ਚਾਰੋ ਮੰਤਰੀ ਦੱਸਣ ਕਿ ਪਟਿਆਲਾ ਵਿਚ ਨਜਾਇਜ਼ ਡਿਸਟੀਲਰੀ ਦੇ ਪਿਛੇ ਦੋ ਵਿਧਾਇਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ
ਚਾਰੇ ਮੰਤਰੇ ਇਹ ਵੀ ਦੱਸਣ ਕਿ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਦੇ ਦਾਅਵੇ ਮੁਤਾਬਕ ਨਕਲੀ ਸ਼ਰਾਬ ਵੰਡਣ ਦੇ ਦੋਸ਼ੀ ਚਾਰ ਕਾਂਗਰਸੀ ਵਿਧਾਇਕਾਂ ਖਿਲਾਫ ਕੋਈ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ
ਚੰਡੀਗੜ, 03 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵਿਚ ਇਸ ਗੱਲੋਂ ਹਫੜਾ ਦਫੜੀ ਮਚ ਗਈ ਹੈ ਕਿ ਨਕਲੀ ਸ਼ਰਾਬ ਤ੍ਰਾਸਦੀ ਮਾਮਲੇ ਦੀਆਂ ਜੜ•ਾਂ ਮੁੱਖ ਮੰਤਰੀ ਦਫਤਰ ਤੱਕ ਜਾਂਦੀਆਂ ਹਨ ਤੇ ਇਸੇ ਲਈ ਕਾਂਗਰਸ ਪਾਰਟੀ ਤੇ ਇਸਦੇ ਵਿਧਾਇਕਾਂ ਦੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਚਾਪਲੂਸ ਮੰਤਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚਾਰ ਵੱਖ ਵੱਖ ਮੰਤਰੀਆਂ ਦੇ ਨਾਂ 'ਤੇ ਜਾਰੀ ਕੀਤੇ ਬਿਆਨਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੁਰਾਣੀਆਂ ਗੱਲਾਂ ਨੂੰ ਤੋਤੇ ਵਾਂਗ ਬੋਲਣ ਨੇ ਸੰਕੇਤ ਦੇ ਦਿੱਤਾ ਹੈ ਕਿ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਇਸ ਗੱਲੋਂ ਘਬਰਾ ਗਈ ਹੈ ਕਿ ਜੇਕਰ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀ ਬੀ ਆਈ ਨੇ ਨਿਰਪੱਖ ਜਾਂਚ ਕਰ ਲਈ ਤਾਂ ਫਿਰ ਉਹ ਫਸ ਜਾਣਗੇ। ਇਸੇ ਲਈ ਕਾਂਗਰਸੀ ਵਿਧਾਇਕਾਂ ਤੇ ਕਾਂਗਰਸ ਪਾਰਟੀ ਨਾਲ ਜੁੜੇ ਡਿਸਟੀਲਰੀ ਮਾਲਕਾਂ ਜੋ ਤਕਰੀਬਨ 150 ਲੋਕਾਂ ਦੇ ਕਤਲ ਦੇ ਜ਼ਿੰਮੇਵਾਰ ਹਨ, ਨੂੰ ਫੜਨ ਦੀ ਥਾਂ ਚਾਰਾਂ ਮੰਤਰੀਆਂ ਦੀਆਂ ਸੇਵਾਵਾਂ ਲੈ ਕੇ ਇਕ ਝੂਠਾ, ਆਧਾਰਹੀਣ ਤੇ ਸਿਆਸਤ ਤੋਂ ਪ੍ਰੇਰਤ ਹਮਲਾ ਸ਼੍ਰੋਮਣੀ ਅਕਾਲੀ ਦਲ 'ਤੇ ਕੀਤਾ ਗਿਆ ਹੈ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਉਦੋਂ ਤੱਕ ਟਿਕ ਕੇ ਨਹੀਂ ਬੈਠੇਗਾ ਜਦੋਂ ਤੱਕ ਸੂਬੇ ਦੇ ਇਤਿਹਾਸ ਵਿਚ ਨਕਲੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤ੍ਰਾਸਦੀ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲ ਜਾਂਦਾ। ਉਹਨਾਂ ਕਿਹਾ ਕਿ ਨੁਕਸਾਨ ਨੂੰ ਬਚਾਉਣ ਲਈ ਕੋਈ ਵੀ ਯਤਨ ਭਾਵੇਂ ਉਹ ਸਾਰੀ ਵਜ਼ਾਰਤ ਵੱਲੋਂ ਹੋਵੇ, ਉਹਨਾਂ ਕਾਂਗਰਸੀਆਂ ਨੂੰ ਨਹੀਂ ਬਚਾ ਸਕਦਾ ਜੋ ਜ਼ਹਿਰੀਲੀ ਸ਼ਰਾਬ ਸਪਲਾਈ ਕਰ ਕੇ ਮਾਸੂਮ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਸਨ। ਉਹਨਾਂ ਕਿਹਾ ਕਿ ਸਰਕਾਰ ਪੰਜਾਬੀਆਂ ਸਿਰ ਮੜ•ੀ ਇਸ ਮਨੁੱਖ ਵੱਲੋਂ ਸਹੇੜੀ ਤ੍ਰਾਸਦੀ ਬਾਰੇ ਦਲੇਰੀ ਵਿਖਾ ਕੇ ਆਪਣੇ ਗੁਨਾਹਾਂ ਵਿਚ ਹੋਰ ਵਾਧਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਇਹ ਆਸ ਕਰਦੇ ਹਨ ਕਿ ਮੰਤਰੀ ਮੁੱਖ ਮੰਤਰੀ ਕੋਲ ਜਾਣਗੇ ਤੇ ਇਸ ਦੁਖਾਂਤ ਦੇ ਵੱਡੇ ਪ੍ਰਭਾਵ ਦੀ ਜਾਣਕਾਰੀ ਦੇਣਗੇ ਪਰ ਇਸਦੀ ਥਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਇਹਨਾਂ ਮੰਤਰੀਆਂ ਨੇ ਸ਼ਰਮ ਲਾਹ ਕੇ ਇਸ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਸੰਕੇਤ ਮਿਲੇ ਹਨ ਕਿ ਉਹ ਇਸ ਮਾਮਲੇ ਨੂੰ ਛੇਤੀ ਦਬਾਉਣਾ ਚਾਹੁੰਦੇ ਹਨ ਕਿਉਂਕਿ ਉਹਨਾਂ ਦਾ ਵੀ ਇਸ ਵਿਚ ਹਿੱਸਾ ਹੈ।
ਅਕਾਲੀ ਆਗੂ ਨੇ ਚਾਰਾਂ ਮੰਤਰੀਆਂ, ਜਿਹਨਾਂ ਨੇ ਕਤਲਾਂ ਨੂੰ ਸਹੀ ਠਹਿਰਾਉਣ ਦਾ ਯਤਨ ਕੀਤਾ, ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕਾਂਗਰਸ ਸਰਕਾਰ ਨੇ ਪਟਿਆਲਾ ਜ਼ਿਲ•ੇ ਵਿਚ ਰਾਜਪੁਰਾ ਵਿਖੇ ਫੜੀ ਗਈ ਨਜਾਇਜ਼ ਡਿਸਟੀਲਰੀ ਦੇ ਮਾਮਲੇ ਵਿਚ ਦੋ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਵਿਧਾਇਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਫਿਰ ਇਹ 150 ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਸਰਕਾਰ ਹਾਲੇ ਵੀ ਕੇਸ ਦੀਆਂ ਫਾਈਲਾਂ ਐਨਫੋਰਸਮੈਂਟ ਡਾਇਰੈਕਟੋਰੈਟ (ਈ ਡੀ) ਨੂੰ ਨਾ ਦੇ ਕੇ ਵਿਧਾਇਕਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ।
