ਸਮੂਹ ਜੇਲ੍ਹਾਂ ਦੇ ਬਾਹਰ ਕੋਵਿਡ ਨੇਮਾਂ ਦੀ ਪਾਲਣਾ ਕਰਦੇ ਹੋਏ ਰੱਖੜੀਆਂ ਦੇ ਪੈਕੇਟ ਪ੍ਰਾਪਤ ਕੀਤੇ ਗਏ
ਜੇਲ੍ਹ ਮੰਤਰੀ ਵੱਲੋਂ ਸਮੂਹ ਜੇਲ੍ਹ ਸਟਾਫ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, 03 ਅਗਸਤ 2020: ਜੇਲ੍ਹ ਵਿਭਾਗ ਦੀ ਨਿਵੇਕਲੀ ਪਹਿਲ ਸਦਕਾ ਅੱਜ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਕੋਵਿਡ-19 ਦੇ ਚੱਲਦਿਆਂ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਮੋਹ ਦੀਆਂ ਤੰਦਾਂ ਦੇ ਸੁਮੇਲ ਨੂੰ ਯਕੀਨੀ ਬਣਾਉਂਦਿਆਂ ਇਸ ਮਹਾਂਮਾਰੀ ਕਾਰਨ ਬਣਾਏ ਨੇਮਾਂ ਨੂੰ ਵੀ ਤਿੜਕਣ ਨਹੀਂ ਦਿੱਤਾ।
ਕੋਰੋਨਾ ਕਾਰਨ ਭਾਵੇਂ ਰੱਖੜੀ ਦੇ ਤਿਉਹਾਰ ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਹਮੋ-ਸਾਹਮਣੇ ਮਿਲਣ ਦੇ ਇਜਾਜ਼ਤ ਨਹੀਂ ਸੀ ਪਰ ਵਿਭਾਗ ਦੀ ਪਹਿਲ ਸਦਕਾ ਸਮੂਹ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਭੇਜੀਆਂ ਰੱਖੜੀਆਂ ਦੇ ਪੈਕੇਟ ਤੁਰੰਤ ਪਹੁੰਚਾਏ ਗਏ ਅਤੇ ਇਹ ਤਿਉਹਾਰ ਸੁਚੱਜੇ ਢੰਗ ਨਾਲ ਮਨਾਇਆ ਗਿਆ।
ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਦੇ ਇਸ ਉਦਮ ਦੀ ਸਫਲਤਾ ਉਤੇ ਸਮੂਹ ਜੇਲ੍ਹ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੱਤੀ ਗਈ ਜਿਨ੍ਹਾਂ ਸਦਕਾ ਕੋਵਿਡ ਬੰਦਿਸ਼ਾਂ ਦੇ ਬਾਵਜੂਦ ਕੈਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਤਿਉਹਾਰ ਨੂੰ ਮਨਾਉਣ ਦੇ ਕਾਬਲ ਹੋ ਸਕੇ। ਇਸ ਦੇ ਨਾਲ ਹੀ ਕੋਵਿਡ ਦੇ ਇਹਤਿਆਤਾਂ ਦਾ ਪੂਰੀ ਤਰ੍ਹਾਂ ਪਾਲਣ ਵੀ ਕੀਤਾ ਗਿਆ।
ਏ.ਡੀ.ਜੀ.ਪੀ. ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਅੱਗੇ ਦੱਸਿਆ ਕਿ ਜੇਲ੍ਹ ਸੁਪਰਡੈਂਟਾਂ ਨੂੰ ਪਹਿਲਾਂ ਹੀ ਜਾਰੀ ਕੀਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਵਜੇ ਤੋਂ ਹੀ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੇਟਾਂ ਦੇ ਬਾਹਰ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦੇ ਨਾਲ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮਾਸਕ ਪਹਿਨਣੇ ਯਕੀਨੀ ਬਣਾਉਣ ਤੇ ਸਮਾਜਿਕ ਵਿੱਥ ਦਾ ਵੀ ਖਿਆਲ ਰੱਖਿਆ ਗਿਆ। ਰੱਖੜੀ ਦੇ ਪੈਕੇਟਾਂ ਨੂੰ ਸੈਨੇਟਾਈਜ਼ ਅਤੇ ਚੈਕਿੰਗ ਤੋਂ ਬਾਅਦ ਪੈਕਿੰਗ ਕਰਕੇ ਅੰਦਰ ਕੈਦੀਆਂ ਕੋਲ ਤੁਰੰਤ ਭੇਜਿਆ ਗਿਆ। ਜੇਲ੍ਹ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਪੈਕੇਟ ਲਿਫਾਫਿਆਂ ਤੋਂ ਇਲਾਵਾ ਮੂੰਹ ਮਿੱਠਾ ਕਰਵਾਉਣ ਲਈ ਮਿਸ਼ਰੀ ਦਾ ਵੀ ਪ੍ਰਬੰਧ ਕੀਤਾ ਗਿਆ ਕਿਉਂਕਿ ਮਠਿਆਈ ਲਿਆਉਣ ਉਤੇ ਪਾਬੰਦੀ ਲਗਾਈ ਹੋਈ ਸੀ।