ਲੁਧਿਆਣਾ 03 ਅਗਸਤ 2020: ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਲੇਖਕ ਤੇ ਚਿੰਤਕ ਪ੍ਰੋਫੈਸਰ ਰਕੇਸ਼ ਰਮਨ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਡਾ. ਸ. ਪ. ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਰਾਕੇਸ਼ ਰਮਨ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ ਵਿਭਿੰਨ ਵਿਧਾਵਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਨੇ ਚਾਰ ਕਾਵਿ ਸੰਗ੍ਰਹਿ, ਦੋ ਆਲੋਚਨਾਤਮਕ ਪੁਸਤਕਾਂ, ਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਨਾਲ ਮਿਲ ਕੇ ਸਾਹਿਤ ਦੇ ਵਿਭਿੰਨ ਵਿਸ਼ਿਆਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਲੇਖ ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ ਤੇ ਨਵਾਂ ਜ਼ਮਾਨਾ ਅਖਬਾਰਾਂ ਵਿੱਚ ਅਕਸਰ ਹੀ ਛਪਦੇ ਰਹਿੰਦੇ ਸਨ। ਪ੍ਰੋ: ਰਮਨ ਗੌਰਮਿੰਟ ਸਾਇੰਸ ਕਾਲਿਜ ਜਗਰਾਉਂ ਤੇ ਗੌਰਮਿੰਟ ਕਾਲਿਜ ਢੁਡੀਕੇ ਵਿੱਚ ਲੰਮੇ ਅਧਿਆਪਨ ਕਾਰਜ ਉਪਰੰਤ ਕੁਝ ਸਮਾਂ ਪਹਿਲਾਂ ਹੀ ਸੇਵਾ ਮੁਕਤ ਹੋਏ ਸਨ।
ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਕਿਹਾ ਕਿ ਪ੍ਰੋਫੈਸਰ ਰਕੇਸ਼ ਰਮਨ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਸਭੀਆਚਾਰ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬੀ ਵਿਭਾਗ ਦੇ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਪ੍ਰੋਫੈਸਰ ਰਕੇਸ਼ ਰਮਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸ਼ੋਕ ਸਭਾ ਵਿੱਚ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਐਨ.ਆਈ. ਐਮ.ਟੀ., ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋਫ਼ੈਸਰ ਸ਼ਰਨਜੀਤ ਕੌਰ ਡਾ. ਹਰਪ੍ਰੀਤ ਸਿੰਘ ਦੂਆ ਅਤੇ ਡਾ. ਤਜਿੰਦਰ ਕੌਰ ਸ਼ਾਮਲ ਹੋਏ।