ਹਰਿੰਦਰ ਨਿੱਕਾ
ਬਰਨਾਲਾ 03 ਅਗਸਤ 2020: ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੀ ਮੀਟਿੰਗ ਡਾ: ਦਰਸ਼ਨ ਪਾਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਤੇ 10 ਅਗਸਤ ਦੇ ਪ੍ਰੋਗਰਾਮ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ, ਸੁਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾਂ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਐਲਾਨੇ 9-10 ਅਗਸਤ ਦੇ ਦੇਸ਼ ਵਿਆਪੀ ਪ੍ਰੋਗਰਾਮ, ਜਿਸ ਦੇ ਮੁੱਖ ਨਾਅਰੇ 'ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਉ ਖੇਤੀ ਛੱਡੋ' ਅਤੇ ਦੂਸਰਾ ਨਾਅਰਾ 'ਕਾਰਪੋਰੇਟ ਭਜਾਉ-ਖੇਤੀ-ਕਿਸਾਨੀ ਬਚਾਉ' ਹੋਣਗੇ, ਕਿਉਂਕਿ 9 ਅਗਸਤ 1942 ਨੂੰ 'ਅੰਗਰੇਜੋ -ਭਾਰਤ ਛੱਡੋ' ਦੇ ਨਾਅਰੇ ਹੇਠ ਅੰਗਰੇਜ਼ਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਨੂੰ ਲਾਗੂ ਕਰਦੇ ਹੋਇਆਂ ਪੂਰੇ ਭਾਰਤ ਦੇ ਕਿਸਾਨਾਂ ਦਾ ਜੋ 9 ਮੰਗਾਂ ਦਾ ਚਾਰਟਰ ਬਣਾਇਆ ਗਿਆ ਹੈ ਨੂੰ ਪਹਿਲੇ ਕਦਮ ਦੇ ਤੌਰ 'ਤੇ ਇਕ ਚਿੱਠੀ ਦੇ ਰੂਪ ਵਿਚ, ਭਾਰਤ ਦੀਆਂ 250 ਤੋਂ ਉੱਪਰ ਕਿਸਾਨ ਜਥੇਬੰਦੀਆਂ ਵਾਂਗ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਚੁੱਕਿਆ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਬਾਰੇ ਉਹਨਾਂ ਦੱਸਿਆ ਕਿ 3 ਅਗਸਤ ਤੋਂ ਲੈਕੇ 9 ਅਗਸਤ ਤੱਕ ਇੱਕ ਹਫ਼ਤਾ ਪਿੰਡ ਪਿੰਡ 'ਚ ਰੈਲੀਆਂ, ਮੀਟਿੰਗਾਂ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕਦੇ ਹੋਇਆਂ, ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ ਜਿਸ ਦੌਰਾਨ 7/8 ਅਗਸਤ ਨੂੰ ਝੰਡਾ ਮਾਰਚ ਕੱਢੇ ਜਾਣਗੇ।
10 ਅਗਸਤ ਨੂੰ, ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜਥੇਬੰਦੀਆਂ, ਸਾਰੇ ਪੰਜਾਬ ਵਿਚ ਅਸੈਂਬਲੀ ਅਤੇ ਸੰਸਦ ਦੇ ਚੁਣੇ ਹੋਏ ਬੀ.ਜੇ.ਪੀ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਅਤੇ ਅਜਾਦ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫਤਰਾਂ ਜਾਂ ਘਰਾਂ/ਦਫ਼ਤਰਾਂ ਤੱਕ ਮੋਟਰਸਾਇਕਲਾ, ਕਾਰਾਂ, ਜੀਪਾਂ, ਸਕੂਟਰਾਂ ਅਤੇ ਸਕੂਟਰੀਆਂ 'ਤੇ ਸਵਾਰ ਹੋਕੇ ਰੋਸ ਮਾਰਚ ਕਰਨ ਉਪਰੰਤ, ਉਹਨਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਦਾ ਚਿੱਠਾ ਜੋ ਪਹਿਲਾਂ ਹੀ 9 ਸੂਤਰੀ ਮੰਗ ਪੱਤਰ ਜੋ ਪਹਿਲੋਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਰੂਪ ਵਿੱਚ ਭੇਜਿਆ ਜਾ ਚੁੱਕਾ ਹੈ, ਦੇ ਨਾਲ ਇੱਕ ਚਿਤਾਵਨੀ ਪੱਤਰ ਵੀ ਦੇਣਗੀਆਂ। ਇਸ ਪੱਤਰ ਰਾਹੀਂ ਉਹਨਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਤੁਸੀਂ ਨਾਲ ਨੱਥੀ ਕੀਤੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਸੜਕਾਂ 'ਤੇ ਸੰਘਰਸ਼ ਕਰਕੇ ਅਤੇ ਰੋਸ ਜਤਾਕੇ, ਕਿਸਾਨਾਂ ਅਤੇ ਖੇਤੀ ਵਿਰੋਧੀ ਤਿੰਨਾਂ ਆਰਡੀਨੈਸਾਂ ਅਤੇ ਬਿਜਲੀ ਬਿਲ-2020 ਵਾਪਸ ਕਰਾਉਣ ਲਈ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਲਈ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ ਲਈ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੋਂ ਮੁਕਤੀ ਦਿਵਾਉਣ ਲਈ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ 'ਤੇ ਨਿਰਭਰ ਕਿਸਾਨਾਂ ਅਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਮੰਨਵਾਉਣ ਲਈ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਵਿਚ ਉਹਨਾਂ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ,ਉਹਨਾਂ ਦਾ ਬਾਈਕਾਟ ਕਰਨ, ਕਾਲੇ ਝੰਡੇ ਦਿਖਾਉਣ ਜਾਂ ਕਿਸੇ ਵੀ ਹੋਰ ਰੂਪ 'ਚ ਹੋਣਾ ਪੈ ਸਕਦਾ ਹੈ।
ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਤੋਂ ਇਲਾਵਾ ਪਟਿਆਲੇ ਜਿਲ੍ਹੇ ਤੋਂ ਜਿਲ੍ਹਾ ਜਨਰਲ ਸਕੱਤਰ, ਗੁਰਮੀਤ ਸਿੰਘ ਦਿੱਤੂਪੁਰ, ਜਿਲ੍ਹਾ ਆਗੂ ਅਵਤਾਰ ਸਿੰਘ ਕੌਰਜੀਵਾਲਾ ਅਤੇ ਹਰਭਜਨ ਸਿੰਘ ਧੂਹੜ, ਫਿਰੋਜ਼ਪੁਰ ਤੋਂ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਫੌਜੀ, ਬਠਿੰਡਾ ਦੇ ਜਿਲ੍ਹਾ ਪ੍ਰਧਾਨ ਜੁਗਦੀਸ਼ ਸਿੰਘ ਗੁੰਮਟੀ ਕਲਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਢਪਾਲੀ, ਬਰਨਾਲਾ ਜਿਲ੍ਹੇ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ ਕਾਲ੍ਹਸਾਂ ਅਤੇ ਵਰਿੰਦਰ ਸਿੰਘ ਨਾਈਵਾਲਾ, ਮਾਨਸਾ ਜਿਲ੍ਹੇ ਦੇ ਜਨਰਲ ਸਕੱਤਰ ਭਜਨ ਸਿੰਘ ਘੁੰਮਣ ਕਲਾਂ ਅਤੇ ਜਿਲ੍ਹੇ ਦੇ ਸੀਨੀਅਰ ਆਗੂ ਮਾਸਟਰ ਦਰਸ਼ਨ ਸਿੰਘ ਟਾਹਲੀਆਂ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪ੍ਰਧਾਨ ਹਰਨੇਕ ਸਿੰਘ ਭੱਲ੍ਹਮਾਜਰਾ ਆਦਿ ਸ਼ਾਮਲ ਹੋਏ।