ਵੈਬੀਨਾਰ ਵਿੱਚ ਜਿਲ੍ਹਾ ਰੂਪਨਗਰ ਦੇ ਦੋ ਉਦਯੋਗਾਂ ਆਈ.ਪੀ.ਐੱਫ ਵਿਕਰਮ ਅਤੇ ਭਾਖੜਾ ਹੁੰਡਾਈ ਦੇ ਮਾਹਰ ਨੌਜਵਾਨਾਂ ਦੇ ਰੂਬਰੂ ਹੋਣਗੇ
ਹਰੀਸ਼ ਕਾਲੜਾ
ਰੂਪਨਗਰ, 03 ਅਗਸਤ 2020 : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆ ਹੀ ਬੇ-ਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ । ਇਸੇ ਕੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ 4 ਅਗਸਤ ਦਿਨ ਮੰਗਲਵਾਰ ਨੂੰ ਸ਼ਾਮੀ 7 ਵਜੇ ਇੱਕ ਆਨਲਾਇਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹੇ ਦੇ 2 ਪ੍ਰਮੁੱਖ ਉਦਯੋਗਾਂ ਦੇ ਮਾਹਰ ਨੌਜਵਾਨਾਂ ਦੇ ਸਨਮੁੱਖ ਹੋ ਕੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਕੇ ਰੁਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਉਣਗੇ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ- ਸੀ.ਈ.ਓ ਡੀ.ਬੀ.ਈ.ਈ, ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 4 ਅਗਸਤ ਦਿਨ ਮੰਗਲਵਾਰ ਨੂੰ ਸ਼ਾਮ 7:00 ਵਜੇ ਜੂਮ ਐਪ ਰਾਹੀ ਆਨਲਾਇਨ ਲਿੰਕ : https://tinyurl.com/jobinforpr ਤੇ ਇਹ ਵੈਬੀਨਾਰ ਕਰਵਾਇਆ ਜਾਵੇਗਾ। ਇਸ ਵੈਬੀਨਾਰ ਵਿੱਚ ਜਿਲ੍ਹਾ ਰੂਪਨਗਰ ਦੇ ਦੋ ਉਦਯੋਗਾਂ ਆਈ.ਪੀ.ਐੱਫ ਵਿਕਰਮ ਅਤੇ ਭਾਖੜਾ ਹੁੰਡਾਈ ਦੇ ਮਾਹਰ ਨੌਜਵਾਨਾਂ ਦੇ ਰੂਬਰੂ ਹੋਣਗੇ ਅਤੇ ਆਪਣੇ ਉੱਤਮ ਵਿਚਾਰ ਸਾਂਝੇ ਕਰਨਗੇ। ਇਸ ਦੌਰਾਨ ਨੌਜਵਾਨਾਂ ਨੂੰ ਇਨ੍ਹਾਂ ਕੰਪਨੀਆਂ ਵਿੱਚ ਲੋੜੀਂਦੇ ਕੁਸ਼ਲ ਅਤੇ ਅਕੁਸ਼ਲ ਕਿਰਤੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਇਹ ਨੌਕਰੀਆਂ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਹੁਨਰ ਅਤੇ ਸਿਖਲਾਈ ਦੀ ਜ਼ਰੂਰਤ ਹੈ। ਕਰੋਨਾ ਮਹਾਂਮਾਰੀ ਤੋਂ ਬਚਾਅ ਦੇ ਚੱਲਦੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਆਨ ਲਾਈਨ ਵੈਬੀਨਾਰ ਨੌਜਵਾਨਾਂ ਲਈ ਬਹੁਤ ਸਹਾਈ ਸਿੱਧ ਹੋਣਗੇ।
ਰਵਿੰਦਰ ਪਾਲ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਅਜਿਹੇ ਵੈਬੀਨਾਰਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕਿਆਂ ਸਬੰਧੀ ਜਾਣਕਾਰੀ ਮਿਲਦੀ ਰਹੇਗੀ ਅਤੇ ਉਹ ਆਪਣੇ ਹੁਨਰ ਦੀ ਪਛਾਣ ਕਰਦੇ ਹੋਏ, ਢੁਕਵਾਂ ਕਿੱਤਾ ਅਪਣਾ ਕੇ ਇੱਕ ਵਧੀਆ ਭਵਿੱਖ ਦੀ ਸਿਰਜਣਾ ਕਰ ਸਕਦੇ ਹਨ।