ਅਸ਼ੋਕ ਵਰਮਾ
ਬਠਿੰੰਡਾ, 03 ਅਗਸਤ 2020: ਕੁੱਲ ਹਿੰਦ ਕਿਸਾਨ ਸੰਘਰਸ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ‘ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਭਾਰਤ ਛੱਡੋ ਅੰਦੋਲਨ ਦੀ ਵਰੇ ਗੰਢ 9 ਅਗਸਤ ਨੂੰ ਦੇਸ਼ ਵਿਆਪੀ ਪ੍ਰੋਗਰਾਮ, ਜਿਸ ਦਾ ਮੁੱਖ ਨਾਅਰਾ ‘ਦੇਸੀ ਵਿਦੇਸੀ ਕਾਰਪੋਰੇਟ ਘਰਾਣਿਉ ਖੇਤੀ ਛੱਡੋ‘ ਹੋਵੇਗਾ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਕਿਉਂਕਿ 9 ਅਗਸਤ 1942 ਨੂੰ ‘ਅੰਗਰੇਜੋ -ਭਾਰਤ ਛੱਡੋ‘ ਦੇ ਨਾਅਰੇ ਹੇਠ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਦਾ ਦਿਨ ਮਨਾਉਣ ਲਈ ਪੂਰੇ ਭਾਰਤ ਵਿਚ 9 ਮੰਗਾਂ ਦਾ ਚਾਰਟਰ ਬਣਾਇਆ ਗਿਆ ਹੈ ਜਿਸ ਨੂੰ ਇਕ ਚਿੱਠੀ ਦੇ ਰੂਪ ਵਿਚ ਕੁੱਲ ਹਿੰਦ ਸੰਘਰਸ਼ ਕਮੇਟੀ ‘ਚ ਸ਼ਾਮਲ 250 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਰਿਹਾ ਹੈ । ਉਨਾਂ ਦੱਸਿਆ ਕਿ 9 ਅਗਸਤ ਨੂੰ ਸਾਰੇ ਭਾਰਤ ਵਿਚ ਧਰਨੇ, ਮੁਜਾਹਰੇ, ਰੋਸ ਮਾਰਚ, ਰੈਲੀਆਂ ਆਦਿ ਪ੍ਰੋਗਰਾਮ ਕੀਤੇ ਜਾਣਗੇ।
ਉਹਨਾਂ ਦੱਸਿਆ ਕਿ ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜਥੇਬੰਦੀਆਂ, 10 ਅਗਸਤ ਨੂੰ ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਵਿਧਾਇਕਾਂ, ਸੰਸਦ ਮੈਂਬਰਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫਤਰਾਂ ਜਾਂ ਘਰਾਂ ਵੱਲ ਰੋਸ ਮਾਰਚ ਕਰਨ ਉਪਰੰਤ ਉਹਨਾਂ ਨੂੰ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਸਬੰਧੀ ਇੱਕ ਚਿਤਾਵਨੀ ਪੱਤਰ ਦੇਣਗੇ। ਇਸ ਪੱਤਰ ‘ਚ ਚਿਤਾਵਨੀ ਜਾਵੇਗੀ ਕਿ ਜੇਕਰ ਪੰਜਾਬ ਦੇ ਚੁਣੇ ਨੁਮਾਇੰਦਿਆਂ ਨੇ, ਖੇਤੀ ਵਿਰੋਧੀ ਆਰਡੀਨੈਸਾਂ , ਬਿਜਲੀ ਬਿੱਲ-2020 ਵਾਪਸ ਲੈਣ ਅਤੇ ਤੇਲ ਕੀਮਤਾਂ ਆਦਿ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਮੋਦੀ ਸਰਕਾਰ ਨੂੰ ਮਜਬੂਰ ਨਾਂ ਕੀਤਾ ਤਾਂ ਉਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ।
ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਤੇ ਸੂਬਾ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਇ , ਭਾਰਤੀ ਕਿਸਾਨ ਯੂਨੀਅਨ, (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੰਨੇਰ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ: ਦਰਸਨ ਪਾਲ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਤੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਧਰਮਗੜ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਤੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ ਅਤੇ ਜੈ ਕਿਸਾਨ ਅੰਦੋਲਨ ਪੰਜਾਬ ਦੇ ਪ੍ਰਧਾਨ ਗੁਰਬਖਸ ਸਿੰਘ ਬਰਨਾਲਾ ਆਦਿ ਸ਼ਾਮਲ ਹੋਏ।