10 ਮਰੀਜ਼ ਹੋਏ ਸਿਹਤਯਾਬ,ਮਿਲੀ ਹਸਪਤਾਲ ਤੋਂ ਛੁੱਟੀ
ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀਆਂ ਦੀ ਪਾਲਣਾ ਕਰਨ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 3 ਅਗਸਤ - ਮਿਸ਼ਨ ਫਤਿਹ ਤਹਿਤ ਅੱਜ ਜ਼ਿਲਾ ਫਰੀਦਕੋਟ ਦੇ 10 ਹੋਰ ਕੋਰੋਨਾ ਮਰੀਜ਼ ਜੋ ਜੇਰੇ ਇਲਾਜ ਸਨ ਨੂੰ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ,ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ,ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲੇ ਵਿੱਚ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਜਾਗਰੂਕਤਾ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਦਾ ਪ੍ਰਕੋਪ ਫਿਰ ਵੀ ਜਾਰੀ ਹੈ।ਜਿਸ ਤੋਂ ਸੁਚੇਤ ਹੋਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਿੰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ 1 ਸਟਾਫ ਨਰਸ,ਕੋਟਕਪੂਰਾ ਦੇ ਸਿੱਖਾਂਵਾਲਾ ਰੋਡ ਪ੍ਰੇਮ ਨਗਰ ਦਾ 22 ਸਾਲਾ ਨੌਜਵਾਨ,ਗੁਪਤਾ ਸਟਰੀਟ ਦੇ ਪਹਿਲਾਂ ਆਏ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿੱਚ ਆਇਆ 16 ਸਾਲ ਦਾ ਲੜਕਾ,ਅਦਰਸ਼ ਨਗਰ ਕੋਟਕਪੂਰਾ ਦਾ ਹੀ 36 ਸਾਲਾ ਵਿਅਕਤੀ,ਗੋਬਿੰਦ ਇਸਟੇਟ ਦੀ ਰਹਿਣ ਵਾਲੀ 30 ਸਾਲਾ ਔਰਤ,ਪਿੰਡ ਲਾਲੇਆਣਾ ਦੀ 30 ਸਾਲਾ ਔਰਤ ਸ਼ਾਮਿਲ ਹੈ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 15750 ਸੈਂਪਲ ਲਏ ਗਏ ਹਨ। ਜਿੰਨਾਂ ਵਿੱਚੋਂ 14966 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ,268 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ,ਇਸ ਮੌਕੇ ਜ਼ਿਲਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ,ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਅੰਦਰ ਕੋਰੋਨਾ ਦੇ ਕੁੱਲ ਕੇਸ 317 ਹੋ ਗਏ ਹਨ, ਜਦ ਕੇ ਐਕਟਿਵ ਕੇਸ 58 ਹੋ ਗਏ ਹਨ।ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਦੇ ਲੱਛਣ,ਬਚਾਅ ਅਤੇ ਸਾਵਧਾਨੀਆਂ ਸਬੰਧੀ ਅਨਊਂਸਮੈਂਟ ਕਰਵਾਈ ਜਾ ਰਹੀ ਹੈ ਅਤੇ ਜਨਤਕਲ ਸਥਾਨਾਂ ਤੇ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਵੀ ਕੀਤੀ ਜਾ ਰਹੀ ਹੈ,ਜ਼ਿਲੇ ਵਿਚ ਫਲੂ ਕਾਰਨਰ ਫਰੀਦਕੋਟ, ਕੋਟਕਪੂਰਾ,ਜੈਤੋ, ਬਾਜਾਖਾਨਾ,ਸਾਦਿਕ ਵਿਖੇ ਚੱਲ ਰਹੇ ਹਨ। ਕੋਈ ਵੀ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ। ਉਨਾਂ ਮਿਸ਼ਨ ਫਤਿਹ ਨਾਲ ਜੁੜਕੇ ਯੋਗਦਾਨ ਪਾਉਣ ਲਈ ਕੋਵਾ ਪੰਜਾਬ ਐਪ ਡਾਉਨਲੋਡ ਕਰਨ ਅਤੇ ਐਪ ਤੋਂ ਸਹੀ ਜਾਣਕਾਰੀ-ਅੰਕੜੇ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।
ਕੋਰੋਨਾ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ।ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਜਿੰਦਰ ਕੁਮਾਰ।