ਰੱਖੜੀ ਦੇ ਤਿਉਹਾਰ ਤੇ ਕੁੜੀਆਂ ਨੂੰ ਤੋਹਫਾ
ਅਸ਼ੋਕ ਵਰਮਾ
ਮਾਨਸਾ 03 ਅਗਸਤ 2020: ਰੱਖੜੀ ਦੇ ਤਿਉਹਾਰ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲੀ ਕਿਸ਼ਨਗੜ ਵੱਲੋ ਇਲਾਕੇ ਦੀਆਂ ਲੜਕੀਆਂ ਨੂੰ ਫੌਜ ’ਚ ਭਰਤੀ ਹੋਣ ਵਾਸਤੇ ਪ੍ਰੈਕਟਿਸ ਲਈ ਪਿੰਡ ਦੀ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਮੁਫਤ ਟਰੇਨਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇਂ ਵੱਖ ਵੱਖ ਪਿੰਡਾਂ ਦੀਆਂ ਕੁੜੀਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮੰਤਵ ਨਾਲ ਭਰਤੀ ਸਬੰਧੀ ਲੋੜੀਂਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਟਰੇਨਿੰਗ ਦੇ ਪਹਿਲੇ ਪੜਾਅ ਦੌਰਾਨ ਰਨਿੰਗ ਟਰੈਂਕ ਮੁਹੱਈਆ ਕਰਵਾਇਆ ਗਿਆ ਹੈ। ਸਕੂਲ ਦੇ ਪਿ੍ਰੰਸੀਪਲ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਡੀਪੀਈ ਸੁਦਰਸ਼ਨ ਕੁਮਾਰ ਰਾਜੂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਕੁਲਦੀਪ ਸਿੰਘ ਅਤੇ ਸਾਬਕਾ ਫੌਜੀ ਜਗਸੀਰ ਸਿੰਘ ਦੀ ਦੇਖ ਰੇਖ ਹੇਠ ਅੱਜ ਪਹਿਲੇ ਦਿਨ ਪਿੰਡ ਦੀਆਂ ਇੱਕ ਦਰਜਨ ਤੋਂ ਵੱਧ ਕੁੜੀਆਂ ਨੇ ਆਪਣੀ ਪ੍ਰੈਕਟਿਸ ਸੁਰੂ ਕੀਤੀ ਹੈ।
ਦੱਸਣਯੋਗ ਹੈ ਕਿ ਪਿੰਡ ਕਿਸ਼ਨਗੜ ਦੇ ਬੱਚਿਆਂ ਨੂੰ ਸਿਖਲਾਈ ਪੂਰਾ ਕਰਨ ਲਈ ਪਿੰਡ ਤੋਂ ਦੂਰ ਕਿਸੇ ਅਕੈਡਮੀ ਜਾਂ ਖੇਡ ਗਰਾਊਡਾਂ ਵਿੱਚ ਆਪਣੀ ਪ੍ਰੈਕਟਿਸ ਲਈ ਜਾਣਾ ਪੈਂਦਾ ਸੀ। ਖਾਸ ਕਰਕੇ ਕੁੜੀਆਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸਨ। ਸਕੂਲ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਫੌਜੀ ਜਗਸੀਰ ਸਿੰਘ ਅਤੇ ਡੀ ਪੀ ਈ ਸੁਦਰਸ਼ਨ ਕੁਮਾਰ ਵੱਲੋਂ ਬੱਚਿਆਂ ਨੂੰ ਸੇਧ ਦਿੱਤੀ ਜਾਵੇਗੀ। ਪ੍ਰੈਕਟਿਸ ਦਾ ਸਮਾਂ ਸਵੇਰੇ 5 ਤੋਂ 6 ਹੈ ਜਿਸ ਦੀ ਦੇਖ ਰੇਖ ਬੱਚਿਆਂ ਦੇ ਮਾਪਿਆਂ ਖੁਦ ਹੀ ਕਰਨਗੇ। ਇਸ ਸਬੰਧੀ ਬਕਾਇਦਾ ਰੂਪ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਕਰੋਨਾ ਦੇ ਮੱਦੇਨਜ਼ਰ ਸਾਰੇ ਨਿਯਮਾਂ ਦਾ ਧਿਆਨ ਰੱਖਕੇ ਟਰੇਨਿੰਗ ਦਿੱਤੀ ਜਾਵੇਗੀ।
ਸਕੂਲ ਦੇ ਲੈਕਚਰਾਰ ਸਰਦੂਲ ਸਿੰਘ, ਪਿੰਡ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ, ਦਰਬਾਰਾ ਸਿੰਘ, ਮਾਸਟਰ ਹਰਭਗਵਾਨ ਸਿੰਘ, ਸਕੂਲ ਕਮੇਟੀ ਮੈਂਬਰਾਂ ਗੁਰਮੇਲ ਸਿੰਘ, ਜਸਵੀਰ ਸਿੰਘ, ਡਾ:ਚਮਕੌਰ ਸਿੰਘ, ਮੱਖਣ ਖਾਨ ਨੇ ਹੋਰ ਸਹੂਲਤਾਂ ਦੇਣ ਲਈ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਇਸ ਨਿਵੇਕਲੀ ਪਿਰਤ ਨਾਲ ਪਿੰਡ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੇਗੀ ਅਤੇ ਪੰਜਾਬ ਦੇ ਹੋਰਨਾਂ ਪਿੰਡ ਸੇਧ ਹਾਸਲ ਕਰ ਸਕਣਗੇ। ਜਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਅਤੇ ਉੱਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਸਿੰਘ ਭਾਰਤੀ ਨੇ ਸਟਾਫ ਨੂੰ ਵਧਾਈ ਦਿੱਤੀ।