ਅਸ਼ੋਕ ਵਰਮਾ
ਮਾਨਸਾ 03 ਅਗਸਤ 2020: ਬਾਰਵੀਂ ਕਲਾਸ ਦੀ ਪ੍ਰੀਖਿਆ ਚੋਂ 449/450 ਅੰਕ ਹਾਸਲ ਕਰਕੇ ਪੰਜਾਬ ਭਰ ਚੋਂ ਨਾਮਣਾ ਖੱਟਣ ਵਾਲੀ ਮੁਹਾਲੀ ਜ਼ਿਲੇ ਦੇ ਸਰਕਾਰੀ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੀ ਪੂਨਮ ਨੇ ਅਪਣੇ ਪੰਜਵੀਂ ਚ ਪੜਦੇ ਨਿੱਕੇ ਵੀਰ ਤੇ ਰੱਖੜੀ ਬੰਨਦਿਆਂ ਵਾਅਦਾ ਕੀਤਾ ਕਿ ਉਹ ਧੀ ਬਣਕੇ ਹੀ ਪਰਿਵਾਰ ਦੇ ਦੁੱਖਾਂ ਦੀ ਬੇੜੀ ਨੂੰ ਪਾਰ ਲਾਵੇਗੀ।ਪਿਤਾ ਦਾ ਸਾਇਆ ਦੋ ਸਾਲ ਪਹਿਲਾ ਉਠ ਗਿਆ, ਚਾਰ ਧੀਆਂ ਅਤੇ ਪੁੱਤਰ ਦੀ ਸਾਰੀ ਪੜਾਈ ਦਾ ਬੋਝ ਦਿਹਾੜੀਦਾਰ ਮਾਂ ਤੇ ਆ ਗਿਆ, ਇਕੱਲੀ ਮਾਂ ਬੋਝ ਕਿਵੇਂ ਸਹਾਰਦੀ, ਬਾਰਵੀਂ ਚ ਪੜਦੀ ਧੀ ਨੂੰ ਅਪਣੀ ਪੜਾਈ ਦੀ ਬਲੀ ਦੇਣੀ ਪਈ,ਉਹ ਬਾਰਾਂ ਜਮਾਤਾਂ ਪੜਕੇ ਅਧੂਰੇ ਸੁਪਨੇ ਲੈ ਕਿਸੇ ਪ੍ਰਾਈਵੇਟ ਨੌਕਰੀ ਕਰਨ ਲਈ ਮਜਬੂਰ ਹੋਈ ,ਪਰ ਹੁਣ ਪੂਨਮ ਨੇ ਪਰਿਵਾਰ ਦੇ ਭਵਿੱਖ ਦੀ ਆਸ ਜਗਾਈ ਹੈ,ਔਖਾਂ ਦੇ ਬਾਵਜੂਦ ਉਹ ਨੰਬਰਾਂ ਦੇ ਸਿਖਰ ਤੇ ਪਹੁੰਚ ਗਈ,ਹੁਣ ਉਹ ਗਰੇਜੂਏਸ਼ਨ ਕਰਕੇ ਉਹ ਕਾਨੂੰਨ ਦੀ ਪੜਾਈ ਕਰਨਾ ਚਾਹੁੰਦੀ ਹੈ,ਪਰ ਚਿੰਤਾ ਵਾਲੀ ਗੱਲ ਹੈ ਕਿ ਵਕੀਲ ਬਣਕੇ ਲੋਕਾਂ ਨੂੰ ਇਨਸਾਫ ਦੇਣ ਤੋਂ ਪਹਿਲਾ ਕੀ ਉਸ ਦੀ ਮਿਹਨਤ ਨੂੰ ਇਨਸਾਫ਼ ਮਿਲੂ,ਇਹ ਸਵਾਲੀਆਂ ਚਿੰਨ ਬੇਸ਼ੱਕ ਲਟਕ ਰਿਹਾ,ਪਰ ਉਹ ਰੱਖੜੀ ਦਿਨ ਦੇ ਸੰਕਲਪ ਨੂੰ ਉਹ ਪੂਰਾ ਕਰਨ ਲਈ ਦਿ੍ਰੜ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ 2018 ਵਿੱਚ ਜਦੋਂ ਪੂਨਮ ਦੇ ਪਿਤਾ ਗੁਰਮੇਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਘਰ ਦਾ ਕਮਾਊ ਜੀਅ ਜਦੋਂ ਵਿਛੜਿਆਂ ਤਾਂ ਸਾਰੀ ਜ਼ਿੰਮੇਵਾਰ ਮਾਂ ਦੇ ਮੋਢਿਆਂ ਤੇ ਆ ਗਈ। ਉਸ ਨੇ ਧੀਆਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਕੋਈ ਕਸਰ ਨਹੀਂ ਛੱਡੀ, ਉਸ ਦੀ ਵੱਡੀ ਧੀ ਰਾਜਵਿੰਦਰ ਡੇਰਾਬੱਸੀ ਦੇ ਸਰਕਾਰੀ ਕਾਲਜ ਵਿਖੇ ਬੀ ਏ ਭਾਗ ਫਾਇਨਲ ਦੀ ਵਿਦਿਆਰਥਣ ਹੈ,ਦੂਸਰੀ ਧੀ ਨੂੰ ਮਜਬੂਰਨ ਬਾਰਾਂ ਕਲਾਸਾਂ ਕਰਕੇ ਪ੍ਰਾਈਵੇਟ ਨੌਕਰੀ ਕਰਨੀ ਪਈ,ਤੀਸਰੀ ਧੀ ਦਸਵੀਂ ਜਮਾਤ ਵਿੱਚ ਰਾਮਪੁਰ ਸੈਣੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀ ਪੜ ਰਹੀ ਹੈ,ਚੌਥਾ ਪੁੱਤਰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੇ ਪਿ੍ਰੰਸੀਪਲ ਨਵਜੋਤ ਕੌਰ ਦਾ ਕਹਿਣਾ ਹੈ ਕਿ ਉਨਾਂ ਦੀ ਹੋਣਹਾਰ ਵਿਦਿਆਰਥਣ ਪੂਨਮ ਨੇ ਜਿਥੇਂ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ ਹੈ,ਉਥੇਂ ਮਾਂ ਦੀ ਔਖਾਂ ਵਾਲੀ ਕਿਰਤ ਕਮਾਈ ਦਾ ਵੀ ਮੁੱਲ ਮੋੜਿਆ ਹੈ। ਪਿ੍ਰੰਸੀਪਲ ਮੈਡਮ ਦਾ ਕਹਿਣਾ ਸੀ ਕਿ ਉਹ ਪੜਾਈ ਦੇ ਨਾਲ ਖੇਡਾਂ, ਨਾਟਕ,ਕੁਇਜ਼ ਅਤੇ ਹੋਰ ਸਕੂਲ ਸਰਗਰਮੀਆਂ ਚ ਵੀ ਮੋਹਰੀ ਰੋਲ ਅਦਾ ਕਰਦੀ।