ਫੜ੍ਹੇ ਗਏ ਸਮਗਲਰਾਂ ਕੋਲੋਂ ਮਿਲੀ ਲਾਹਣ, ਨਜਾਇਜ਼ ਸ਼ਰਾਬ ਤੇ ਨਸ਼ੀਲੀਆਂ ਗੋਲੀਆਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 03 ਅਗਸਤ 2020: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਫ਼ਿਰ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਐਕਸਾਈਜ਼ ਤੇ ਐਨਡੀਪੀਐਸ ਐਕਟ ਤਹਿਤ ਦਰਜਨ ਦੇ ਕਰੀਬ ਮਾਮਲੇ ਦਰਜ ਕੀਤੇ ਹਨ, ਜਿੰਨ੍ਹਾਂ ਕੋਲੋਂ ਨਜਾਇਜ਼ ਸ਼ਰਾਬ, ਲਾਹਣ ਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਇਹ ਮਾਮਲੇ ਥਾਣਾ ਸਦਰ, ਥਾਣਾ ਸਿਟੀ, ਬਰੀਵਾਲਾ ਤੇ ਲੱਖੇਵਾਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ, ਜਿੰਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਬਾਕਸ
ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਤੇ ਲਾਹਣ ਸਮੇਤ 12 ਕਾਬੂ
-ਥਾਣਾ ਲੱਖੇਵਾਲੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਸਮਗਲਰਾਂ ਨੂੰ ਨਾਮਜ਼ਦ ਕੀਤਾ ਹੈ। ਤਫ਼ਤੀਸ਼ੀ ਅਧਿਕਾਰੀ ਛਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਜਦੋਂ ਪਿੰਡ ਤਾਮਕੋਟ ਦੇ ਵਾਸੀ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਰੇਡ ਕੀਤੀ ਤਾਂ ਉਥੇ ਘਰ ਵਿੱਚ ਚੱਲ ਰਹੀ ਸ਼ਰਾਬ ਦੀ ਭੱਠੀ, 250 ਲਿਟਰ ਲਾਹਣ ਤੇ ਸਵਾ 8 ਦੇ ਕਰੀਬ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਜਾਰੀ ਕਰ ਦਿੱਤੀ ਹੈ। ਦੂਜੇ ਮਾਮਲੇ ਵਿੱਚ ਗਸ਼ਤ ਦੌਰਾਨ ਪੁਲਿਸ ਟੀਮ ਨੇ ਪਿੰਡ ਸੰਮੇਵਾਲੀ ਦੇ ਮਲਕੀਤ ਸਿੰਘ ਪੁੱਤਰ ਬਚਨ ਸਿੰਘ ਦੇ ਘਰ ਰੇਡ ਕਰਕੇ
ਉਥੋਂ ਨਜਾਇਜ਼ ਸ਼ਰਾਬ ਦੀਆਂ ਸਵਾ 8 ਬੋਤਲਾਂ ਬਰਾਮਦ ਕੀਤੀਆਂ ਹਨ। ਕਥਿਤ ਦੋਸ਼ੀ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
-ਥਾਣਾ ਸਿਟੀ ਨੇ ਘਰ ਅੰਦਰ ਸ਼ਰਾਬ ਬਣਾਕੇ ਵੇਚਣ ਵਾਲੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ, ਜਿਸਦੇ ਘਰੋਂ ਮੌਕੇ 'ਤੇ 20 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਮਿਲੀਆਂ ਹਨ, ਜਦੋਂਕਿ ਸਮਗਲਰ ਫਰਾਰ ਹੋ ਗਿਆ ਹੈ। ਕਥਿਤ ਦੋਸ਼ੀ ਦੀ ਪਛਾਣ ਸੁਧੀਰ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਟਿੱਬੀ ਸਾਹਿਬ ਰੋਡ ਗਲੀ ਨੰਬਰ 6 ਵਜੋਂ ਹੋਈ ਹੈ, ਜਿਸਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ਵਿੱਚ ਕੋਟਲੀ ਰੋਡ ਦੇ ਰਹਿਣ ਵਾਲੇ ਤਰਸੇਮ ਕੁਮਾਰ ਉਰਫ਼ ਸ਼ੰਮੀ ਪੁੱਤਰ ਜਸ ਰਾਜ ਨੂੰ ਘਰ 'ਚ ਪਈਆਂ ਨਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਸਮੇਤ ਕਾਬੂ ਕੀਤਾ ਹੈ।