ਉਹਨਾਂ ਨੇ ਚਾਰਾਂ ਮੰਤਰੀਆਂ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਮਾਝਾ ਇਲਾਕੇ ਦੇ ਉਹਨਾਂ ਚਾਰ ਵਿਧਾਇਕਾਂ ਨੂੰ ਬਚਾਉਣ ਦਾ ਯਤਨ ਕਿਉਂ ਕਰ ਰਹੇ ਹਨ ਜਿਹਨਾਂ 'ਤੇ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੇ ਨਕਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਮੰਤਰੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਦੋਂ ਸਾਬਕਾ ਮੁੱਖ ਸਕੱਤਰ ਨੇ ਮੰਤਰੀਆਂ 'ਤੇ ਆਬਕਾਰੀ ਵਿਭਾਗ ਦੇ ਘਾਟੇ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ ਤਾਂ ਉਹਨਾਂ ਨੇ ਉਹਨਾਂ ਖਿਲਾਫ ਦੂਸ਼ਣਬਾਜ਼ੀ ਕਿਉਂ ਕੀਤੀ ਤੇ ਬਾਅਦ ਵਿਚ ਉਸ ਨਾਲ ਸਮਝੌਤਾ ਕਿਉਂ ਕਰ ਲਿਆ। ਉਹਨਾਂ ਕਿਹਾ ਕਿ ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਤੁਸੀਂ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਆ ਘਾਟੇ ਅਤੇ 150 ਮੌਤਾਂ ਲਈ ਜ਼ਿੰਮੇਵਾਰ ਹੋ ਕਿਉਂਕਿ ਇਹ ਮੰਤਰੀ ਵੀ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਸਪੀਰਿਟ ਦੀ ਵਿਕਰੀ ਦੇ ਕੰਮ ਵਿਚ ਲੱਗੇ ਹੋਏ ਕਾਂਗਰਸੀਆਂ ਤੇ ਡਿਸਟੀਲਰੀਆਂ ਦੇ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ।
ਡਾ. ਚੀਮਾ ਨੇ ਕਾਂਗਰਸੀ ਮੰਤਰੀਆਂ ਨੂੰ ਕਿਹਾ ਕਿ ਉਹ ਗਲਤ ਦੂਸ਼ਣਬਾਜ਼ੀ ਕਰ ਕੇ ਨਕਲੀ ਸ਼ਰਾਬ ਤ੍ਰਾਸਦੀ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਨਾ ਕਰਨ। ਉਹਨਾਂ ਕਿਹਾ ਕਿ ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਹਾਲੇ ਤੱਕ ਨਕਲੀ ਸ਼ਰਾਬ ਦੀ ਵਿਕਰੀ ਨਾਲ ਮਿਲੇ ਪੈਸੇ ਕਿਉਂ ਬਰਾਮਦ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਝੂਠੇ ਅਤੇ ਸ਼ਰਾਰਤ ਭਰੇ ਪ੍ਰੈਸ ਬਿਆਨ ਜਾਰੀ ਕਰ ਕੇ ਤੁਸੀਂ ਆਪਣੇ ਪਾਪ ਨਹੀਂ ਧੋ ਸਕਦੇ, ਤੁਹਾਡੇ ਹੱਥ ਮਾਸੂਮ ਤੇ ਨਿਰਦੋਸ਼ ਪੀੜਤਾਂ ਦੇ ਖੂਨ ਨਾਲ ਰੰਗੇ ਹੋਏ ਹਨ।
ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਪੀੜਤਾਂ ਨੂੰ ਇਨਸਾਫ ਮਿਲੇ ਕਿਉਂਕਿ ਤੁਸੀਂ ਮਨੁੱਖਤਾ ਖਿਲਾਫ ਇਸ ਘਿਨੌਣੇ ਅਪਰਾਧ ਦੇ ਗੁਨਾਹਗਾਰਾਂ ਨੂੰ ਬਚਾਉਣ ਦਾ ਯਤਨ ਕਰ ਸਕਦੇ ਹੋ।