ਅਧਿਆਪਕ ਲਹਿਰਾਉਣਗੇ ਕੱਲ੍ਹ ਨੂੰ ਘਰਾਂ ਦੀਆਂ ਛੱਤਾਂ ਤੇ ਕਾਲੇ ਝੰਡੇ
ਫਿਰੋਜ਼ਪੁਰ 03 ਅਗਸਤ 2020 : ਪੰਜਾਬ ਤੇ ਕੇਂਦਰ ਸਰਕਾਰ ਦੀਆਂ ਜਨਤਕ ਸਿੱਖਿਆ ਅਤੇ ਅਧਿਆਪਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਅਤੇ ਲੰਬੇ ਸਮੇਂ ਤੋਂ ਲਟਕਦੇ ਅਧਿਆਪਕ ਮਸਲੇ ਹੱਲ ਨਾ ਕਰਨ ਦੇ ਵਿਰੋਧ ਵਿੱਚ ਸੂਬੇ ਭਰ ਦੇ ਅਧਿਆਪਕ ਪਰਿਵਾਰਾਂ ਸਮੇਤ ਘਰਾਂ ਅੱਗੇ ਅਧਿਆਪਕ ਮੰਗਾਂ ਦੇ ਪੋਸਟਰ ਲਗਾ ਕੇ ਅਤੇ ਛੱਤਾਂ ਤੇ ਕਾਲੇ ਝੰਡੇ ਲਹਿਰਾ ਕੇ ਰੋਹ ਭਰਪੂਰ ਆਵਾਜ਼ ਬੁਲੰਦ ਕਰਦਿਆਂ 5 ਅਗਸਤ ਨੂੰ ਵੰਗਾਰ ਦਿਵਸ ਵਜੋਂ ਮਨਾਉਣਗੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਸਹਾਇਕ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਭੁੱਟੋ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਆੜ ਵਿੱਚ ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਹੁਣ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਸਰਕਾਰ ਆਪਣੀ ਕਬਰ ਪੁੱਟ ਰਹੀ ਹੈ। ਪਟਿਆਲਾ ਸੰਘਰਸ਼ ਸਮੇਂ ਮੰਤਰੀ ਸਮੂਹ ਨਾਲ ਹੋਏ ਸਮਝੌਤਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਸੰਘਰਸ਼ਸ਼ੀਲ ਆਗੂਆਂ ਦੀ ਜੁਬਾਨਬੰਦੀ ਅਤੇ ਕਲਮਬੰਦੀ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਝੂਠੀ ਮਨਘੜਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ।ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸ ਰੱਦ ਨਹੀਂ ਕੀਤੇ ਜਾ ਰਹੇ। ਆਗੂਆਂ ਨੇ ਦੱਸਿਆਂ ਕਿ ਲੰਬੇ ਸਮੇਂ ਤੋਂ ਲਟਕਦੀਆਂ ਹੋਰ ਮੰਗਾਂ ਜਿਵੇਂ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕ / ਮੁਲਾਜ਼ਮਾਂ ਪੱਕੇ ਕੀਤੇ ਜਾਣ। ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ। ਵਿਭਾਗ ਵਿੱਚ ਸਮਾਪਤ ਕੀਤੀਆਂ ਹਜਾਰਾਂ ਪੋਸਟਾਂ ਬਹਾਲ ਕੀਤੀਆ ਜਾਣ। ਨਵੀਂ ਭਰਤੀ ਅਧੀਨ ਅਧਿਆਪਕਾਂ, ਮੁਲਾਜ਼ਮਾਂ ਲਈ ਲਾਗੂ ਕੀਤੇ ਜਾ ਰਹੇ ਕੇਂਦਰੀ ਤਨਖਾਹ ਸਕੇਲਾਂ ਨੂੰ ਰੱਦ ਕੀਤੇ ਜਾਣ। ਡੀ ਏ ਦੀਆਂ ਬਕਾਇਆ ਕਿਸ਼ਤਾ ਅਤੇ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਅਧਿਆਪਕਾਂ ਦੇ ਮੋਬਾਇਲ ਭੱਤੇ ਵਿੱਚ ਕੀਤੀ ਕਟੌਤੀ ਵਾਪਸ ਕਰਵਾਉਣ, ਬਦਲੀ ਨੀਤੀ ਵਿੱਚ ਸਟੇਅ ਦੀ ਸ਼ਰਤ (3582 ਕੈਟਾਗਿਰੀ ਅਤੇ ਹੋਰ ਅਧਿਆਪਕਾਂ ਲਈ), ਆਪਸੀ ਬਦਲੀ ਲਈ ਅੰਕਾਂ ਦੀ ਸ਼ਰਤ ਅਤੇ ਬਦਲੀ ਲਾਗੂ ਕਰਨ ਸਮੇਂ 50% ਸਟਾਫ ਦੀ ਸ਼ਰਤ ਖਤਮ ਕਰਵਾਉਣ ਅਤੇ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ, ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਕੀਤੇ ਜਾ ਰਹੇ ਕੇਂਦਰੀਕਰਨ ਅਤੇ ਨਿੱਜੀਕਰਨ ਨੂੰ ਬੰਦ ਕੀਤਾ ਜਾਵੇ, ਸਿੱਖਿਆ’ਤੇ ਸਟੇਟ ਜੀ.ਡੀ.ਪੀ. ਦਾ 6% ਖਰਚ ਅਤੇ ਪੰਜਾਬ ਵਿੱਚ ਕਾਮਨ ਸਕੂਲ ਸਿਸਟਮ ਲਾਗੂ ਕਰਵਾਉਣ ਲਈ ਅਤੇ ਅਲਾਹਾਬਾਦ ਹਾਈਕੋਰਟ ਦਾ ਫੈਸਲਾ ਲਾਗੂ ਕਰਵਾਉਣ, ਸਿੱਖਿਆ ਵਿਭਾਗ ਦੇ ਨਿੱਜੀ ਕੰਪਨੀਆਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਨੂੰ ਸਮੇਤ ਸਟਾਫ ਸਿੱਖਿਆ ਵਿਭਾਗ ਵਿੱਚ ਮਰਜ਼ ਕਰਵਾਉਣ, ਪ੍ਰਾਇਮਰੀ ਜਮਾਤਾਂ ਲਈ ਜਮਾਤਵਾਰ ਅਤੇ ਅਪਰ-ਪ੍ਰਾਇਮਰੀ ਲਈ ਵਿਸ਼ਾਵਾਰ ਅਧਿਆਪਕ ਨਿਯੁਕਤ ਕਰਵਾਉਣ, ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਮਿਡ-ਡੇ-ਮੀਲ, ਵਰਦੀਆਂ, ਅਧਿਆਪਕ ਅਤੇ ਹੈਲਪਰ ਦਾ ਪ੍ਰਬੰਧ ਕਰਨ ਕਰਵਾਉਣ ਲਈ ਜਥੇਬੰਦੀ ਲਗਾਤਾਰ ਸੰਘਰਸ਼ ਕਰ ਰਹੀ ਹੈ।