-ਥਾਣਾ ਸਦਰ ਪੁਲਿਸ ਨੇ ਨਜ਼ਾਇਜ਼ ਸ਼ਰਾਬ ਤਹਿਤ ਚਾਰ ਮਾਮਲੇ ਦਰਜ ਕੀਤੇ ਹਨ। ਇੰਨ੍ਹਾਂ ਮਾਮਲਿਆਂ ਵਿੱਚ ਤਿੰਨ ਸਮਗਲਰਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦੋਂਕਿ ਇੱਕ ਫਰਾਰ ਹੈ। ਉਕਤ ਸਾਰੇ ਕਥਿਤ ਦੋਸ਼ੀਆਂ ਪਾਸੋਂ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਤੇ ਲਾਹਣ ਮਿਲੀ ਹੈ, ਜਿੰਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫੜ੍ਹੇ ਗਏ ਸਮਗਲਰਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲੱਭੂ ਪੁੱਤਰ ਜਸਪਾਲ ਸਿੰਘ ਵਾਸੀ ਰੁਪਾਣਾ, ਸ਼ਮਿੰਦਰ ਸਿੰਘ ਉਰਫ਼ ਜੱਜ ਪੁੱਤਰ ਰਾਮ ਸਿੰਘ ਵਾਸੀ ਮੌੜ, ਇੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਜਗਤ ਸਿੰਘ ਵਾਲਾ ਤੇ ਫਰਾਰ ਹੋਏ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਜਗਤ ਸਿੰਘ ਵਾਲਾ ਵਜੋਂ ਕੀਤੀ ਗਈ ਹੈ।
-ਥਾਣਾ ਬਰੀਵਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਘਰ ਅੰਦਰ ਰੇਡ ਕਰਕੇ ਉਥੋਂ ਨਜਾਇਜ਼ ਸ਼ਰਾਬ ਦੀਆਂ ਸਵਾ 9 ਬੋਤਲਾਂ ਸਮੇਤ ਇੱਕ ਸਮਗਲਰ ਨੂੰ ਕਾਬੂ ਕੀਤਾ ਹੈ, ਜਿਸਦੀ ਪਛਾਣ ਸੁਖਪਾਲ ਸਿੰਘ ਉਰਫ਼ ਪਾਲੂ ਪੁੱਤਰ ਕਰਨੈਲ ਸਿੰਘ ਵਾਸੀ ਢਾਣੀ ਨੇੜੇ ਬਾਬਾ ਲੰਗਰ ਸਾਹਿਬ ਜੀ ਵਾੜ ਪਿੰਡ ਹਰੀਕੇਕਲਾਂ ਵਜੋਂ ਹੋਈ ਹੈ।
-ਥਾਣਾ ਸਿਟੀ ਪੁਲਿਸ ਨੇ ਦੋ ਮਾਮਲਿਆਂ ਵਿੱਚ ਕੁੱਲ 40 ਬੋਤਲਾਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਹੈ, ਜਿਸ ਵਿੱਚ ਫੜ੍ਹੇ ਗਏ ਦੋ ਸਮਗਲਰਾਂ ਵਿੱਚੋਂ ਇੱਕ ਔਰਤ ਹੈ। ਫੜ੍ਹੇ ਗਏ ਕਥਿਤ ਦੋਸ਼ੀ ਦੀ ਪਛਾਣ ਹੈਪੀ ਪੁੱਤਰ ਮਨੋਜ ਕੁਮਾਰ ਵਾਸੀ ਅਬੋਹਰ ਰੋਡ ਗਲੀ ਨੰਬਰ 7 ਅਤੇ ਕਥਿਤ ਦੋਸ਼ਣ ਦੀ ਪਛਾਣ ਮੀਨਾ ਵਾਸੀ ਬੂੜਾ ਗੁੱਜਰ ਰੋਡ ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਬਾਕਸ
ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ, ਦੋ ਕਾਬੂ
ਥਾਣਾ ਬਰੀਵਾਲਾ ਪੁਲਿਸ ਨੇ ਦੋ ਮੋਟਰਸਾਇਕਲ ਸਵਾਰਾਂ ਨੂੰ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਤਫ਼ਤੀਸ਼ੀ ਅਧਿਕਾਰੀ ਨਵਨੀਤ ਕੌਰ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਹਰੀਕੇ ਕਲਾਂ ਤੋਂ ਖ਼ਾਰਾ ਰੋਡ 'ਤੇ ਜਦੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਮੋਟਰਸਾਇਕਲ, ਜਿਸ 'ਤੇ ਦੋ ਨੌਜਵਾਨ ਸਵਾਰ ਸਨ, ਪੁਲਿਸ ਨੂੰ ਵੇਖਕੇ ਘਬਰਾ ਗਏ ਤੇ ਮੋਟਰਸਾਇਕਲ ਪਿੱਛੇ ਮੋੜਣ ਲੱਗੇ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕੀਤਾ, ਜਿੰਨ੍ਹਾਂ ਦੀ ਜਦੋਂ ਤਲਾਸੀ ਲਈ ਗਈ ਤਾਂ ਉਨ੍ਹਾਂ ਕੋਲੋਂ 10 ਪੱਤੇ ਟਰੰਮਾਡੋਲ ਹਾਈਡ੍ਰੋਕਲੋਰਾਇਡ, ਐਸਆਰ-100 ਤੇ 16 ਪੱਤੇ ਅਲਪ੍ਰਾਜੋਲਮ ਨਾਂਅ ਦੀਆਂ ਬਰਾਮਦ ਹੋਈਆਂ, ਜਿੰਨ੍ਹਾਂ ਖ਼ਿਲਾਫ਼ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵੇਂ ਸਮਗਲਰਾਂ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਤਿੱਤਰ ਸਿੰਘ ਅਤੇ ਕਮਲਦੀਪ ਸਿੰਘ ਪੁੱਤਰ ਕਰਮ ਚੰਦ ਵਾਸੀ ਹਰੀਕੇਕਲਾਂ ਵਜੋਂ ਹੋਈ ਹੈ।