਿ ਨਵੀਆਂ ਵਿਆਹੀਆਂ ਕੁੜੀਆਂ ਲਈ ਰੱਖੜੀ ਦਾ ਤਿਉਹਾਰ ਵਿਸ਼ੇਸ਼ ਖਿੱਚ ਵਾਲਾ ਰਿਹਾ ਜੋਕਿ ਸਮੇਂ ਤੇ ਸਾਧਨਾਂ ਅਨੁਸਾਰ ਆਪਣੇ ਪੇਕੇ ਪੁੱਜੀਆਂ। ਬਹੁਤੇ ਲੋਕ ਆਪਣੀਆਂ ਕਾਰਾਂ ਮੋਟਰਸਾਈਕਲਾਂ ਤੇ ਹੋਰ ਵਾਹਨਾਂ ’ਤੇ ਜਾਂਦੇ ਦਿਖਾਈ ਦਿੱਤੇ। ਐਤਵਾਰੀ ਲਾਕਡਾਉਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਲਵਾਈਆਂ ਨੂੰ ਕਾਰੋਬਾਰ ਕਰਨ ਦੀ ਇਜਾਜਤ ਦਿੱਤੀ ਹੋਈ ਸੀ ਜਿਸ ਕਰਕੇ ਮਠਿਆਈਆਂ ਦੀਆਂ ਦੁਕਾਨਾਂ ਤੇ ਰੌਣਕ ਰਹੀ। ਰੱਖੜੀ ਦੀਆਂ ਦੁਕਾਨਾਂ ਤੇ ਅੱਜ ਵੀ ਵਿੱਕਰੀ ਹੋਈ ਪਰ ਬੀਤੇ ਦੋ ਦਿਨਾਂ ਦੇ ਮੁਕਾਬਲੇ ਘੱਟ ਸੀ। ਦੁਕਾਨਦਾਰਾਂ ਨੇ ਸਪੈਸ਼ਲ ਅੱਡਿਆਂ ਤੇ ਭਾਂਤ ਭਾਂਤ ਦੀਆਂ ਰੱਖੜੀਆਂ ਸਜਾਈਆਂ ਹੋਈਆਂ ਸਨ। ਇਸ ਵਾਰ ਚੀਨ ਦੀਆਂ ਬਣੀਆਂ ਰੱਖੜੀਆਂ ਦਾ ਕਰੇਜ਼ ਬਿਲਕੁਲ ਗਾਇਬ ਰਿਹਾ।
ਬਠਿੰਡਾ ਦੁਕਾਨਦਾਰ ਗਗਨਦੀਪ ਸਿੰਗਲਾ ਦਾ ਕਹਿਣਾ ਸੀ ਕਿ ਚੀਨ ਵੱਲੋਂ ਸਰਹੱਦ ਤੇ ਹਮਲਾ ਕਰਕੇ ਭਰਤੀ ਫੌਜੀਆਂ ਦੀ ਹੱਤਿਆ ਕਰਨ ਕਾਰਨ ਲੋਕਾਂ ਨੇ ਇਸ ਵਾਰ ਚੀਨੀ ਰੱਖੜੀਆਂ ’ਚ ਦਿਲਚਸਪੀ ਨਹੀਂ ਦਿਖਾਈ ਹੈ। ਉਨਾਂ ਦੱਸਿਆ ਕਿ ਫੈਂਸੀ ਰੱਖੜੀ ਦੀ ਵਿੱਕਰੀ ਵੀ ਹੋਈ ਹੈ ਪਰ ਬੱਚਿਆਂ ਨੇ ਕਾਰਟੂਨਾਂ ਵਾਲੀ ਰੱਖੜੀ ਪਸੰਦ ਕੀਤੀ ਜਦੋਂਕਿ ਸਿਆਣੀ ਉਮਰ ਦੇ ਨੌਜਵਾਨਾਂ ’ਚ ਧਾਗਿਆਂ ਦਾ ਰੁਝਾਨ ਸਾਹਮਣੇ ਆਇਆ। ਉਂਜ ਮੁੰਡਿਆਂ ਦੀ ਚਾਹਤ ’ਚ ਕੁੜੀਆਂ ਦੀ ਗਿਣਤੀ ਨੂੰ ਲੱਗੇ ਖੋਰੇ ਕਾਰਨ ਦਰਜਨਾਂ ਭਰਾਵਾਂ ਦੇ ਸੁੰਨੇ ਗੁੱਟਾਂ ਨੂੰ ਰੱਖੜੀਆਂ ਦੀ ਉਡੀਕ ਬਣੀ ਰਹੀ। ਉਂਜ ਇਕੱਲੇ ਭਰਾਵਾਂ ਦੀ ਇਹ ਸੱਧਰ ਕਿਸੇ ਭੈਣ ਨੇ ਪੂਰੀ ਕਰ ਦਿੱਤੀ ਪਰ ਆਪਣੀ ਭੈਣ ਦੇ ਪਿਆਰ ਦਾ ਤਰਸੇਵਾਂ ਬਣਿਆ ਰਿਹਾ । ਸਮਾਜ ਸੇਵੀ ਬੀਰੂ ਬਾਂਸਲ ਦਾ ਕਹਿਣਾ ਸੀ ਕਿ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾ ਕੇ ਭਾਈ ਤੇ ਉਸ ਦੇ ਪ੍ਰੀਵਾਰ ਦੀ ਖੁਸ਼ਹਾਲੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੀ ਹੈ ਪਰ ਉਸ ਭਰਾ ਦੇ ਮਨ ਦੀ ਪੀੜਾ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਜਿਸ ਨੂੰ ਭੈਣ ਦਾ ਤਰਸੇਵਾਂ ਰਿਹਾ ਹੋਵੇ।
ਜੇਲ ਬੰਦੀਆਂ ਦੀਆਂ ਭੈਣਾਂ ਦੀ ਰੱਖੜੀ ਫਿੱਕੀ
ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਜੇਲਾਂ ਦੀਆਂ ਕੰਧਾਂ ਵੀ ਅੱਜ ਭੈਣਾਂ ਦੇ ਜਜ਼ਬਾਤਾਂ ਨੂੰ ਹਲੂਣਾ ਦੇਣ ਤੋਂ ਸੱਖਣੀਆਂ ਰਹੀਆਂ। ਪਤਾ ਲੱਗਿਆ ਹੈ ਕਿ ਪਿਛਲੇ ਵਰਿਆਂ ਦੀ ਤਰਾਂ ਅੱਜ ਬਹੁਤੀਆਂ ਭੈਣਾਂ ਭਰਾਵਾਂ ਨਾਲ ਮੁਲਾਕਾਤ ਕਰਨ ਤੋਂ ਵਾਂਝੀਆਂ ਰਹੀਆਂ। ਬਠਿੰਡਾ ਜੇਲ ’ਚ ਸਜਾ ਭੁਗਤ ਰਹੇ ਇੱਕ ਨੌਜਵਾਨ ਦੀ ਭੈਣ ਨੇ ਘਰ ਬੈਠਿਆਂ ਭਰਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਤੇ ਉਸ ਦੇ ਚੰਗਾ ਇਨਸਾਨ ਬਣਨ ਦੀ ਦੁਆ ਮੰਗੀ ਹੈ। ਉਨਾਂ ਆਖਿਆ ਕਿ ਉਮੀਦ ਹੈ ਕਿ ਉਹ ਅਗਲੀ ਰੱਖੜੀ ਘਰ ‘ਚ ਬੰਨੈਗੀ। ਔਰਤਾਂ ਨੇ ਇਹ ਅਰਜ਼ੋਈ ਕੀਤੀ ਕਿ ਕਿਸੇ ਭੈਣ ਨੂੰ ਜੇਲ ਦੀ ਡਿਊਢੀ ਵਿੱਚ ਰੱਖੜੀ ਬੰਨਣ ਨਾ ਆਉਣਾ ਪਵੇ ।
ਪੁਲਿਸ ਮੁਲਾਜਮਾਂ ਲਈ ਵੀ ਬੇਰੰਗ ਰਹੀ ਰੱਖੜੀ
ਅਹਿਮ ਡਿਊਟੀ ਤੇ ਤਾਇਨਾਤ ਪੁਲਿਸ ਦੀਆਂ ਮਹਿਲਾ ਮੁਲਾਜਮਾਂ ਲਈ ਵੀ ਰੱਖੜੀ ਦਾ ਤਿਉਹਾਰ ਫਿੱਕੇ ਜਿਹਾ ਹੀ ਰਿਹਾ ਹੈ। ਇੱਕ ਲੜਕੀ ਦਾ ਕਹਿਣਾ ਸੀ ਕਿ ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਹੈ ਅਤੇ ਉਹ ਰੱਖੜੀ ਬੰਨਣ ਨਹੀਂ ਜਾ ਸਕੀ। ਇਸੇ ਤਰਾਂ ਹੀ ਇੱਕ ਹੋਰ ਸਿਪਾਹੀ ਦਾ ਪ੍ਰਤੀਕਰਮ ਸੀ ਕਿ ਪਵਿੱਤਰ ਤਿਉਹਾਰ ਮੌਕੇ ਉਸ ਨੂੰ ਭਰਾ ਤੋਂ ਦੂਰ ਰਹਿਣਾ ਪਿਆ ਹੈ। ਏਦਾਂ ਹੀ ਇੱਕ ਲੜਕੀ ਦੀ ਰੀਝ ਸੀ ਕਿ ਉਹ ਆਪਣੇ ਪੇਕੇ ਘਰ ਖੁਦ ਜਾਕੇ ਭਰਾਵਾਂ ਨੂੰ ਰੱਖੜੀ ਬੰਨ ਕੇ ਆਵੇਗੀ ਪਰ ਡਿਊਟੀ ਦਾ ਪ੍ਰਛਾਵਾਂ ਉਸ ਦੇ ਮੇਚ ਨਹੀਂ ਬੈਠ ਸਕਿਆ ਹੈ।
ਧਾਗੇ ਬੰਨ ਕੇ ਡੰਗ ਟਪਾਇਆ
ਇਵੇਂ ਹੀ ਬਠਿੰਡਾ ’ਚ ਕਾਫੀ ਦੂਰ ਪੈਂਦੇ ਜਿਲਿਆਂ ਤੋਂ ਪੁਲਿਸ, ਕਮਾਂਡੋਜ਼ ਅਤੇ ਦੰਗਾ ਵਿਰੋਧੀ ਪੁਲਿਸ ਫੋਰਸ ਵੀ ਬਿਠਾਈ ਹੋਈ ਹੈ। ਬਹੁਤੇ ਪੁਲਿਸ ਮੁਲਾਜਮ ਤੇ ਅਧਿਕਾਰੀ ਹੈਡਕੁਆਟਰ ਤੇ ਰਹੇ ਹਨ ਜਿਸ ਕਰਕੇ ਉਨਾਂ ਰੱਖੜੀ ਦਾ ਤਿਉਹਾਰ ਭੈਣ ਵੱਲੋਂ ਭੇਜੇ ਧਾਗਿਆਂ ਨਾਲ ਹੀ ਮਨਾਇਆ ਹੈ । ਮੁਲਾਜਮਾਂ ਨੇ ਦੱਸਿਆ ਕਿ ਭੈਣ ਭਰਾਵਾਂ ਨੇ ਫੋਨ ਤੇ ਹੀ ਗੱਲ ਕਰਕੇ ਸਾਰ ਲਿਆ ਤੇ ਨਾਲ ਹੀ ਭੈਣਾਂ ਤੋਂ ਮੌਕੇ ਤੇ ਨਾਂ ਪੁੱਜ ਸਕਣ ਦੀ ਮੁਆਫੀ ਮੰਗੀ ਹੈ।
ਸੱਖਣੇ ਗੁੱਟ ਮਨਫੀ ਰਿਸ਼ਤਿਆਂ ਦੀ ਤਰਾਸਦੀ
ਸਿਦਕ ਫੋਰਮ ਦੇ ਪ੍ਰਧਾਨ ਸ਼ਹਿਰ ਦੇ ਸਮਾਜਸੇਵੀ ਆਗੂ ਤੇ ਬੇਟੀ ਬਚਾਓ ਮੰਚ ਦੇ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਭੈਣਾਂ ਤੋਂ ਬਗੈਰ ਇਕਲੌਤੇ ਭਰਾਵਾਂ ਦੇ ਰੱਖੜੀਆਂ ਤੋਂ ਸੱਖਣੇ ਗੁੱਟ ਮਾਸੀ, ਭੂਆ ਤੇ ਭੈਣ ਵਰਗੇ ਮਨਫੀ ਹੋ ਰਹੇ ਰਿਸ਼ਤਿਆਂ ਦੀ ਤ੍ਰਾਸਦੀ ਹਨ। ਉਹਨਾਂ ਆਖਿਆ ਕਿ ਜਿੰਨਾਂ ਚਿਰ ਲੋਕਾਂ ਦੀ ਵਿਚਾਰਧਾਰਾ ਖੁਸ਼ਹਾਲ ਨਹੀਂ ਹੁੰਦੀ ਉਨਾਂ ਚਿਰ ਲੜਕੀਆਂ ਨੂੰ ਮਾਨ ਸਨਮਾਨ ਦੇਣ ਦੇ ਦਾਅਵੇ ਖੋਖਲੇ ਹਨ। ਉਨਾਂ ਕਿਹਾ ਕਿ ਧੀਆਂ ਦੇ ਮਾਮਲੇ ’ਚ ਲੋਕਾਂ ਦੀ ਮਾਨਸਿਕਤਾ ਬਦਲਨ ਦੀ ਲੋੜ ਹੈ ਤਾਂ ਹੀ ਰੱਖੜੀ ਦਾ ਤਿਉਹਾਰ ਸਾਰਥਿਕ ਸਿੱਧ ਹੋ ਸਕੇਗਾ।